ਈਡੀ ਵੱਲੋਂ ਅਨਿਲ ਅੰਬਾਨੀ ਗਰੁੱਪ ਦੀ 3000 ਕਰੋੜ ਦੀ ਜਾਇਦਾਦ ਕੁਰਕ
ED attaches properties worth Rs 3,000 crore in probe against Anil Ambani group
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰਿਲਾਇੰਸ ਅਨਿਲ ਅੰਬਾਨੀ ਸਮੂਹ ਦੀਆਂ 3,000 ਕਰੋੜ ਰੁਪਏ ਤੋਂ ਵੱਧ ਦੀਆਂ 40 ਤੋਂ ਵੱਧ ਜਾਇਦਾਦਾਂ ਅਸਥਾਈ ਤੌਰ ’ਤੇ ਜ਼ਬਤ ਕਰ ਲਈਆਂ ਹਨ। ਈਡੀ ਦੇ ਸੂਤਰਾਂ ਨੇ ਦੱਸਿਆ ਕਿ ਕਥਿਤ ਕਰਜ਼ਾ ਧੋਖਾਧੜੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਜ਼ਬਤ ਕੀਤੀਆਂ ਜਾਇਦਾਦਾਂ ਵਿੱਚ ਅੰਬਾਨੀ ਪਰਿਵਾਰ ਦਾ ਪਾਲੀ ਹਿੱਲ ਨਿਵਾਸ ਅਤੇ ਦਿੱਲੀ, ਨੋਇਡਾ, ਗਾਜ਼ੀਆਬਾਦ, ਮੁੰਬਈ, ਪੁਣੇ, ਠਾਣੇ, ਹੈਦਰਾਬਾਦ, ਚੇਨਈ, ਕਾਂਚੀਪੁਰਮ (ਤਾਮਿਲਨਾਡੂ) ਅਤੇ ਪੂਰਬੀ ਗੋਦਾਵਰੀ (ਆਂਧਰਾ ਪ੍ਰਦੇਸ਼) ਵਿਚਲੀਆਂ ਜਾਇਦਾਦਾਂ ਸ਼ਾਮਲ ਹਨ।
ਸੂਤਰਾਂ ਨੇ ਦੱਸਿਆ ਕਿ ਕੁਰਕੀਆਂ ਹਫਤੇ ਦੇ ਅੰਤ ਵਿੱਚ ਕੀਤੀਆਂ ਗਈਆਂ ਸਨ। ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੀ ਧਾਰਾ 5(1) ਦੇ ਤਹਿਤ 31 ਅਕਤੂਬਰ ਨੂੰ ਕੁਰਕੀਆਂ ਲਈ ਹੁਕਮ ਜਾਰੀ ਕੀਤੇ ਗਏ ਸਨ।
ਜ਼ਬਤ ਕੀਤੀਆਂ ਉਪਰੋਕਤ ਜਾਇਦਾਦਾਂ ਵਿੱਚ ਦਫਤਰ ਦੇ ਅਹਾਤੇ, ਰਿਹਾਇਸ਼ੀ ਇਕਾਈਆਂ ਅਤੇ ਜ਼ਮੀਨਾਂ ਦੇ ਟੁਕੜੇ ਸ਼ਾਮਲ ਹਨ। ਇਨ੍ਹਾਂ ਵਿੱਚ ਨਵੀਂ ਦਿੱਲੀ ਵਿੱਚ ਮਹਾਰਾਜਾ ਰਣਜੀਤ ਸਿੰਘ ਮਾਰਗ ’ਤੇ ਸਥਿਤ ਰਿਲਾਇੰਸ ਸੈਂਟਰ ਵੀ ਸ਼ਾਮਲ ਹੈ।
ਸੂਤਰਾਂ ਨੇ ਦੱਸਿਆ ਕਿ ਚਾਰਾਂ ਹੁਕਮਾਂ ਤਹਿਤ ਕੁਰਕ ਕੀਤੀਆਂ ਜਾਇਦਾਦਾਂ ਦੀ ਕੁੱਲ ਕੀਮਤ ਕਰੀਬ 3,084 ਕਰੋੜ ਰੁਪਏ ਹੈ। ਇਹ ਮਾਮਲਾ ਰਿਲਾਇੰਸ ਹੋਮ ਫਾਇਨਾਂਸ ਲਿਮਟਿਡ (RHFL) ਅਤੇ ਰਿਲਾਇੰਸ ਕਮਰਸ਼ੀਅਲ ਫਾਇਨਾਂਸ ਲਿਮਟਿਡ (RCFL) ਵੱਲੋਂ ਇਕੱਠੇ ਕੀਤੇ ਜਨਤਕ ਫੰਡਾਂ ਨੂੰ ਕਥਿਤ ਤੌਰ ’ਤੇ ਹੋਰ ਥਾਵਾਂ ’ਤੇ ਡਾਇਵਰਟ ਕਰਨ ਅਤੇ ਲਾਂਡਰਿੰਗ ਨਾਲ ਸਬੰਧਤ ਹੈ।

