ਈਡੀ ਵੱਲੋਂ Coldrif ਬਣਾਉਣ ਵਾਲੀ ਕੰਪਨੀ ਤੇ TNFDA ਅਧਿਕਾਰੀਆਂ ਦੇ ਟਿਕਾਣਿਆਂ ’ਤੇ ਛਾਪੇ
ਈਡੀ ਨੇ ਸੋਮਵਾਰ ਨੂੰ ਮਨੀ ਲਾਂਡਰਿੰਗ ਜਾਂਚ ਦੀ ਕੜੀ ਵਜੋਂ ਖੰਘ ਦੀ ਦਵਾਈ ਕੋਲਡਰਿਫ਼ ਬਣਾਉਣ ਵਾਲੀ ਕੰਪਨੀ ਸ੍ਰੇਸਨ ਫਾਰਮਾਸਿਊਟੀਕਲਜ਼ ਅਤੇ ਤਾਮਿਲਨਾਡੂ ਐਫਡੀਏ ਦੇ ਉੱਚ ਅਧਿਕਾਰੀਆਂ ਨਾਲ ਜੁੜੇ ਟਿਕਾਣਿਆਂ ’ਤੇ ਛਾਪੇ ਮਾਰੇ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਮਨੀ ਲਾਂਡਰਿੰਗ ਰੋਕਥਾਮ ਐਕਟ...
ਈਡੀ ਨੇ ਸੋਮਵਾਰ ਨੂੰ ਮਨੀ ਲਾਂਡਰਿੰਗ ਜਾਂਚ ਦੀ ਕੜੀ ਵਜੋਂ ਖੰਘ ਦੀ ਦਵਾਈ ਕੋਲਡਰਿਫ਼ ਬਣਾਉਣ ਵਾਲੀ ਕੰਪਨੀ ਸ੍ਰੇਸਨ ਫਾਰਮਾਸਿਊਟੀਕਲਜ਼ ਅਤੇ ਤਾਮਿਲਨਾਡੂ ਐਫਡੀਏ ਦੇ ਉੱਚ ਅਧਿਕਾਰੀਆਂ ਨਾਲ ਜੁੜੇ ਟਿਕਾਣਿਆਂ ’ਤੇ ਛਾਪੇ ਮਾਰੇ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਤਹਿਤ ਮਾਰੇ ਛਾਪਿਆਂ ਦੌਰਾਨ ਚੇਨਈ ਵਿੱਚ ਘੱਟੋ-ਘੱਟ ਸੱਤ ਟਿਕਾਣਿਆਂ ’ਤੇ ਈਡੀ ਦੀਆਂ ਟੀਮਾਂ ਨੇ ਦਸਤਕ ਦਿੱਤੀ।
ਸੰਘੀ ਜਾਂਚ ਏਜੰਸੀ ਨੇ ਮੱਧ ਪ੍ਰਦੇਸ਼ ਅਤੇ ਤਾਮਿਲ ਨਾਡੂ ਵਿੱਚ ਸ੍ਰੇਸਨ ਫਾਰਮਾਸਿਊਟੀਕਲਜ਼ ਵਿਰੁੱਧ ਦਰਜ ਪੁਲੀਸ ਸ਼ਿਕਾਇਤਾਂ ਦਾ ਨੋਟਿਸ ਲੈਂਦੇ ਹੋਏ, ਮਨੀ ਲਾਂਡਰਿੰਗ ਵਿਰੋਧੀ ਕਾਨੂੰਨ ਤਹਿਤ ਅਪਰਾਧਿਕ ਕੇਸ ਦਰਜ ਕਰਨ ਮਗਰੋਂ ਇਹ ਕਾਰਵਾਈ ਕੀਤੀ ਹੈ। ਚੇਤੇ ਰਹੇ ਕਿ ਮੱਧ ਪ੍ਰਦੇਸ਼ ਵਿੱਚ ਕੋਲਡਰਿਫ ਦਵਾਈ ਦੇਣ ਤੋਂ ਬਾਅਦ ਘੱਟੋ-ਘੱਟ 22 ਬੱਚਿਆਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜ ਸਾਲ ਤੋਂ ਘੱਟ ਉਮਰ ਦੇ ਸਨ, ਦੀ ਮੌਤ ਹੋ ਗਈ ਸੀ।
ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਨੇ ਕਿਹਾ ਕਿ ਤਾਮਿਲਨਾਡੂ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (TNFDA) ਵੱਲੋਂ 2011 ਵਿੱਚ ਲਾਇਸੈਂਸ ਮਿਲਣ ਮਗਰੋਂ ਕਾਂਚੀਪੁਰਮ-ਅਧਾਰਤ ਸ੍ਰੇਸਨ ਫਾਰਮਾਸਿਊਟੀਕਲਜ਼ ਨੇ ਆਪਣੇ ਖ਼ਰਾਬ ਬੁਨਿਆਦੀ ਢਾਂਚੇ ਅਤੇ ਰਾਸ਼ਟਰੀ ਡਰੱਗ ਸੁਰੱਖਿਆ ਨਿਯਮਾਂ ਦੀਆਂ ਕਈ ਉਲੰਘਣਾਵਾਂ ਦੇ ਬਾਵਜੂਦ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਬਿਨਾਂ ਕਿਸੇ ਰੋਕ-ਟੋਕ ਦੇ ਕੰਮ ਜਾਰੀ ਰੱਖਿਆ।
ਖੰਘ ਦੀ ਦਵਾਈ ਵਿੱਚ diethylene glycol (DEG) ਨਾਂ ਦੇ ਵਧੇਰੇ ਜ਼ਹਿਰੀਲੇ ਪਦਾਰਥ ਦੀ ‘ਖਤਰਨਾਕ’ ਮਿਲਾਵਟ ਪਾਈ ਗਈ ਸੀ। ਸ੍ਰੇਸਨ ਫਾਰਮਾਸਿਊਟੀਕਲਜ਼ ਦੇ ਮਾਲਕ ਜੀ ਰੰਗਨਾਥਨ ਨੂੰ ਮੱਧ ਪ੍ਰਦੇਸ਼ ਪੁਲੀਸ ਨੇ 9 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। ਬੱਚਿਆਂ ਦੀਆਂ ਮੌਤਾਂ ਤੋਂ ਬਾਅਦ ਮੱਧ ਪ੍ਰਦੇਸ਼ ਸਰਕਾਰ ਨੇ ਦੋ ਡਰੱਗ ਇੰਸਪੈਕਟਰਾਂ ਅਤੇ ਐਫਡੀਏ ਦੇ ਇੱਕ ਡਿਪਟੀ ਡਾਇਰੈਕਟਰ ਨੂੰ ਮੁਅੱਤਲ ਕਰ ਦਿੱਤਾ ਸੀ। ਸੂੁਬਾ ਸਰਕਾਰ ਨੇ ਰਾਜ ਦੇ ਡਰੱਗ ਕੰਟਰੋਲਰ ਦਾ ਵੀ ਤਬਾਦਲਾ ਕਰ ਦਿੱਤਾ ਅਤੇ ਮੌਤਾਂ ਦੀ ਜਾਂਚ ਦਾ ਆਦੇਸ਼ ਦਿੱਤਾ। ਪੁਲੀਸ ਨੇ ਲਾਪਰਵਾਹੀ ਦੇ ਦੋਸ਼ ਵਿੱਚ ਛਿੰਦਵਾੜਾ ਜ਼ਿਲ੍ਹੇ ਦੇ ਇੱਕ ਡਾਕਟਰ ਨੂੰ ਗ੍ਰਿਫਤਾਰ ਕੀਤਾ ਹੈ।