ਈਡੀ ਵੱਲੋਂ ਰੌਬਰਟ ਵਾਡਰਾ ਤੋਂ ਸੰਜੈ ਭੰਡਾਰੀ ਮਨੀ ਲਾਂਡਰਿੰਗ ਕੇਸ ’ਚ ਪੁੱਛ ਪੜਤਾਲ
ਉਜਵਲ ਜਲਾਲੀ
ਨਵੀਂ ਦਿੱਲੀ, 14 ਜੁਲਾਈ
ED questions Robert Vadra ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਯੂਕੇ ਸਥਿਤ ਭਗੌੜੇ ਹਥਿਆਰ ਡੀਲਰ ਸੰਜੈ ਭੰਡਾਰੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਅੱਜ ਸੀਨੀਅਰ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਦੇ ਪਤੀ ਤੇ ਕਾਰੋਬਾਰੀ ਰੌਬਰਟ ਵਾਡਰਾ (56) ਤੋਂ ਪੁੱਛ ਪੜਤਾਲ ਕੀਤੀ ਹੈ। ਈਡੀ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਾਡਰਾ ਸਵੇਰੇ 11 ਵਜੇ ਦੇ ਕਰੀਬ ਏਜੰਸੀ ਦੇ ਦਫ਼ਤਰ ਪਹੁੰਚੇ ਅਤੇ ਇਸ ਵੇਲੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਈਡੀ ਨੇ ਦੋ ਵਾਰ 10 ਜੂਨ ਤੇ 17 ਜੂਨ ਲਈ ਵਾਡਰਾ ਨੂੰ ਸੰਮਨ ਕੀਤਾ ਸੀ, ਪਰ ਉਹ ਪੇਸ਼ ਨਹੀਂ ਹੋਏ। ਵਾਡਰਾ ਨੇ ਸੰਮਨਾਂ ਦੀ ਤਾਮੀਲ ਨਾ ਕਰਨ ਲਈ ਪਹਿਲਾਂ ਖ਼ਰਾਬ ਸਿਹਤ ਤੇ ਮਗਰੋਂ ਆਪਣੀ ਧੀ ਦੀ ਗ੍ਰੈਜੂਏਸ਼ਨ ਲਈ ਵਿਦੇਸ਼ ਯਾਤਰਾ ਦਾ ਹਵਾਲਾ ਦਿੱਤਾ ਸੀ।
ਈਡੀ ਵੱਲੋਂ ਕੀਤੀ ਜਾ ਰਹੀ ਤਫ਼ਤੀਸ਼ ਭੰਡਾਰੀ ਵਿਰੁੱਧ ਵਿਆਪਕ ਜਾਂਚ ਦਾ ਹਿੱਸਾ ਹੈ, ਜੋ 2016 ਵਿੱਚ ਆਮਦਨ ਕਰ ਵਿਭਾਗ ਦੇ ਛਾਪਿਆਂ ਤੋਂ ਬਾਅਦ ਭਾਰਤ ਤੋਂ ਭੱਜ ਗਿਆ ਸੀ ਅਤੇ ਹੁਣ ਯੂਕੇ ਵਿੱਚ ਰਹਿ ਰਿਹਾ ਹੈ। ਈਡੀ ਨੇ ਕਾਲੇ ਧਨ ਵਿਰੋਧੀ ਕਾਨੂੰਨ ਤਹਿਤ ਆਈਟੀ ਚਾਰਜਸ਼ੀਟ ਤੋਂ ਬਾਅਦ ਫਰਵਰੀ 2017 ਵਿੱਚ ਮਨੀ ਲਾਂਡਰਿੰਗ ਰੋਕੂ ਐਕਟ (ਪੀਐਮਐਲਏ) ਤਹਿਤ ਭੰਡਾਰੀ ਖਿਲਾਫ਼ ਕੇਸ ਦਰਜ ਕੀਤਾ ਸੀ।
ਏਜੰਸੀ ਨੇ ਭੰਡਾਰੀ ਵਿਰੁੱਧ ਆਪਣੀ ਪਹਿਲੀ ਚਾਰਜਸ਼ੀਟ 2020 ਵਿਚ ਦਾਇਰ ਕੀਤੀ ਸੀ, ਅਤੇ ਉਦੋਂ ਤੋਂ ਉਹ ਵਾਡਰਾ ਨਾਲ ਉਸ ਦੇ ਕਥਿਤ ਸਬੰਧਾਂ ਦੀ ਜਾਂਚ ਵੀ ਕਰ ਰਹੀ ਹੈ। ਈਡੀ ਨੇ 2023 ਵਿੱਚ ਦਾਖ਼ਲ ਇੱਕ ਪੂਰਕ ਚਾਰਜਸ਼ੀਟ ਵਿੱਚ ਦੋਸ਼ ਲਗਾਇਆ ਸੀ ਕਿ ਭੰਡਾਰੀ ਨੇ 2009 ਵਿੱਚ 12, ਬ੍ਰਾਇਨਸਟਨ ਸਕੁਏਅਰ, ਲੰਡਨ ਵਿਚ ਜਾਇਦਾਦ ਹਾਸਲ ਕੀਤੀ ਅਤੇ ‘ਵਾਡਰਾ ਦੇ ਨਿਰਦੇਸ਼ਾਂ ਅਨੁਸਾਰ’ ਇਸ ਦਾ ਨਵੀਨੀਕਰਨ ਕੀਤਾ।
ਵਾਡਰਾ ਨੇ ਲੰਡਨ ਵਿਚਲੀ ਇਸ ਜਾਇਦਾਦ ਨਾਲ ਕਿਸੇ ਵੀ ਮਾਲਕੀ ਜਾਂ ਸਬੰਧ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਇਸ ਮਾਮਲੇ ਨੂੰ ‘ਸਿਆਸਤ ਤੋਂ ਪ੍ਰੇਰਿਤ’ ਦੱਸਿਆ, ਜਿਸ ਦਾ ਇਕੋ ਇਕ ਮਕਸਦ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਹੈ। ਹਾਲ ਹੀ ਵਿੱਚ ਦਿੱਲੀ ਦੀ ਅਦਾਲਤ ਨੇ ਭੰਡਾਰੀ ਨੂੰ FEOA, 2018 ਤਹਿਤ ਭਗੌੜਾ ਆਰਥਿਕ ਅਪਰਾਧੀ ਐਲਾਨਿਆ ਹੈ।