ਅਨਿਲ ਅੰਬਾਨੀ ਸਮੂਹ ਦੀਆਂ ਕੰਪਨੀਆਂ ’ਤੇ ਈਡੀ ਦੇ ਛਾਪੇ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਰਿਲਾਇੰਸ ਸਮੂਹ ਦੇ ਚੇਅਰਮੈਨ ਅਨਿਲ ਅੰਬਾਨੀ ਦੀਆਂ ਕੰਪਨੀਆਂ ਖ਼ਿਲਾਫ਼ 3,000 ਕਰੋੜ ਰੁਪਏ ਦੇ ਕਥਿਤ ਕਰਜ਼ੇ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਅੱਜ ਕਈ ਥਾਈਂ ਛਾਪੇ ਮਾਰੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਕੰਪਨੀਆਂ ਵੱਲੋਂ ਲਏ ਗਏ ਕੁਝ ਹੋਰ ਬੈਂਕ ਕਰਜ਼ਿਆਂ ਤੋਂ ਇਲਾਵਾ ਕੁਝ ਕਥਿਤ ਅਣਐਲਾਨੀਆਂ ਵਿਦੇਸ਼ੀ ਸੰਪਤੀਆਂ ਵੀ ਏਜੰਸੀ ਦੀ ਜਾਂਚ ਦੇ ਦਾਇਰੇ ਵਿੱਚ ਹਨ। ਸੂਤਰਾਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐੱਮਐੱਲਏ) ਤਹਿਤ ਮੁੰਬਈ ਵਿੱਚ 35 ਤੋਂ ਵੱਧ ਕੰਪਲੈਕਸਾਂ ’ਚ ਛਾਪੇ ਮਾਰੇ ਜਾ ਰਹੇ ਹਨ। ਇਹ ਕੰਪਲੈਕਸ 50 ਕੰਪਨੀਆਂ ਅਤੇ ਕਰੀਬ 25 ਵਿਅਕਤੀਆਂ ਨਾਲ ਸਬੰਧਤ ਹਨ। ਇਹ ਕਾਰਵਾਈ ਈਡੀ ਦੀ ਦਿੱਲੀ ਸਥਿਤ ਜਾਂਚ ਇਕਾਈ ਵੱਲੋਂ ਕੀਤੀ ਜਾ ਰਹੀ ਹੈ।
ਈਡੀ ਦੇ ਸੂਤਰਾਂ ਨੇ ਦੱਸਿਆ ਕਿ 2017 ਤੋਂ 2019 ਵਿਚਾਲੇ ‘ਯੈੱਸ ਬੈਂਕ’ ਤੋਂ ਲਏ ਲਗਪਗ 3,000 ਕਰੋੜ ਰੁਪਏ ਦੇ ਕਰਜ਼ੇ ਦੇ ਗਲਤ ਇਸਤੇਮਾਲ ਦੇ ਦੋਸ਼ਾਂ ’ਚ ਇਹ ਛਾਪੇ ਮਾਰੇ ਜਾ ਰਹੇ ਹਨ। ਸਮੂਹ ਦੀਆਂ ਦੋ ਕੰਪਨੀਆਂ ‘ਰਿਲਾਇੰਸ ਪਾਵਰ’ ਅਤੇ ‘ਰਿਲਾਇੰਸ ਇਨਫਰਾਸਟਰੱਕਚਰ’ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀਆਂ ਦੋ ਵੱਖ-ਵੱਖ ਸੂਚਨਾਵਾਂ ਵਿੱਚ ਕਿਹਾ ਕਿ ਈਡੀ ਦੀ ਕਾਰਵਾਈ ਦਾ ਉਨ੍ਹਾਂ ਦੇ ਕਾਰੋਬਾਰੀ ਸੰਚਾਲਨ, ਵਿੱਤੀ ਪ੍ਰਦਰਸ਼ਨ, ਸ਼ੇਅਰ ਧਾਰਕਾਂ, ਕਰਮਚਾਰੀਆਂ ਜਾਂ ਕਿਸੇ ਹੋਰ ਹਿੱਤ ਧਾਰਕ ’ਤੇ ਕੋਈ ਅਸਰ ਨਹੀਂ ਪਿਆ ਹੈ। ਕੰਪਨੀਆਂ ਨੇ ਕਿਹਾ, ‘‘ਮੀਡੀਆ ਵਿੱਚ ਆਈਆਂ ਖ਼ਬਰਾਂ ’ਚ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਉਹ 10 ਸਾਲ ਤੋਂ ਵੀ ਪੁਰਾਣੀ ਕੰਪਨੀ ‘ਰਿਲਾਇੰਸ ਕਮਿਊਨਿਕੇਸ਼ਨ ਲਿਮਿਟਡ’ ਜਾਂ ‘ਰਿਲਾਇੰਸ ਹੋਮ ਫਾਇਨਾਂਸ ਲਿਮਿਟਡ’ ਦੇ ਲੈਣ-ਦੇਣ ਨਾਲ ਸਬੰਧਤ ਦੋਸ਼ਾਂ ਨਾਲ ਜੁੜੀਆਂ ਲੱਗਦੀਆਂ ਹਨ।’’
ਸੂਤਰਾਂ ਨੇ ਦੱਸਿਆ ਕਿ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਰਜ਼ਾ ਦੇਣ ਤੋਂ ਠੀਕ ਪਹਿਲਾਂ, ਯੈੱਸ ਬੈਂਕ ਦੇ ਪ੍ਰੋਮੋਟਰਾਂ ਨੂੰ ਉਨ੍ਹਾਂ ਦੀਆਂ ਸੰਸਥਾਵਾਂ ’ਚ ਧਨਰਾਸ਼ੀ ਪ੍ਰਾਪਤ ਹੋਈ ਸੀ ਜੋ ਕਿ ਰਿਸ਼ਵਤ ਦੇ ਲੈਣ-ਦੇਣ ਦਾ ਸੰਕੇਤ ਦਿੰਦੀ ਹੈ। -ਪੀਟੀਆਈ