ਚੋਣ ਕਮਿਸ਼ਨ ਵੱਲੋਂ ਅਜੇ ਕੁਮਾਰ ਸਿੰਘ ਝਾਰਖੰਡ ਦੇ ਨਵੇਂ ਡੀਜੀਪੀ ਨਿਯੁਕਤ
Breaking: ਕਮਿਸ਼ਨ ਨੇ ਸੂਬੇ ਦੇ ਕਾਰਜਕਾਰੀ ਪੁਲੀਸ ਮੁਖੀ ਅਨੁਰਾਗ ਗੁਪਤਾ ਨੂੰ ਪਹਿਲਾਂ ਹੀ ਅਹੁਦੇ ਤੋਂ ਹਟਾ ਦਿੱਤਾ ਸੀ
ਨਵੀਂ ਦਿੱਲੀ/ਰਾਂਚੀ, 21 ਅਕਤੂਬਰ
New DGP of Jharkhand: ਚੋਣ ਕਮਿਸ਼ਨ ਨੇ ਸੋਮਵਾਰ ਨੂੰ ਝਾਰਖੰਡ ਕੇਡਰ ਦੇ ਸਭ ਤੋਂ ਸੀਨੀਅਰ ਆਈਪੀਐੱਸ ਅਧਿਕਾਰੀ ਅਜੇ ਕੁਮਾਰ ਸਿੰਘ (IPS officer Ajay Kumar Singh) ਨੂੰ ਸੂਬੇ ਦਾ ਪੁਲੀਸ ਮੁਖੀ ਨਿਯੁਕਤ ਕੀਤਾ ਹੈ। ਗ਼ੌਰਤਲਬ ਹੈ ਕਿ ਸੂਬੇ ਵਿਚ 13 ਅਤੇ 20 ਨਵੰਬਰ ਨੂੰ ਦੋ ਗੇੜਾਂ ਵਿਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ।
ਇਹ ਜਾਣਕਾਰੀ ਸੂਤਰਾਂ ਨੇ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਝਾਰਖੰਡ ਦੇ ਕਾਰਜਕਾਰੀ ਪੁਲੀਸ ਮੁਖੀ ਅਨੁਰਾਗ ਗੁਪਤਾ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ। ਅਜੇ ਕੁਮਾਰ ਸਿੰਘ ਦੀ ਚੋਣ ਇਸ ਮਕਸਦ ਲਈ ਝਾਰਖੰਡ ਸਰਕਾਰ ਵੱਲੋਂ ਭੇਜੇ ਗਏ ਤਿੰਨ ਆਈਪੀਐੱਸ ਅਧਿਕਾਰੀਆਂ ਦੇ ਪੈਨਲ ਵਿਚੋਂ ਕੀਤੀ ਗਈ ਹੈ। ਉਹ 1989 ਬੈਚ ਦੇ ਆਈਪੀਐੱਸ ਅਧਿਕਾਰੀ ਹਨ।
ਚੋਣ ਕਮਿਸ਼ਨ ਨੇ ਬੀਤੇ ਸ਼ਨਿੱਚਰਵਾਰ ਨੂੰ ਝਾਰਖੰਡ ਦੇ ਕਾਰਜਕਾਰੀ ਡੀਜੀਪੀ ਅਨੁਰਾਗ ਗੁਪਤਾ ਨੂੰ ਪਿਛਲੀਆਂ ਚੋਣਾਂ ਵਿਚ ਚੋਣ-ਸਬੰਧਤ ਗ਼ਲਤ ਵਿਹਾਰ ਦੇ ‘ਇਤਿਹਾਸ’ ਦੇ ਹਵਾਲੇ ਨਾਲ ਅਹੁਦੇ ਤੋਂ ਹਟਾ ਦਿੱਤਾ ਸੀ। ਗੁਪਤਾ 1990 ਬੈਚ ਦੇ ਆਈਪੀਐੱਸ ਅਧਿਕਾਰੀ ਹਨ, ਜਿਨ੍ਹਾਂ ਨੂੰ ਬੀਤੀ 26 ਜੁਲਾਈ ਨੂੰ ਅਜੇ ਕੁਮਾਰ ਸਿੰਘ ਨੂੰ ਹੀ ਹਟਾ ਕੇ ਕਾਰਜਕਾਰੀ ਡੀਜੀਪੀ ਬਣਾਇਆ ਗਿਆ ਸੀ।
ਅਜੇ ਕੁਮਾਰ ਸਿੰਘ ਨੂੰ ਨੀਰਜ ਸਿਨਹਾ ਦੀ ਸੇਵਾ-ਮੁਕਤੀ ਤੋਂ ਬਾਅਦ ਫਰਵਰੀ 2023 ਵਿਚ ਸੂਬੇ ਦੇ ਡੀਜੀਪੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। -ਪੀਟੀਆਈ