Hyderabad airport in money laundering case: ਹੈਦਰਾਬਾਦ: ਈਡੀ ਨੇ ਮਨੀ ਲਾਂਡਰਿੰਗ ਮਾਮਲੇ ’ਚ ਕਮਰਸ਼ੀਅਲ ਜਹਾਜ਼ ਜ਼ਬਤ ਕੀਤਾ
ਹੈਦਰਾਬਾਦ, 8 ਮਾਰਚ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹੈਦਰਾਬਾਦ ਦੀ ਕੰਪਨੀ ਅਤੇ ਉਸ ਦੇ ਪ੍ਰਮੋਟਰਾਂ ਖ਼ਿਲਾਫ਼ ਮਨੀ ਲਾਂਡਰਿੰਗ ਜਾਂਚ ਤਹਿਤ ਲਗਪਗ 14 ਕਰੋੜ ਰੁਪਏ ਕੀਮਤ ਦਾ ਨਿੱਜੀ ਕਮਰਸ਼ੀਅਲ ਜਹਾਜ਼ (ਜੈੱਟ) ਜ਼ਬਤ ਕੀਤਾ ਹੈ। ਇਨ੍ਹਾਂ ਪ੍ਰਮੋਟਰਾਂ ’ਤੇ ਪੋਂਜ਼ੀ ‘ਘੁਟਾਲਾ’ ਕਰਨ ਅਤੇ ਕਈ ਨਿਵੇਸ਼ਕਾਂ ਤੋਂ ਕਥਿਤ ਤੌਰ ’ਤੇ ਕਰੋੜਾਂ ਰੁਪਏ ਠੱਗਣ ਦਾ ਦੋਸ਼ ਹੈ। ਸੂਤਰਾਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਦਾ ਇਹ ਮਾਮਲਾ ਫਾਲਕਨ ਗਰੁੱਪ (ਕੈਪੀਟਲ ਪ੍ਰੋਟੈਕਸ਼ਨ ਫੋਰਸ ਪ੍ਰਾਈਵੇਟ ਲਿਮਿਟਡ), ਇਸ ਦੇ ਮੁੱਖ ਪ੍ਰਬੰਧ ਨਿਰਦੇਸ਼ਕ (ਸੀਐੱਮਡੀ) ਅਮਰਦੀਪ ਕੁਮਾਰ ਅਤੇ ਕੁਝ ਹੋਰਨਾਂ ਖ਼ਿਲਾਫ਼ ਸਥਾਨਕ ਥਾਣੇ ਵਿੱਚ ਦਰਜ ਐੱਫਆਈਆਰ ਕਾਰਨ ਸਾਹਮਣੇ ਆਇਆ ਹੈ। ਜਹਾਜ਼ ਦਾ ਇਸਤੇਮਾਲ ਕਰ ਕੇ ਅਮਰਦੀਪ ਕੁਮਾਰ ਦੇਸ਼ ਤੋਂ ਫ਼ਰਾਰ ਹੋ ਗਿਆ ਸੀ।
ਸੂਤਰਾਂ ਨੇ ਦੱਸਿਆ ਕਿ ਈਡੀ ਦੇ ਹੈਦਰਾਬਾਦ ਦਫ਼ਤਰ ਦੇ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਅੱਠ ਸੀਟਾਂ ਵਾਲਾ ਕਮਰਸ਼ੀਅਲ ਜਹਾਜ਼ ‘ਐੱਨ935ਐੱਚ ਹਾਕਰ 800ਏ’ (ਕੁਮਾਰ ਦੀ ਕੰਪਨੀ ਦਾ) ਸ਼ੁੱਕਰਵਾਰ ਨੂੰ ਸ਼ਮਸ਼ਾਬਾਦ ਸਥਿਤ ਹੈਦਰਾਬਾਦ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਿਆ। ਸੂਤਰਾਂ ਨੇ ਦੱਸਿਆ ਕਿ 2024 ਵਿੱਚ ਕਰੀਬ 16 ਲੱਖ ਅਮਰੀਕੀ ਡਾਲਰ ਵਿੱਚ ਇਹ ਜਹਾਜ਼ ਖਰੀਦਿਆ ਗਿਆ ਸੀ। ਏਜੰਸੀ ਦਾ ਮੰਨਣਾ ਹੈ ਕਿ ਇਹ ਜਹਾਜ਼ ‘ਅਪਰਾਧ ਦੀ ਆਮਦਨ’ ਨਾਲ ਖਰੀਦਿਆ ਗਿਆ ਸੀ। ਕਥਿਤ ਨਿਵੇਸ਼ ਧੋਖਾਧੜੀ ਕਰੀਬ 850 ਕਰੋੜ ਰੁਪਏ ਦੀ ਹੈ। -ਪੀਟੀਆਈ