ਈਡੀ ਵੱਲੋਂ ਇੰਪੀਰੀਅਲ ਗਰੁੱਪ ਦੇ ਟਿਕਾਣਿਆਂ ’ਤੇ ਛਾਪੇ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨਵਿੰਦਰ ਸਿੰਘ, ਉਸਦੀ ਪਤਨੀ ਸਾਗਰੀ ਸਿੰਘ ਅਤੇ ਇੰਪੀਰੀਅਲ ਗਰੁੱਪ ਨਾਲ ਜੁੜੀਆਂ ਸੰਸਥਾਵਾਂ ਅਤੇ ਵਿਅਕਤੀਆਂ ਦੇ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਛੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਤਲਾਸ਼ੀ ਮੁਹਿੰਮ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (FEMA) 1999 ਦੇ ਤਹਿਤ ਕੀਤੀ ਗਈ।
ਈਡੀ ਨੇ ਦੱਸਿਆ ਕਿ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਮਨਵਿੰਦਰ ਸਿੰਘ, ਉਸਦੀ ਪਤਨੀ ਸਾਗਰੀ ਸਿੰਘ ਅਤੇ ਇੰਪੀਰੀਅਲ ਗਰੁੱਪ ਅਧੀਨ ਕੰਮ ਕਰਨ ਵਾਲੀਆਂ ਕੁਝ ਕੰਪਨੀਆਂ ਦੇ ਨਾਮ ’ਤੇ ਵਿਦੇਸ਼ਾਂ ਵਿੱਚ ਅਣਦੱਸੀ ਜਾਇਦਾਦਾਂ ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ।
ਤਲਾਸ਼ੀ ਮੁਹਿੰਮ ਦੌਰਾਨ ਮਨਵਿੰਦਰ ਸਿੰਘ ਦੇ ਨਾਮ ’ਤੇ ਵਿਦੇਸ਼ਾਂ ਵਿੱਚ ਸੰਪਤੀਆਂ ਅਤੇ ਵਿਦੇਸ਼ੀ ਬੈਂਕ ਖਾਤਿਆਂ ਨਾਲ ਸਬੰਧਤ ਸਬੂਤ ਜ਼ਬਤ ਕੀਤੇ ਗਏ।
ਪਤਾ ਲੱਗਿਆ ਹੈ ਕਿ ਉਸ ਦੇ ਸਿੰਗਾਪੁਰ ਸਥਿਤ ਏਅਰੋਸਟਾਰ ਵੈਂਚਰ ਪ੍ਰਾਈਵੇਟ ਲਿਮਟਿਡ ਵਿੱਚ ਅਣਦੱਸੀ ਵਿੱਤੀ ਹਿੱਤ ਸ਼ਾਮਲ ਹਨ, ਜਿਸ ਵਿੱਚ ਮਨਵਿੰਦਰ ਸਿੰਘ ਅਤੇ ਸਾਗਰੀ ਸਿੰਘ ਦੋਵੇਂ ਮਾਲਕ ਹਨ ਅਤੇ ਮਨਵਿੰਦਰ ਸਿੰਘ ਇਕਲੌਤਾ ਡਾਇਰੈਕਟਰ ਹੈ।
ਤਲਾਸ਼ੀ ਮੁਹਿੰਮ ਦੌਰਾਨ ਕੁੱਲ 50 ਲੱਖ ਦੀ ਨਕਦੀ , ਤਿੰਨ ਲਾਕਰ, ਮਨਵਿੰਦਰ ਸਿੰਘ ਅਤੇ ਇੰਪੀਰੀਅਲ ਗਰੁੱਪ ਨਾਲ ਸਬੰਧਤ ਵੱਖ-ਵੱਖ ਅਪਰਾਧਕ ਰਿਕਾਰਡ ਅਤੇ ਡਿਜੀਟਲ ਸਬੂਤ ਜ਼ਬਤ ਕੀਤੇ ਗਏ।
ਦੱਸ ਦਈਏ ਕਿ ਇੰਪੀਰੀਅਲ ਗਰੁੱਪ ਏਅਰੋਸਪੇਸ ਅਤੇ ਰੀਅਲ ਅਸਟੇਟ ਸੈਕਟਰਾਂ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਦਾ ਇੱਕ ਸਮੂਹ ਹੈ ਅਤੇ ਇਸਦੇ ਮੁਖੀ ਮਨਵਿੰਦਰ ਸਿੰਘ ਹਨ।