ਆਧੁਨਿਕ ਜੰਗ ’ਚ ਡਰੋਨਾਂ ਦੀ ਅਹਿਮ ਭੂਮਿਕਾ: ਰਾਜਨਾਥ ਸਿੰਘ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਦੀ ਜੰਗ ਰਣਨੀਤੀ ਵਿੱਚ ਡਰੋਨਾਂ ਨੂੰ ਸ਼ਾਮਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਡਰੋਨਾਂ ਨੂੰ ਆਧੁਨਿਕ ਜੰਗੀ ਰਣਨੀਤੀ ਲਈ ਮਹੱਤਵਪੂਰਨ ਦੱਸਿਆ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਅੱਜ ਦੇ ਦੌਰ ਵਿੱਚ ਅਤਿਵਾਦ, ਖੇਤਰੀ ਟਕਰਾਅ ਅਤੇ ਟੈਕਸ ਨੂੰ ਲੈ ਕੇ ਚੱਲ ਰਹੀ ਜੰਗ ਦਰਮਿਆਨ ਭਾਰਤ ਦੀ ਫੌਜ ਅਨਿਸ਼ਚਿਤ ਵਿਦੇਸ਼ੀ ਸਪਲਾਈ ਉੱਤੇ ਨਿਰਭਰ ਨਹੀਂ ਰਹਿ ਸਕਦੀ ਅਤੇ ਦੇਸ਼ ਦੀ ਰਣਨੀਤਕ ਖ਼ੁਦਮੁਖਤਿਆਰੀ ਦੀ ਰਾਖੀ ਲਈ ਰੱਖਿਆ ਦੇ ਖੇਤਰ ਵਿੱਚ ਆਤਮ-ਨਿਰਭਰਤਾ ਬਹੁਤ ਜ਼ਰੂਰੀ ਹੈ। ਰੱਖਿਆ ਮੰਤਰੀ ਨੇ ਇਹ ਐਲਾਨ ਵੀ ਕੀਤਾ ਕਿ ਭਾਰਤ ਨੇ ਸ਼ਕਤੀਸ਼ਾਲੀ ਸਵਦੇਸ਼ੀ ਐਰੋ-ਇੰਜਣ ਬਣਾਉਣ ਦੀ ਚੁਣੌਤੀ ਨੂੰ ਸਵੀਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਅਹਿਮ ਪ੍ਰਾਜੈਕਟ ਦੀਆਂ ਤਿਆਰੀਆਂ ਲਗਪਗ ਪੂਰੀਆਂ ਹੋ ਚੁੱਕੀਆਂ ਹਨ ਅਤੇ ਇਸ ਦਾ ਕੰਮ ਜਲਦੀ ਹੀ ਸ਼ੁਰੂ ਹੋਵੇਗਾ। ਉਹ ਵੱਖ ਵੱਖ ਪ੍ਰੋਗਰਾਮਾਂ ਦੌਰਾਨ ਬੋਲ ਰਹੇ ਸਨ।
ਰਾਜਨਾਥ ਸਿੰਘ ਨੇ ਕਿਹਾ, ‘‘ਆਮ ਤੌਰ ’ਤੇ ਜਦੋਂ ਅਸੀਂ ਏਅਰਕ੍ਰਾਫਟ ਸ਼ਬਦ ਸੁਣਦੇ ਹਾਂ, ਤਾਂ ਤੇਜਸ, ਰਾਫਾਲ ਅਤੇ ਜੰਗੀ ਜਹਾਜ਼ਾਂ ਦੀਆਂ ਤਸਵੀਰਾਂ ਸਾਡੇ ਦਿਮਾਗ ਵਿੱਚ ਆਉਂਦੀਆਂ ਹਨ। ਇਹ ਸੁਭਾਵਿਕ ਹੈ, ਕਿਉਂਕਿ ਇਹ ਸਾਰੇ ਜੰਗੀ ਜਹਾਜ਼ ਹਨ। ਹਾਲਾਂਕਿ, ਅੱਜ ਦੇ ਬਦਲਦੇ ਸਮੇਂ ਵਿੱਚ ਡਰੋਨ ਇਸ ਖੇਤਰ ’ਚ ਇੱਕ ਮਹੱਤਵਪੂਰਨ ਤਾਕਤ ਵਜੋਂ ਉੱਭਰੇ ਹਨ। ਡਰੋਨ ਹੁਣ ਉਨ੍ਹਾਂ ਖੇਤਰਾਂ ਵਿੱਚ ਵੀ ਤਾਇਨਾਤ ਕੀਤੇ ਜਾ ਰਹੇ ਹਨ ਜਿੱਥੇ ਵੱਡੇ ਉਪਕਰਨ ਨਹੀਂ ਪਹੁੰਚ ਸਕਦੇ।’’ ਉਹ ਨੋਇਡਾ ਵਿੱਚ ਰਾਫੇ ਐੱਮ ਫਾਈਬਰ ਪ੍ਰਾਈਵੇਟ ਲਿਮਿਟਡ ਦੇ ਰੱਖਿਆ ਉਪਕਰਨ ਅਤੇ ਇੰਜਣ-ਜਾਂਚ ਪਲਾਂਟ ਦੇ ਉਦਘਾਟਨ ਮੌਕੇ ਬੋਲ ਰਹੇ ਸਨ।
ਸਿੰਘ ਨੇ ਅੱਗੇ ਕਿਹਾ, ‘‘ਜੇਕਰ ਤੁਸੀਂ ਰੂਸ-ਯੂਕਰੇਨ ਸੰਘਰਸ਼ ਨੂੰ ਨੇੜਿਓਂ ਦੇਖੋ, ਤਾਂ ਤੁਸੀਂ ਦੇਖੋਗੇ ਕਿ ਡਰੋਨਾਂ ਦੀ ਵਿਆਪਕ ਵਰਤੋਂ ਕੀਤੀ ਗਈ ਹੈ - ਪਹਿਲਾਂ, ਹੁਣ ਅਤੇ ਲਗਾਤਾਰ। ਇਹ ਸਾਬਿਤ ਕਰਦਾ ਹੈ ਕਿ ਡਰੋਨਾਂ ਦੀ ਮਹੱਤਤਾ ਨੂੰ ਸਮਝਣਾ ਅਤੇ ਉਨ੍ਹਾਂ ਨੂੰ ਸਾਡੀ ਜੰਗੀ ਰਣਨੀਤੀ ਵਿੱਚ ਸ਼ਾਮਲ ਕਰਨਾ ਕਾਫੀ ਜ਼ਰੂਰੀ ਹੋ ਗਿਆ ਹੈ।’’ ਇਸ ਮੌਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਮੌਜੂਦ ਸਨ।
‘ਭਾਰਤ ਆਪਣੇ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ’
ਇੱਥੇ ਐੱਨਡੀਟੀਵੀ ਰੱਖਿਆ ਸੰਮੇਲਨ ਦੌਰਾਨ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਅਗਲੇ 10 ਸਾਲਾਂ ਦੇ ਅੰਦਰ ਤਜਵੀਜ਼ਤ ਸੁਦਰਸ਼ਨ ਚੱਕਰ ਹਵਾਈ ਰੱਖਿਆ ਪ੍ਰਣਾਲੀ ਤਹਿਤ ਦੇਸ਼ ਭਰ ਦੇ ਸਾਰੇ ਅਹਿਮ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਹਵਾਈ ਸੁਰੱਖਿਆ ਪ੍ਰਦਾਨ ਕਰਨ ਦੀ ਯੋਜਨਾ ਬਣਾ ਰਹੀ ਹੈ। ਸਿੰਘ ਨੇ ਅਮਰੀਕਾ ਦਾ ਨਾਮ ਲਏ ਬਿਨਾਂ ਕਿਹਾ ਕਿ ਬਹੁਤ ਸਾਰੇ ਵਿਕਸਤ ਦੇਸ਼ ਸੁਰੱਖਿਆਵਾਦੀ ਉਪਾਅ ਕਰ ਰਹੇ ਹਨ, ਜਿਸ ਨਾਲ ਵਪਾਰਕ ਜੰਗ ਅਤੇ ਟੈਰਿਫ਼ ਜੰਗ ਦੀ ਸਥਿਤੀ ਹੋਰ ਗੰਭੀਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਭਾਰਤ ਕਿਸੇ ਨਾਲ ਦੁਸ਼ਮਣੀ ਨਹੀਂ ਚਾਹੁੰਦਾ ਪਰ ਆਪਣੇ ਹਿੱਤਾਂ ਨਾਲ ਸਮਝੌਤਾ ਵੀ ਨਹੀਂ ਕਰੇਗਾ। ਸਾਡੇ ਲੋਕਾਂ, ਕਿਸਾਨਾਂ ਅਤੇ ਛੋਟੇ ਕਾਰੋਬਾਰੀਆਂ ਦੀ ਭਲਾਈ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਜਿੰਨਾ ਜ਼ਿਆਦਾ ਦੁਨੀਆ ਦਬਾਅ ਪਾਉਂਦੀ ਹੈ, ਓਨਾ ਹੀ ਭਾਰਤ ਮਜ਼ਬੂਤ ਹੋ ਕੇ ਉੱਭਰਦਾ ਹੈ।” ਇਸ ਦੇ ਨਾਲ ਹੀ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰੱਖਿਆ ਦੇ ਖੇਤਰ ਵਿੱਚ ਆਤਮ-ਨਿਰਭਰ ਬਣਨ ਦੀ ਭਾਰਤ ਦੀ ਨੀਤੀ ਸੁਰੱਖਿਆਵਾਦ ਨਹੀਂ ਹੈ ਬਲਕਿ ਇਹ ਪ੍ਰਭੂਸੱਤਾ ਬਾਰੇ ਹੈ।