ਚੋਣ ਕਮਿਸ਼ਨ ਨੇ ਉਪ ਰਾਸ਼ਟਰਪਤੀ ਦੀ ਚੋਣ ਲਈ ਕਮਰ ਕੱਸੀ
ਚੋਣ ਕਮਿਸ਼ਨ ਨੇ ਜਗਦੀਪ ਧਨਖੜ ਵੱਲੋਂ ਅਚਾਨਕ ਅਸਤੀਫ਼ਾ ਦੇਣ ਦੇ ਦੋ ਦਿਨਾਂ ਮਗਰੋਂ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਉਪ ਰਾਸ਼ਟਰਪਤੀ ਅਹੁਦੇ ਲਈ ਚੋਣ ਕਰਾਉਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਕਮਿਸ਼ਨ ਨੇ ਕਿਹਾ ਕਿ ਉਸ ਨੇ ਸੰਸਦ ਦੇ ਦੋਵਾਂ ਸਦਨਾਂ ਦੇ ਚੋਣ ਮੰਡਲ ਦਾ ਗਠਨ ਸ਼ੁਰੂ ਕਰ ਦਿੱਤਾ ਹੈ। ਚੁਣੇ ਹੋਏ ਨੁਮਾਇੰਦੇ ਅਤੇ ਨਾਮਜ਼ਦ ਮੈਂਬਰ ਉਪ ਰਾਸ਼ਟਰਪਤੀ ਚੋਣ ’ਚ ਵੋਟਿੰਗ ਦੇ ਯੋਗ ਹਨ। ਕਮਿਸ਼ਨ ਨੇ ਕਿਹਾ ਕਿ ਉਹ ਰਿਟਰਨਿੰਗ ਅਫ਼ਸਰ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇ ਰਿਹਾ ਹੈ। ਚੋਣ ਕਮਿਸ਼ਨ ਨੇ ਕਿਹਾ, ‘‘ਤਿਆਰੀਆਂ ਮੁਕੰਮਲ ਹੋਣ ਮਗਰੋਂ ਛੇਤੀ ਤੋਂ ਛੇਤੀ ਉਪ ਰਾਸ਼ਟਰਪਤੀ ਅਹੁਦੇ ਦੀ ਚੋਣ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਜਾਵੇਗਾ।’’ ਜਗਦੀਪ ਧਨਖੜ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦਿਆਂ ਸੋਮਵਾਰ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਦਾ ਕਾਰਜਕਾਲ 10 ਅਗਸਤ, 2027 ਨੂੰ ਖ਼ਤਮ ਹੋਣਾ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਮੰਗਲਵਾਰ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਧਨਖੜ ਦੇ ਅਸਤੀਫ਼ੇ ਸਬੰਧੀ ਰਸਮੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਸੰਵਿਧਾਨ ਦੀ ਧਾਰਾ 68 ਦੀ ਉਪ ਧਾਰਾ 2 ਮੁਤਾਬਕ ਉਪ ਰਾਸ਼ਟਰਪਤੀ ਦੇ ਦੇਹਾਂਤ, ਅਸਤੀਫ਼ੇ ਜਾਂ ਅਹੁਦੇ ਤੋਂ ਹਟਾਏ ਜਾਣ ਮਗਰੋਂ ਫੌਰੀ ਚੋਣ ਕਰਾਉਣੀ ਹੁੰਦੀ ਹੈ। ਨਵਾਂ ਉਪ ਰਾਸ਼ਟਰਪਤੀ ਅਹੁਦਾ ਸੰਭਾਲਣ ਦੀ ਤਰੀਕ ਤੋਂ ਪੰਜ ਸਾਲ ਦੀ ਮਿਆਦ ਪੂਰੀ ਹੋਣ ਤੱਕ ਅਹੁਦੇ ’ਤੇ ਬਣੇ ਰਹਿਣ ਦੇ ਯੋਗ ਹੋਵੇਗਾ। ਉਪ ਰਾਸ਼ਟਰਪਤੀ ਅਹੁਦੇ ਦੀ ਚੋਣ ’ਚ ਹੁਕਮਰਾਨ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਨੂੰ ਸਪੱਸ਼ਟ ਬਹੁਮਤ ਹਾਸਲ ਹੈ। -ਪੀਟੀਆਈ
ਧਨਖੜ ਨੇ ਅਸਤੀਫ਼ੇ ਦੇ ਐਲਾਨ ਤੋਂ ਪਹਿਲਾਂ ਰਾਸ਼ਟਰਪਤੀ ਨਾਲ ਕੀਤੀ ਸੀ ਮੁਲਾਕਾਤ
ਨਵੀਂ ਦਿੱਲੀ: ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ (74) ਨੇ ਅਸਤੀਫ਼ਾ ਦੇਣ ਤੋਂ ਪਹਿਲਾਂ ਸੋਮਵਾਰ ਨੂੰ ਰਾਸ਼ਟਰਪਤੀ ਭਵਨ ਦਾ ਅਚਾਨਕ ਦੌਰਾ ਕੀਤਾ ਸੀ। ਸਰਕਾਰੀ ਸੂਤਰਾਂ ਨੇ ਕਿਹਾ ਕਿ ਧਨਖੜ ਨੇ ਸੋਮਵਾਰ ਰਾਤ 9 ਵਜੇ ਦੇ ਕਰੀਬ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕਰਕੇ ਆਪਣਾ ਅਸਤੀਫ਼ਾ ਸੌਂਪਿਆ ਸੀ। ਇਸ ਦੇ ਅੱਧੇ ਘੰਟੇ ਬਾਅਦ ਉਨ੍ਹਾਂ ਆਪਣਾ ਅਸਤੀਫ਼ਾ ‘ਐਕਸ’ ’ਤੇ ਜਨਤਕ ਕੀਤਾ ਸੀ। ਧਨਖੜ ਨੇ ਆਪਣੇ ਅਸਤੀਫ਼ੇ ’ਚ ਕਿਹਾ ਹੈ ਕਿ ਉਹ ਡਾਕਟਰਾਂ ਦੀ ਸਲਾਹ ਅਤੇ ਸਿਹਤ ਨੂੰ ਤਰਜੀਹ ਦਿੰਦਿਆਂ ਅਹੁਦੇ ਤੋਂ ਫੌਰੀ ਅਸਤੀਫ਼ਾ ਦੇ ਰਹੇ ਹਨ। ਉਨ੍ਹਾਂ ਅਗਸਤ 2022 ’ਚ ਅਹੁਦਾ ਸੰਭਾਲਿਆ ਸੀ ਅਤੇ ਉਨ੍ਹਾਂ ਦਾ ਪੰਜ ਸਾਲ ਦਾ ਕਾਰਜਕਾਲ ਅਗਸਤ 2027 ’ਚ ਖ਼ਤਮ ਹੋਣਾ ਸੀ। -ਪੀਟੀਆਈ