DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿੱਖਾਂ ਨੂੰ ਲੁਭਾਉਣ ਦਾ ਯਤਨ: ਪੰਜਾਬ ਦੀ ਤਰਜ਼ ’ਤੇ ਹਰਿਆਣਾ ’ਚ ਬਣੇਗਾ ‘ਵਿਰਾਸਤ-ਏ-ਖ਼ਾਲਸਾ’

ਕੁਰੂਕਸ਼ੇਤਰ ਵਿੱਚ 3 ਏਕਡ਼ ਵਿੱਚ ਉਸਾਰਿਆ ਜਾਵੇਗਾ ਅਜਾਇਬ ਘਰ;
  • fb
  • twitter
  • whatsapp
  • whatsapp
featured-img featured-img
ਪੰਜਾਬ ਦੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਬਣੇ ਵਿਰਾਸਤ-ਏ-ਖਾਲਸਾ ਦੀ ਤਸਵੀਰ।
Advertisement

ਗੁਆਂਢੀ ਸੂਬੇ ਪੰਜਾਬ ਵਿੱਚ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਿੱਖਾਂ ਨੂੰ ਲੁਭਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਸੂਤਰਾਂ ਅਨੁਸਾਰ ਹਰਿਆਣਾ ਸਰਕਾਰ ਸ੍ਰੀ ਆਨੰਦਪੁਰ ਸਾਹਿਬ ਸਥਿਤ ਵਿਰਾਸਤ-ਏ-ਖਾਲਸਾ ਦੀ ਤਰਜ਼ ’ਤੇ ਕੁਰੂਕਸ਼ੇਤਰ ਵਿੱਚ ਤਿੰਨ ਏਕੜ ਵਿੱਚ ਸਿੱਖ ਅਜਾਇਬ ਘਰ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਕੁਰੂਕਸ਼ੇਤਰ ਵਿੱਚ ਪੰਜ ਏਕੜ ਵਿੱਚ ਗੁਰੂ ਰਵਿਦਾਸ ਅਜਾਇਬ ਘਰ ਅਤੇ ਭਵਨ ਬਣਾਉਣ ’ਤੇ ਵੀ ਕੰਮ ਕਰ ਰਹੀ ਹੈ।

ਸੈਣੀ ਸਰਕਾਰ ਨੇ ਇਸ ਅਜਾਇਬ ਘਰ ਲਈ ਸਲਾਹਕਾਰ ‘ਸਪਲੈੱਟ ਮੀਡੀਆ’ ਨੂੰ ਕੰਮ ਸੌਂਪਿਆ ਹੈ । ਇਸ ’ਤੇ 115 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਆਉਣ ਦੀ ਸੰਭਾਵਨਾ ਹੈ। ਅਜਾਇਬ ਘਰ ਦੀ ਨੀਂਹ ਨਵੰਬਰ ਵਿੱਚ ਰੱਖੀ ਜਾਵੇਗੀ ਅਤੇ ਇਹ ਦੋ ਸਾਲਾਂ ਵਿੱਚ ਬਣ ਕੇ ਤਿਆਰ ਹੋ ਕੇ ਦਰਸ਼ਕਾਂ ਲਈ ਖੋਲ੍ਹਿਆ ਜਾਵੇਗਾ। ਇਸ ਅਜਾਇਬ ਘਰ ਵਿੱਚ ਸਿੱਖ ਧਰਮ ਦੀ ਬੁਨਿਆਦ, ਖਾਲਸਾ ਪੰਥ ਦੀ ਸਥਾਪਨਾ ਤੇ ਉਭਾਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅਧੀਨ ਸਿੱਖ ਸਾਮਰਾਜ ਬਾਰੇ ਚਾਨਣਾ ਪਾਇਆ ਜਾਵੇਗਾ। ਇਸ ਵਿੱਚ ਆਡੀਓ ਵਿਜ਼ੂਅਲ ਸਾਧਨਾਂ ਦੀ ਵਰਤੋਂ ਕਰ ਕੇ ਸਮਕਾਲੀ ਆਲਮੀ ਸਿੱਖ ਪਛਾਣ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ।

Advertisement

ਸਰਕਾਰ ਨੇ ਗੁਰੂ ਰਵਿਦਾਸ ਅਜਾਇਬ-ਘਰ ਅਤੇ ਭਵਨ ਦੀ ਉਸਾਰੀ ਦੀ ਪ੍ਰਕਿਰਿਆ ਵਿੱਚ ਵੀ ਤੇਜ਼ੀ ਲਿਆਂਦੀ ਹੈ। ਮੁੱਖ ਮੰਤਰੀ ਸੈਣੀ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਮਨਾਉਣ ਵਾਸਤੇ ਹਰਿਆਣਾ ਵਿੱਚ ਨਵੰਬਰ ਮਹੀਨੇ ਹੋਣ ਵਾਲੇ ਸਮਾਗਮਾਂ ’ਤੇ ਚਰਚਾ ਸਬੰਧੀ ਪਿਛਲੇ ਹਫ਼ਤੇ ਹੋਈ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ ਸੀ।

ਆਪਣੇ ਗ੍ਰਹਿ ਸੂਬੇ ਵਿੱਚ ਸਿੱਖਾਂ ਨਾਲ ਸਬੰਧ ਮਜ਼ਬੂਤ ਕਰਨ ਤੋਂ ਇਲਾਵਾ ਨਾਇਬ ਸੈਣੀ ਲਗਾਤਾਰ ਪੰਜਾਬ ਦਾ ਦੌਰਾ ਕਰ ਰਹੇ ਹਨ। ਮੁੱਖ ਮੰਤਰੀ ਦੇ ਇਸ ਸਾਲ ਦੀ ਸ਼ੁਰੂਆਤ ਰੋਪੜ ਵਿੱਚ ਸੈਣੀ ਸੰਮੇਲਨ ਅਤੇ ਗੁਆਂਢੀ ਸੂਬੇ ਦੇ ਆਗੂਆਂ ਤੇ ਕਾਰਕੁਨਾਂ ਨਾਲ ਲਗਾਤਾਰ ਮੀਟਿੰਗਾਂ ਨਾਲ ਹੋਈ ਹੈ। ਉਨ੍ਹਾਂ ਨੇ ਸੰਗਰੂਰ ਜਾ ਕੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਸ਼ਰਧਾਂਜਲੀ ਦਿੱਤੀ ਅਤੇ ‘ਆਪ’ ਸਰਕਾਰ ’ਤੇ ਨਿਸ਼ਾਨਾ ਸਾਧਿਆ। ਊਧਮ ਸਿੰਘ ਦੇ ਸ਼ਹੀਦੀ ਸਮਾਗਮ ਮੌਕੇ ਸੁਨਾਮ ਦਾ ਦੌਰਾ ਕਰਕੇ ਉਨ੍ਹਾਂ ਪੰਜਾਬ ਦੀ ਸਿਆਸਤ ਵਿੱਚ ਹਲਚਲ ਪੈਦਾ ਕਰ ਦਿੱਤੀ। ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ, ‘‘ਨਾਇਬ ਸਿੰਘ ਸੈਣੀ ਕੌਮੀ ਪੱਧਰ ’ਤੇ ਪਾਰਟੀ ਦਾ ਓਬੀਸੀ ਚਿਹਰਾ ਹਨ। ਪਾਰਟੀ ਦੇ ਸੀਨੀਅਰ ਆਗੂਆਂ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਪੰਜਾਬ ਵਿੱਚ ਪਾਰਟੀ ਦਾ ਆਧਾਰ ਵਧਾਉਣ ਲਈ ਕਿਹਾ ਹੈ।’’

ਡੱਬੀ:::

ਮੁੱਖ ਮੰਤਰੀ ਸੈਣੀ ਦੇ ਅਗਲੇ ਮਹੀਨੇ ਵੱਧ ਸਕਦੇ ਨੇ ਪੰਜਾਬ ਦੌਰੇ

ਭਾਜਪਾ ਪੰਜਾਬ ਵਿੱਚ ਆਪਣਾ ਆਧਾਰ ਵਧਾਉਣ ਅਤੇ ਸੱਤਾ ਵਿੱਚ ਵਾਪਸੀ ਲਈ ‘ਹਰਿਆਣਾ ਵਿਕਾਸ ਮਾਡਲ’ ਦੁਹਰਾਉਣਾ ਚਾਹੁੰਦੀ ਹੈ। ਭਾਜਪਾ ਆਗੂ ਨੇ ਜ਼ੋਰ ਦੇ ਕੇ ਕਿਹਾ, ‘‘ਅਸੀਂ ਵੱਖ-ਵੱਖ ਭਾਈਚਾਰਿਆਂ ਨੂੰ ਲੁਭਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਅਨੁਸੂਚਿਤ ਵਰਗ ਅਤੇ ਜਨਰਲ ਵਰਗ ਵਿੱਚ ਸਾਡੀ ਸਥਿਤੀ ਕਾਫ਼ੀ ਵਧੀਆ ਹੈ, ਪਰ ਅਸੀਂ ਸਿੱਖਾਂ ਸਮੇਤ ਹੋਰ ਭਾਈਚਾਰਿਆਂ ਤੱਕ ਵੀ ਪਹੁੰਚ ਬਣਾਉਣਾ ਚਾਹੁੰਦੇ ਹਾਂ। ਉਨ੍ਹਾਂ ਅਗਲੇ ਮਹੀਨਿਆਂ ਦੌਰਾਨ ਮੁੱਖ ਮੰਤਰੀ ਦੇ ਦੌਰੇ ਹੋਰ ਵਧਣ ਦਾ ਵੀ ਸੰਕੇਤ ਦਿੱਤਾ। 117 ਮੈਂਬਰੀ ਪੰਜਾਬ ਵਿਧਾਨ ਸਭਾ ਵਿੱਚ ਇਸ ਸਮੇਂ ਭਾਜਪਾ ਦੇ ਸਿਰਫ਼ ਦੋ ਵਿਧਾਇਕ ਹਨ। ਹਾਲਾਂਕਿ, ਪਾਰਟੀ ਹੁਣ ਕਿਸਾਨਾਂ ਦੇ ਨਾਲ-ਨਾਲ ਸਿੱਖ ਭਾਈਚਾਰੇ ਨੂੰ ਵੀ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਦੀ ਪੰਜਾਬ ਇਕਾਈ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਕਿਸਾਨਾਂ ਦਾ ਸਮਰਥਨ ਕਰਕੇ ਉਨ੍ਹਾਂ ਨਾਲ ਨੇੜਤਾ ਵਧਾ ਰਹੀ ਹੈ। ਭਾਜਪਾ ਨੇ 13 ਸਿੱਖ ਆਗੂਆਂ ਨੂੰ ਜ਼ਿਲ੍ਹਾ ਪ੍ਰਧਾਨ ਵੀ ਨਿਯੁਕਤ ਕੀਤਾ ਹੈ।

Advertisement
×