‘ਆਪ’ ਆਗੂ ਸੌਰਭ ਭਾਰਦਵਾਜ ਦੇ ਟਿਕਾਣਿਆਂ ’ਤੇ ਈਡੀ ਦੇ ਛਾਪੇ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਹੇਠਲੀ ਪਿਛਲੀ ਸਰਕਾਰ ਦੌਰਾਨ ਸਿਹਤ ਬੁਨਿਆਦੀ ਢਾਂਚਾ ਪ੍ਰਾਜੈਕਟਾਂ ’ਚ ਕਥਿਤ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਤਹਿਤ ਸਾਬਕਾ ਮੰਤਰੀ ਸੌਰਭ ਭਾਰਦਵਾਜ ਤੇ ਕੁਝ ਹੋਰ ਨਿੱਜੀ ਕੰਪਨੀਆਂ ਦੇ ਕੰਪਲੈਕਸਾਂ ’ਤੇ ਛਾਪੇ ਮਾਰੇ ਹਨ। ਸੂਤਰਾਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਭਾਰਦਵਾਜ ਤੇ ਹੋਰਾਂ ਖ਼ਿਲਾਫ਼ ਕੇਸ ਦਰਜ ਹੋਣ ਮਗਰੋਂ ਕੌਮੀ ਰਾਜਧਾਨੀ ਖੇਤਰ ’ਚ ਘੱਟ ਤੋਂ ਘੱਟ 13 ਥਾਵਾਂ ’ਤੇ ਛਾਪੇ ਮਾਰੇ ਜਾ ਰਹੇ ਹਨ। ਇਨ੍ਹਾਂ ’ਚ ਦੱਖਣੀ ਦਿੱਲੀ ਸਥਿਤ ਭਾਰਦਵਾਜ ਦਾ ਘਰ ਅਤੇ ਕੇਜੀ ਮਾਰਗ ਤੇ ਪੱਛਮੀ ਪਟੇਲ ਨਗਰ ਸਥਿਤ ਕੁਝ ਨਿੱਜੀ ਠੇਕੇਦਾਰਾਂ ਤੇ ਰੀਅਲ ਅਸਟੇਟ ਡਿਵੈਲਪਰਾਂ ਦੀਆਂ ਰਿਹਾਇਸ਼ਾਂ ਤੇ ਦਫ਼ਤਰ ਸ਼ਾਮਲ ਹਨ। ‘ਆਪ’ ਦੀ ਦਿੱਲੀ ਇਕਾਈ ਦੇ ਮੁਖੀ ਤੇ ਪਾਰਟੀ ਦੇ ਕੌਮੀ ਬੁਲਾਰੇ ਭਾਰਦਵਾਜ (45) ਖ਼ਿਲਾਫ਼ ਈਡੀ ਦੀ ਜਾਂਚ ਜੂਨ ’ਚ ਦਿੱਲੀ ਦੀ ਭ੍ਰਿਸ਼ਟਾਚਾਰ ਰੋਕੂ ਬਰਾਂਚ (ਏਸੀਬੀ) ਵੱਲੋਂ ਦਰਜ ਕੀਤੀ ਗਈ ਐੱਫਆਈਆਰ ਤਹਿਤ ਕੀਤੀ ਜਾ ਰਹੀ ਹੈ। ਏਸੀਬੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠਲੀ ‘ਆਪ’ ਸਰਕਾਰ ਵੱਲੋਂ ਸਿਹਤ ਬੁਨਿਆਦੀ ਢਾਂਚਾ ਪ੍ਰਾਜੈਕਟਾਂ ’ਚ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਭਾਰਦਵਾਜ, ਉਨ੍ਹਾਂ ਦੀ ਪਾਰਟੀ ਦੇ ਸਹਿਯੋਗੀ ਤੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ, ਨਿੱਜੀ ਠੇਕੇਦਾਰਾਂ ਤੇ ਅਣਪਛਾਤੇ ਸਰਕਾਰੀ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। -ਪੀਟੀਆਈ
‘ਆਪ’ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ ਕੇਂਦਰ ਸਰਕਾਰ: ਕੇਜਰੀਵਾਲ
ਨਵੀਂ ਦਿੱਲੀ (ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ‘ਐਕਸ’ ’ਤੇ ਕਿਹਾ ਕਿ ਸੌਰਭ ਭਾਰਦਵਾਜ ਦੇ ਘਰ ’ਤੇ ਈਡੀ ਦਾ ਛਾਪਾ ਮੋਦੀ ਸਰਕਾਰ ਵੱਲੋਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦਾ ਇੱਕ ਹੋਰ ਮਾਮਲਾ ਹੈ। ਉਨ੍ਹਾਂ ਕਿਹਾ, ‘‘ਆਪ’ ਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ‘ਆਪ’ ਕੋਲ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਭ੍ਰਿਸ਼ਟ ਕਾਰਜਾਂ ਵਿਰੁੱਧ ਸਭ ਤੋਂ ਵੱਧ ਆਵਾਜ਼ ਹੈ। ਮੋਦੀ ਸਰਕਾਰ ਸਾਡੀ ਆਵਾਜ਼ ਦਬਾਉਣਾ ਚਾਹੁੰਦੀ ਹੈ। ਅਜਿਹਾ ਕਦੇ ਨਹੀਂ ਹੋਵੇਗਾ।
ਪ੍ਰਧਾਨ ਮੰਤਰੀ ਦੀ ਡਿਗਰੀ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼: ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਐਕਸ’ ’ਤੇ ਕਿਹਾ ਕਿ ਅੱਜ ਸੌਰਭ ਭਾਰਦਵਾਜ ਦੀ ਰਿਹਾਇਸ਼ ’ਤੇ ਛਾਪਾ ਮਾਰਿਆ ਗਿਆ ਸੀ, ਕਿਉਂਕਿ ਬੀਤੇ ਦਿਨ ਤੋਂ ਪੂਰੇ ਦੇਸ਼ ਵਿੱਚ ਮੋਦੀ ਜੀ ਦੀ ਡਿਗਰੀ ਬਾਰੇ ਚਰਚਾ ਹੈ ਕਿ ਉਨ੍ਹਾਂ ਦੀ ਡਿਗਰੀ ਜਾਅਲੀ ਹੈ। ਇਹ ਛਾਪਾ ਇਸ ਤੋਂ ਧਿਆਨ ਹਟਾਉਣ ਲਈ ਕੀਤਾ ਗਿਆ ਹੈ। ਸਤੇਂਦਰ ਜੈਨ ਨੂੰ ਵੀ ਤਿੰਨ ਸਾਲ ਜੇਲ੍ਹ ਵਿੱਚ ਰੱਖਿਆ ਗਿਆ ਸੀ ਅਤੇ ਬਾਅਦ ਵਿੱਚ ਸੀਬੀਆਈ ਤੇ ਈਡੀ ਨੇ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਦਾਇਰ ਕੀਤੀ। ਇਸ ਤੋਂ ਸਪੱਸ਼ਟ ਹੈ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵਿਰੁੱਧ ਦਰਜ ਸਾਰੇ ਮਾਮਲੇ ਜਾਅਲੀ ਅਤੇ ਝੂਠੇ ਹਨ।