DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੀਂਹ ਕਾਰਨ ਹਿਮਾਚਲ ’ਚ ਅੱਠ ਹਜ਼ਾਰ ਕਰੋੜ ਦਾ ਨੁਕਸਾਨ: ਸੁੱਖੂ

ਕੇਂਦਰ ਸਰਕਾਰ ਤੋਂ ਦੋ ਹਜ਼ਾਰ ਕਰੋੜ ਰੁਪਏ ਦੀ ਅੰਤਰਿਮ ਰਾਹਤ ਰਾਸ਼ੀ ਮੰਗੀ; ਸੂਬੇ ’ਚ ਫਸੇ 70 ਹਜ਼ਾਰ ਸੈਲਾਨੀ ਸੁਰੱਖਿਅਤ ਥਾਵਾਂ ’ਤੇ ਪਹੁੰਚਾਏ
  • fb
  • twitter
  • whatsapp
  • whatsapp
featured-img featured-img
ਧਰਮਪੁਰ ਨੇਡ਼ੇ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ ਨੁਕਸਾਨਿਆ ਸ਼ਿਮਲਾ-ਕਾਲਕਾ ਕੌਮੀ ਮਾਰਗ। -ਫੋਟੋ: ਪੀਟੀਆੲੀ
Advertisement

ਸ਼ਿਮਲਾ, 15 ਜੁਲਾਈ

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਕਿਹਾ ਕਿ ਭਾਰੀ ਮੀਂਹ ਕਾਰਨ ਸੂਬੇ ਨੂੰ ਤਕਰੀਬਨ ਅੱਠ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਢਿੱਗਾਂ ਖਿਸਕਣ ਤੇ ਹੜ੍ਹਾਂ ਕਾਰਨ ਸੂਬੇ ਦੀਆਂ ਸੜਕਾਂ ਤੇ ਬੁਨਿਆਦੀ ਢਾਂਚੇ ਦਾ ਵੱਡਾ ਨੁਕਸਾਨ ਹੋਇਆ ਹੈ। ਸੂਬੇ ਦੇ ਐਮਰਜੈਂਸੀ ਪ੍ਰਤੀਕਿਰਿਆ ਕੇਂਦਰ ਅਨੁਸਾਰ ਲੰਘੀ ਰਾਤ ਤੱਕ ਇਹ ਨੁਕਸਾਨ ਲਗਪਗ ਚਾਰ ਹਜ਼ਾਰ ਕਰੋੜ ਰੁਪਏ ਦਾ ਸੀ ਤੇ ਸੁੱਖੂ ਨੇ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਦੋ ਹਜ਼ਾਰ ਕਰੋੜ ਰੁਪਏ ਦੀ ਅੰਤਰਿਮ ਰਾਹਤ ਰਾਸ਼ੀ ਮੰਗੀ ਹੈ।

Advertisement

ਸੁੱਖੂ ਨੇ ਇੱਥੇ ਜਾਰੀ ਇੱਕ ਬਿਆਨ ’ਚ ਕਿਹਾ ਕਿ ਸੂਬੇ ’ਚ ਫਸੇ ਤਕਰੀਬਨ 70 ਹਜ਼ਾਰ ਸੈਲਾਨੀ ਸੁਰੱਖਿਅਤ ਥਾਵਾਂ ’ਤੇ ਪਹੁੰਚਾਏ ਗਏ ਹਨ ਜਦਕਿ 15 ਹਜ਼ਾਰ ਵਾਹਨ ਬਾਹਰ ਭੇਜੇ ਗਏ ਹਨ। ਕੁੱਲੂ ਜ਼ਿਲ੍ਹੇ ਦੇ ਕਸੋਲ, ਮਨੀਕਰਨ ਤੇ ਨੇੜਲੇ ਹੋਰ ਇਲਾਕਿਆਂ ’ਚ ਫਸੇ ਕੁਝ ਸੈਲਾਨੀਆਂ ਨੇ ਆਪਣੇ ਵਾਹਨਾਂ ਬਿਨਾਂ ਇੱਥੋਂ ਜਾਣ ਤੋਂ ਇਨਕਾਰ ਕਰਦਿਆਂ ਹਾਲਾਤ ਸੁਧਰਨ ਤੇ ਸਾਰੀਆਂ ਸੜਕਾਂ ਖੁੱਲ੍ਹਣ ਤੱਕ ਇੱਥੇ ਹੀ ਰੁਕਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਫ਼ਤ ਪ੍ਰਭਾਵਿਤ 80 ਫੀਸਦ ਇਲਾਕੇ ’ਚ ਬਿਜਲੀ, ਪਾਣੀ ਤੇ ਦੂਰਸੰਚਾਰ ਸੇਵਾਵਾਂ ਆਰਜ਼ੀ ਤੌਰ ’ਤੇ ਬਹਾਲ ਕਰ ਦਿੱਤੀਆਂ ਗਈਆਂ ਹਨ ਤੇ ਬਾਕੀ ਇਲਾਕਿਆਂ ’ਚ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਸੇਵਾ 899 ਮਾਰਗਾਂ ’ਤੇ ਬੰਦ ਹਨ ਤੇ 256 ਬੱਸਾਂ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ ਹੈ। -ਪੀਟੀਆਈ

ਸੂਬਾ ਸਰਕਾਰ ਨੇ ਡੀਜ਼ਲ ’ਤੇ ਤਿੰਨ ਰੁਪਏ ਵੈਟ ਵਧਾਇਆ

ਸ਼ਿਮਲਾ: ਮਾਲੀਆ ਵਧਾਉਣ ਲਈ ਹਿਮਾਚਲ ਪ੍ਰਦੇਸ਼ ਸਰਕਾਰ ਨੇ ਅੱਜ ਡੀਜ਼ਲ ’ਤੇ ਵੈਟ ਤਿੰਨ ਰੁਪਏ ਲਿਟਰ ਵਧਾ ਦਿੱਤਾ ਹੈ। ਸੂਬੇ ਦੇ ਆਬਕਾਰੀ ਤੇ ਕਰ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਿਕ ਡੀਜ਼ਲ ’ਤੇ ਵੈਟ 9.90 ਫੀਸਦ ਤੋਂ ਵਧਾ ਕੇ 13.9 ਫੀਸਦ ਕਰ ਦਿੱਤਾ ਗਿਆ ਹੈ। ਇਸ ਵਾਧੇ ਨੂੰ ਸਹੀ ਕਰਾਰ ਦਿੰਦਿਆਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਸਾਬਕਾ ਭਾਜਪਾ ਸਰਕਾਰ ਨੇ ਪਿਛਲੇ ਸਾਲ ਨਵੰਬਰ ਵਿੱਚ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਵੈਟ ਸੱਤ ਫੀਸਦ ਘਟਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੂਬੇ ’ਤੇ ਮੋਹਲੇਧਾਰ ਮੀਂਹ ਦੀ ਕਾਫੀ ਮਾਰ ਪਈ ਹੈ ਜਿਸ ਕਾਰਨ ਘਾਟਾ ਪੂਰਨ ਲਈ ਡੀਜ਼ਲ ’ਤੇ ਵੈਟ ਵਧਾੲਿਆ ਗਿਆ ਹੈ। ਦੂਜੇ ਪਾਸੇ ਭਾਜਪਾ ਦੇ ਸੂਬਾਈ ਪ੍ਰਧਾਨ ਰਜੀਵ ਬਿੰਦਲ ਨੇ ਕਿਹਾ ਕਿ ਪਿਛਲੇ ਸੱਤ ਮਹੀਨਿਆਂ ਵਿੱਚ ਕਾਂਗਰਸ ਸਰਕਾਰ ਵੱਲੋਂ ਡੀਜ਼ਲ ’ਤੇ ਦੋ ਵਾਰ ਵੈਟ ਵਧਾੲਿਆ ਗਿਆ ਹੈ। ਇਸ ਨਾਲ ਸੂਬੇ ਦੇ ਲੋਕਾਂ ਨੂੰ 1500 ਕਰੋੜ ਦਾ ਬੋਝ ਝੱਲਣਾ ਪਵੇਗਾ। -ਪੀਟੀਆਈ

ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ

ਸ਼ਿਮਲਾ: ਮੌਸਮ ਵਿਭਾਗ ਨੇ ਲਾਹੌਲ-ਸਪਿਤੀ ਤੇ ਕਿੰਨੌਰ ਨੂੰ ਛੱਡ ਕੇ ਸੂਬੇ ਦੇ 10 ਜ਼ਿਲ੍ਹਿਆਂ ’ਚ 17 ਜੁਲਾਈ ਤੱਕ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਜ਼ਾਹਿਰ ਕਰਦਿਆਂ ਔਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਨਾਲ ਹੀ ਢਿੱਗਾਂ ਖਿਸਕਣ, ਅਚਾਨਕ ਹੜ੍ਹ ਆਉਣ ਅਤੇ ਨਦੀਆਂ ਤੇ ਨਾਲਿਆਂ ’ਚ ਪਾਣੀ ਦਾ ਪੱਧਰ ਵਧਣ ਦਾ ਅਨੁਮਾਨ ਵੀ ਜ਼ਾਹਿਰ ਕੀਤਾ ਹੈ। ਵਿਭਾਗ ਨੇ 18 ਜੁਲਾਈ ਨੂੰ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕਰਦਿਆਂ ਯੈਲੋ ਅਲਰਟ ਜਾਰੀ ਕੀਤਾ ਹੈ ਅਤੇ 21 ਜੁਲਾਈ ਤੱਕ ਸੂਬੇ ’ਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। -ਪੀਟੀਆਈ

ਨੱਢਾ ਤੇ ਠਾਕੁਰ ਵੱਲੋਂ ਮਦਦ ਦਾ ਭਰੋਸਾ

ਬਿਲਾਸਪੁਰ/ਹਮੀਰਪੁਰ: ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਹੜ੍ਹ ਪ੍ਰਭਾਵਿਤ ਹਿਮਾਚਲ ਪ੍ਰਦੇਸ਼ ਲਈ 181 ਕਰੋੜ ਰੁਪਏ ਦੀ ਦੂਜੀ ਕਿਸ਼ਤ ਜਾਰੀ ਕਰ ਦਿੱਤੀ ਹੈ। ਨੱਢਾ ਨੇ ਬੀਤੇ ਦਿਨ ਕੁੱਲੂ ਤੇ ਮੰਡੀ ਜ਼ਿਲ੍ਹਿਆਂ ’ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤੇ ਕਿਹਾ ਕਿ ਕੇਂਦਰ ਦੀ ਮਦਦ ਨਾਲ ਸੂਬੇ ਦੇ ਕਰਜ਼ੇ ਦਾ ਬੋਝ ਕੁਝ ਘਟਾਉਣ ’ਚ ਮਦਦ ਮਿਲੇਗੀ ਇਸੇ ਦੌਰਾਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਕੁਦਰਤੀ ਆਫ਼ਤ ਤੋਂ ਪ੍ਰਭਾਵਿਤ ਹਿਮਾਚਲ ਪ੍ਰਦੇਸ਼ ਸਮੇਤ ਸਾਰੇ ਰਾਜਾਂ ਦੀ ਮਦਦ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਤੇ ਜਲਦੀ ਹੀ ਹੋਰ ਵਿੱਤੀ ਮਦਦ ਜਾਰੀ ਕੀਤੀ ਜਾਵੇਗੀ। -ਪੀਟੀਆਈ

Advertisement
×