ED summons Vadra: ਈਡੀ ਵੱਲੋਂ ਸੰਜੇ ਭੰਡਾਰੀ ਨਾਲ ਜੁੜੇ PMLA ਮਾਮਲੇ ’ਚ ਰਾਬਰਟ ਵਾਡਰਾ ਨੂੰ ਮੁੜ ਸੰਮਨ ਜਾਰੀ
ED issues fresh summons to Robert Vadra in Sanjay Bhandri linked PMLA case
ਨਵੀਂ ਦਿੱਲੀ, 16 ਜੂਨ
ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਕਾਰੋਬਾਰੀ ਪਤੀ ਰਾਬਰਟ ਵਾਡਰਾ ਨੂੰ ਯੂਕੇ ਸਥਿਤ ਹਥਿਆਰ ਸਲਾਹਕਾਰ ਸੰਜੇ ਭੰਡਾਰੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਨਵਾਂ ਸੰਮਨ ਜਾਰੀ ਕੀਤਾ ਹੈ।
ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਦੇ ਤਹਿਤ ਜਾਂਚ ਅਧੀਨ ਇਸ ਮਾਮਲੇ ਵਿੱਚ ਆਪਣਾ ਬਿਆਨ ਦਰਜ ਕਰਾਉਣ ਲਈ 17 ਜੂਨ ਨੂੰ ਇੱਥੇ ਸੰਘੀ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਗ਼ੌਰਤਲਬ ਹੈ ਕਿ 56 ਸਾਲਾ ਵਾਡਰਾ ਨੂੰ 10 ਜੂਨ ਨੂੰ ਇਸ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਪਰ ਉਨ੍ਹਾਂ ਇਹ ਕਹਿੰਦਿਆਂ ਹਾਜ਼ਰ ਹੋਣ ਤੋਂ ਅਸਮਰੱਥਾ ਜ਼ਾਹਰ ਕੀਤੀ ਸੀ ਕਿ ਉਨ੍ਹਾਂ ਨੂੰ 9 ਜੂਨ ਨੂੰ ਫਲੂ ਵਰਗੇ ਲੱਛਣ ਸਨ ਅਤੇ ਪ੍ਰੋਟੋਕੋਲ ਅਨੁਸਾਰ ਉਨ੍ਹਾਂ ਨੇ ਕੋਵਿਡ ਟੈਸਟ ਕਰਵਾਇਆ ਸੀ।
ਉਨ੍ਹਾਂ ਦੇ ਵਕੀਲ ਨੇ ਫਿਰ ਕਿਹਾ ਸੀ ਕਿ ਵਾਡਰਾ ਦਾ ਸੰਮਨ ਤੋਂ ਬਚਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਉਹ ਇਸ ਮਹੀਨੇ ਦੇ ਅੰਤ ਵਿੱਚ ਆਪਣੀ ਵਿਦੇਸ਼ ਯਾਤਰਾ ਤੋਂ ਪਹਿਲਾਂ ਜਾਂ ਬਾਅਦ ਵਿੱਚ ਕਿਸੇ ਵੀ ਸਮੇਂ ED ਦੇ ਸਾਹਮਣੇ ਪੇਸ਼ ਹੋਣ ਲਈ ਤਿਆਰ ਹਨ।
ਸਮਝਿਆ ਜਾਂਦਾ ਹੈ ਕਿ ਏਜੰਸੀ ਨੇ ਵਾਡਰਾ ਨੂੰ ਪੀਐਮਐਲਏ ਅਧੀਨ ਆਪਣਾ ਬਿਆਨ ਦਰਜ ਕਰਵਾਉਣ ਲਈ ਤਲਬ ਕੀਤਾ ਹੈ ਅਤੇ ਬਾਅਦ ਵਿੱਚ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। -ਪੀਟੀਆਈ