ਈਡੀ ਵੱਲੋਂ ਅਕਾਲੀ ਆਗੂ ਦੇ ਟਿਕਾਣਿਆਂ ’ਤੇ ਛਾਪੇ
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ‘ਮੁਆਫ਼ੀ ਜ਼ਮੀਨ’ ਦੁਰਵਰਤੋਂ ਨਾਲ ਜੁੜੇ ਮਨੀ ਲਾਂਡਰਿੰਗ ਦੀ ਜਾਂਚ ਤਹਿਤ ਅੱਜ ਅਕਾਲੀ ਆਗੂ ਦੇ ਟਿਕਾਣੇ ਸਣੇ ਪੰਜਾਬ ਤੇ ਚੰਡੀਗੜ੍ਹ ’ਚ ਕਈ ਥਾਈਂ ਛਾਪੇ ਮਾਰੇ ਹਨ। ਸੂਤਰਾਂ ਨੇ ਦੱਸਿਆ ਕਿ ਵਾਹਿਦ ਸੰਧੜ ਸ਼ੂਗਰਜ਼ ਲਿਮਟਿਡ ਤੇ ਇਸ ਨਾਲ ਸਬੰਧਤ ਵਿਅਕਤੀਆਂ ਖ਼ਿਲਾਫ਼ ਕੇਸ ’ਚ ਘੱਟੋ-ਘੱਟ ਅੱਠ ਥਾਵਾਂ ’ਤੇ ਛਾਪੇ ਮਾਰੇ ਗਏ ਹਨ। ਏਜੰਸੀ ਨੇ ਇਸ ਤਹਿਤ ਅੱਜ ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਿਦ ਦੇ ਫਗਵਾੜਾ ਸਥਿਤ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਉਹ ਖੰਡ ਮਿੱਲ ਦੇ ਭਾਈਵਾਲ ਸਨ। ਸੰਘੀ ਏਜੰਸੀ ਦੇ ਅਧਿਕਾਰੀਆਂ ਨੇ ਫਗਵਾੜਾ ਖੰਡ ਮਿੱਲ, ਵਾਹਿਦ ਦੀ ਰਿਹਾਇਸ਼ ਅਤੇ ਫਗਵਾੜਾ ਵਿੱਚ ਉਸ ਦੇ ਪਰਿਵਾਰ ਦੀ ਮਲਕੀਅਤ ਵਾਲੇ ਜਿਮ ’ਤੇ ਦਸਤਕ ਦਿੱੱਤੀ। ਇਹ ਤਲਾਸ਼ੀ ਅੱਜ ਸਵੇਰੇ 6 ਵਜੇ ਤੋਂ ਸ਼ੁਰੂ ਹੋਈ ਜੋ ਸ਼ਾਮ 5 ਵਜੇ ਤੱਕ ਚੱਲਦੀ ਰਹੀ। ਜਿਨ੍ਹਾਂ ਥਾਵਾਂ ’ਤੇ ਚੈਕਿੰਗ ਕੀਤੀ ਗਈ ਉਨ੍ਹਾਂ ’ਚ ਸ਼ੂਗਰ ਮਿੱਲ, ਗੋਲਡਨ ਜਿਮ, ਬੰਗਾ ਰੋਡ ’ਤੇ ਸਥਿਤ ਸੁਖਬੀਰ ਸਿੰਘ ਸੰਧੜ ਦੀ ਰਿਹਾਇਸ਼, ਹੁਸ਼ਿਆਰਪੁਰ ਰੋਡ ’ਤੇ ਸਥਿਤ ਜਰਨੈਲ ਸਿੰਘ ਵਾਹਿਦ ਦੀ ਰਿਹਾਇਸ਼ ਤੇ ਰਾਵਲਪਿੰਡੀ ’ਚ ਸਥਿਤ ਜਸਵਿੰਦਰ ਸਿੰਘ ਬੈਂਸ ਦੇ ਟਿਕਾਣੇ ਸ਼ਾਮਿਲ ਹਨ। ਇਸ ਉਪਰੰਤ ਸ਼ਹਿਰ ’ਚ ਛਾਪਾ ਮਾਰਨ ਆਈਆਂ ਟੀਮਾਂ ਸ਼ਾਮ 5 ਵਜੇ ਵਾਪਸ ਮੁੜ ਗਈਆਂ ਪਰ ਰਾਵਲਪਿੰਡੀ ’ਚ ਰਹਿ ਰਹੇ ਬੈਂਸ ਦੇ ਘਰ ਜਾਂਚ ਜਾਰੀ ਸੀ।
ਅੱਜ ਸਵੇਰ ਤੋਂ ਇਨ੍ਹਾਂ ਥਾਵਾਂ ਦੇ ਬਾਹਰ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਸੀ ਤੇ ਇਸ ਬਾਰੇ ਕਿਸੇ ਨੂੰ ਕੁੱਝ ਦੱਸਿਆ ਨਹੀਂ ਜਾ ਰਿਹਾ ਸੀ। ਦੂਜੇ ਪਾਸੇ ਈਡੀ ਦੀ ਕਾਰਵਾਈ ਸਬੰਧੀ ਮਿੱਲ ਜਾਂ ਇਸ ਦੇ ਨੁਮਾਇੰਦਿਆਂ ਨੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ। ਈਡੀ ਦੀ ਜਾਂਚ ਪੰਜਾਬ ਵਿਜੀਲੈਂਸ ਬਿਊਰੋ ਸਤੰਬਰ 2023 ’ਚ ਦਰਜ ਐੱਫਆਈਆਰ ਨਾਲ ਜੁੜੀ ਹੋਈ ਹੈ, ਜਿਸ ਵਿੱਚ ਮਿੱਲ ’ਤੇ ‘ਮੁਆਫ਼ੀ ਜ਼ਮੀਨ’ ਦੀ ਦੁਰਵਰਤੋਂ ਦਾ ਦੋਸ਼ ਲਾਇਆ ਗਿਆ ਹੈ, ਜੋ 1933 ਵਿੱਚ ਕਪੂਰਥਲਾ ਰਿਆਸਤ ਦੇ ਮਹਾਰਾਜਾ ਜਗਤਜੀਤ ਸਿੰਘ ਵੱਲੋਂ ਅਲਾਟ ਕੀਤੀ ਗਈ ਸੀ। ‘ਮੁਆਫ਼ੀ ਜ਼ਮੀਨ’ ਉਹ ਥਾਂ ਹੁੰਦੀ ਹੈ ਜਿਸ ’ਤੇ ਰੈਵੇਨਿਊ ਅਦਾ ਨਹੀਂ ਕਰਨਾ ਪੈਂਦਾ। ਪਹਿਲਾਂ ਇਸ ਮਾਮਲੇ ’ਚ ਵਾਹਿਦ, ਉਸ ਦੀ ਪਤਨੀ ਰੁਪਿੰਦਰ ਕੌਰ ਅਤੇ ਪੁੱਤਰ ਸੰਦੀਪ ਸਿੰਘ ਨੂੰ ਵੀ ਉਸ ਸਮੇਂ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਸੀ।
ਜਰਨੈਲ ਸਿੰਘ ਵਾਹਿਦ ਪਹਿਲਾਂ ਆਪਣੇ ਐੱਨਆਰਆਈ ਸਾਥੀ ਸੁਖਬੀਰ ਐੱਸ ਸੰਧੜ ਤੇ ਜਸਵਿੰਦਰ ਸਿੰਘ ਬੈਂਸ ਵਾਸੀ ਰਾਵਲਪਿੰਡੀ ਨਾਲ ਖੰਡ ਮਿੱਲ ਦਾ ਭਾਈਵਾਲ ਸੀ। ਮਿੱਲ ਦੀ ਆਰਥਿਕ ਹਾਲਤ ਵਿਗੜਨ ਕਾਰਨ ਉਹ ਇਸ ਤੋਂ ਪਾਸੇ ਹੋ ਗਿਆ ਸੀ। ਹੁਣ ਇਸ ਮਿੱਲ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਰਾਣਾ ਸ਼ੂਗਰ ਮਿੱਲ ਵੱਲੋਂ ਚਲਾਈ ਜਾ ਰਹੀ ਹੈ।
ਸੂਤਰਾਂ ਨੇ ਦੱਸਿਆ ਕਿ ਵਾਹਿਦ ਸੰਧਰ ਸ਼ੂਗਰਜ਼ ਨੇ 2000 ਵਿੱਚ ਮੁਆਫ਼ੀ ਜ਼ਮੀਨ ’ਤੇ ਖੰਡ ਮਿੱਲ ਚਲਾਉਣ ਦੀ ਮਨਜ਼ੂਰੀ ਲਈ ਸੀ ਅਤੇ ਨੇਮਾਂ ਦੀ ਉਲੰਘਣਾ ਕਰਦਿਆਂ ਜ਼ਮੀਨ ਵੇਚ ਦਿੱਤੀ ਸੀ। ਕੇਂਦਰੀ ਏਜੰਸੀ ਦੀ ਜਾਂਚ ਮੁਤਾਬਕ ਇਸ ਕਾਰਨ ਨੂੰ ਸੂਬਾ ਸਰਕਾਰ ਨੂੰ ਲਗਪਗ 95 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।
ਦੱਸਣਯੋਗ ਹੈ ਕਿ ਵਾਹਿਦ ਦਾ ਪਿਛੋਕੜ ਵਿਵਾਦਾਂ ਭਰਿਆ ਰਿਹਾ ਹੈ। ਉਹ ਪਹਿਲਾਂ ਵੀ 2003 ’ਚ ਹਵਾਲਾ ਰਾਹੀਂ ਮਨੀ ਲਾਡਰਿੰਗ ਦੇ ਕੇਸ ’ਚ ਈਡੀ ਦੇ ਰਾਡਾਰ ’ਤੇ ਹੈ। ਇਹ ਮਾਮਲਾ ਉਸ ਦੇ ਪਰਵਾਸੀ ਭਾਰਤੀ ਸਾਥੀ ਸੰਧੜ ਵੱਲੋਂ ਸ਼ੂਗਰ ਮਿੱਲ ’ਚ ਕੀਤੇ ਗਏ ਨਿਵੇਸ਼ ਨਾਲ ਸਬੰਧਤ ਸੀ। ਉਨ੍ਹਾਂ ਦੇ ਸਾਰੇ ਵਿੱਤੀ ਲੈਣ-ਦੇਣ ਦੀ ਜਾਂਚ ਹੋਈ ਸੀ ਤੇ 2015 ’ਚ ਵੀ ਈਡੀ ਨੇ ਉਸ ਨੂੰ ਇਸੇ ਮਾਮਲੇ ’ਚ ਤਲਬ ਕੀਤਾ ਸੀ, ਉਹ ਉਸ ਸਮੇਂ ਮਾਰਕਫੈੱਡ ਦੇ ਚੇਅਰਮੈਨ ਸੀ।