ਵੋਟਰ ਸੂਚੀ ’ਚੋਂ ਨਾਂ ਹਟਾਉਣ ਲਈ ਈ-ਵੈਰੀਫਿਕੇਸ਼ਨ ਜ਼ਰੂਰੀ
ਨਾਂ ਹਟਵਾਉਣ ਜਾਂ ਸ਼ਾਮਲ ਕਰਵਾਉਣ ਲਈ ਰਜਿਸਟਰਡ ਮੋਬਾਈਲ ਨੰਬਰ ’ਤੇ ਆਵੇਗਾ ਓ ਟੀ ਪੀ
ਚੋਣ ਕਮਿਸ਼ਨ ਨੇ ਵੋਟਰ ਸੂਚੀ ਵਿੱਚੋਂ ਨਾਂ ਹਟਾਉਣ ਦੀ ਸੂਹਲਤ ਦੀ ਦੁਰਵਰਤੋਂ ਰੋਕਣ ਲਈ ਈ-ਵੈਰੀਫਿਕੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਹੁਣ ਜਿਹੜੇ ਲੋਕ ਵੋਟਰ ਸੂਚੀ ’ਚੋਂ ਨਾਂ ਹਟਾਉਣ ਦੀ ਮੰਗ ਕਰਨਗੇ ਜਾਂ ਕਿਸੇ ਦਾ ਨਾਂ ਸ਼ਾਮਲ ਕਰਨ ’ਤੇ ਇਤਰਾਜ਼ ਕਰਨਗੇ, ਉਨ੍ਹਾਂ ਨੂੰ ਆਪਣੇ ਰਜਿਸਟਰਡ ਮੋਬਾਈਲ ਫੋਨ ’ਤੇ ਵਨ-ਟਾਈਮ ਪਾਸਵਰਡ (ਓ ਟੀ ਪੀ) ਪ੍ਰਾਪਤ ਹੋਵੇਗਾ।
ਅਧਿਕਾਰੀ ਨੇ ਕਿਹਾ, ‘ਅਜਿਹੇ ਮਾਮਲੇ ਹੋ ਸਕਦੇ ਹਨ, ਜਿੱਥੇ ਕੋਈ ਵਿਅਕਤੀ ਕਿਸੇ ਦਾ ਨਾਂ ਹਟਾਉਣ ਲਈ ਆਨਲਾਈਨ ਇਤਰਾਜ਼ ਦਾਇਰ ਕਰਨ ਵੇਲੇ ਕਿਸੇ ਹੋਰ ਦਾ ਨਾਂ ਜਾਂ ਫ਼ੋਨ ਨੰਬਰ ਦੇ ਦੇਵੇ। ਇਹ ਨਵੀਂ ਸਹੂਲਤ ਅਜਿਹੀ ਦੁਰਵਰਤੋਂ ਰੋਕੇਗੀ।’ ਇਹ ਸਹੂਲਤ ਹਫ਼ਤਾ ਪਹਿਲਾਂ ਸ਼ੁਰੂ ਕੀਤੀ ਗਈ ਸੀ ਅਤੇ ਚੋਣ ਅਥਾਰਿਟੀ ਦੇ ਅਧਿਕਾਰੀ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਇਹ ਕਾਰਵਾਈ ਕਰਨਾਟਕ ਦੇ ਆਲੰਦ ਵਿਧਾਨ ਸਭਾ ਹਲਕੇ ਵਿੱਚ ਨਾਵਾਂ ਨੂੰ ਗਲਤ ਤਰੀਕੇ ਨਾਲ ਹਟਾਉਣ ਦੀਆਂ ਕੋਸ਼ਿਸ਼ਾਂ ਦੀ ਪ੍ਰਤੀਕਿਰਿਆ ਵਜੋਂ ਨਹੀਂ ਕੀਤੀ ਗਈ ਹੈ।
ਚੋਣ ਕਮਿਸ਼ਨ (ਈ ਸੀ) ਨੇ ਕਿਹਾ ਕਿ ਭਾਵੇਂ ਕਿਸੇ ਹਲਕੇ ਦਾ ਵੋਟਰ ਉਸ ਹਲਕੇ ਦੀ ਸੂਚੀ ’ਚੋਂ ਕਿਸੇ ਦਾ ਨਾਂ ਹਟਾਉਣ ਲਈ ਆਨਲਾਈਨ ਫਾਰਮ 7 ਭਰ ਸਕਦਾ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਸਿਰਫ਼ ਫਾਰਮ 7 ਜਮ੍ਹਾਂ ਕਰਾਉਣ ਨਾਲ ਹੀ ਉਹ ਨਾਂ ਆਪਣੇ ਆਪ ਹਟਾ ਦਿੱਤਾ ਜਾਂਦਾ ਹੈ। ਚੋਣ ਸੰਸਥਾ ਨੇ ਦੱਸਿਆ ਕਿ ਆਲੰਦ ਵਿੱਚ ਨਾਂ ਹਟਾਉਣ ਲਈ 6,018 ‘ਫਾਰਮ 7’ ਅਰਜ਼ੀਆਂ ਆਨਲਾਈਨ ਜਮ੍ਹਾਂ ਕਰਵਾਈਆਂ ਗਈਆਂ ਸਨ। ਜਾਂਚ ਕਰਨ ’ਤੇ ਸਿਰਫ਼ 24 ਅਰਜ਼ੀਆਂ ਹੀ ਅਸਲੀ ਪਾਈਆਂ ਗਈਆਂ, ਜਦਕਿ 5,994 ਅਰਜ਼ੀਆਂ ਗਲਤ ਪਾਈਆਂ ਗਈਆਂ। ਇਸ ਕਰਕੇ 24 ਅਰਜ਼ੀਆਂ ਸਵੀਕਾਰ ਕਰ ਲਈਆਂ ਗਈਆਂ ਅਤੇ 5,994 ਗਲਤ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ।
ਸਾਡੇ ਵੱਲੋਂ ਮੁੱਦਾ ਚੁੱਕਣ ਮਗਰੋਂ ‘ਵੋਟ ਚੋਰੀ’ ’ਤੇ ‘ਤਾਲਾ’ ਲੱਗਿਆ: ਰਾਹੁਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਐਕਸ ’ਤੇ ਦਾਅਵਾ ਕੀਤਾ ਕਿ ਉਨ੍ਹਾਂ ਵੱਲੋਂ ਮੁੱਦਾ ਚੁੱਕਣ ਮਗਰੋਂ ਹੀ ਚੋਣ ਕਮਿਸ਼ਨ ਨੇ ‘ਵੋਟ ਚੋਰੀ’ ’ਤੇ ‘ਤਾਲਾ’ ਲਾਇਆ ਹੈ। ਉਨ੍ਹਾਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਪੁੱਛਿਆ ਕਿ ਉਹ ਆਲੰਦ ਵਿੱਚ ਵੋਟਾਂ ‘ਕੱਟਣ’ ਦੇ ਮਾਮਲੇ ਵਿੱਚ ਕਰਨਾਟਕ ਸੀ ਆਈ ਡੀ ਨੂੰ ਸਬੂਤ ਕਦੋਂ ਦੇਣਗੇ। ਰਾਹੁਲ ਨੇ ਕਿਹਾ, ‘ਗਿਆਨੇਸ਼ ਜੀ, ਜਦੋਂ ਅਸੀਂ ਚੋਰੀ ਫੜੀ, ਉਦੋਂ ਹੀ ਤੁਹਾਨੂੰ ਤਾਲਾ ਲਾਉਣ ਦੀ ਯਾਦ ਆਈ। ਹੁਣ ਅਸੀਂ ਚੋਰਾਂ ਨੂੰ ਵੀ ਫੜਾਂਗੇ।’