ਬਿਹਾਰ ਵੋਟਰ ਸੂਚੀ ਦਾ ਖਰੜਾ ਜਾਰੀ; 65 ਲੱਖ ਤੋਂ ਵੱਧ ਨਾਂ ਕੱਟੇ
ਚੋਣ ਕਮਿਸ਼ਨ ਵੱਲੋਂ ਬਿਹਾਰ ਵਿੱਚ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ) ਤਹਿਤ ਤਿਆਰ ਕੀਤੀਆਂ ਗਈਆਂ ਵੋਟਰ ਸੂਚੀਆਂ ਦੇ ਖਰੜੇ ਵਿੱਚ 65 ਲੱਖ ਤੋਂ ਵੱਧ ਨਾਮ ਸ਼ਾਮਲ ਨਹੀਂ ਕੀਤੇ ਗਏ ਹਨ, ਜਿਸ ਕਾਰਨ ਕੁੱਲ 7.9 ਕਰੋੜ ਰਜਿਸਟਰਡ ਵੋਟਰਾਂ ਦੀ ਗਿਣਤੀ ਘੱਟ ਕੇ 7.24 ਕਰੋੜ ਰਹਿ ਗਈ ਹੈ।
ਵੋਟਰ ਸੂਚੀਆਂ ਦਾ ਖਰੜਾ ਆਨਲਾਈਨ ਅਤੇ ਸੂਬੇ ਦੇ ਸਾਰੇ 38 ਜ਼ਿਲ੍ਹਿਆਂ ਵਿੱਚ ਉਪਲਬਧ ਕਰਵਾ ਦਿੱਤਾ ਗਿਆ ਹੈ। ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ‘ਦਾਅਵਿਆਂ ਅਤੇ ਇਤਰਾਜ਼ਾਂ’ ਦੇ ਪੜਾਅ ਲਈ ਇਨ੍ਹਾਂ ਦੀਆਂ ਪ੍ਰਿੰਟ ਕਾਪੀਆਂ ਦਿੱਤੀਆਂ ਜਾ ਰਹੀਆਂ ਹਨ। ਇਹ ਅਮਲ ਪਹਿਲੀ ਸਤੰਬਰ ਤੱਕ ਜਾਰੀ ਰਹੇਗਾ ਅਤੇ ਉਸ ਤੋਂ ਬਾਅਦ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ।
ਸੂਬੇ ਦੀ ਰਾਜਧਾਨੀ ਵਿੱਚ ਕਾਂਗਰਸ ਅਤੇ ਆਰਜੇਡੀ ਵਰਗੀਆਂ ਵਿਰੋਧੀ ਪਾਰਟੀਆਂ ਜੋ ਕਿ ਇਹ ਦੋਸ਼ ਲਗਾ ਰਹੀਆਂ ਹਨ ਕਿ ਇਹ ਕਾਰਵਾਈ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਐੱਨਡੀਏ ਗੱਠਜੋੜ ਦੀ ਮਦਦ ਕਰਨ ਦੇ ਇਰਾਦੇ ਨਾਲ ਕੀਤੀ ਗਈ ਸੀ, ਨੇ ਖਰੜਾ ਵੋਟਰ ਸੂਚੀਆਂ ਵਿੱਚ ਸਾਂਝੇ ਕੀਤੇ ਵੇਰਵਿਆਂ ’ਤੇ ਅਸੰਤੁਸ਼ਟੀ ਜ਼ਾਹਿਰ ਕੀਤੀ ਹੈ। ਚੋਣ ਕਮਿਸ਼ਨ ਮੁਤਾਬਕ, ਪਟਨਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 3.95 ਲੱਖ ਨਾਵਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। -ਪੀਟੀਆਈ
ਵੋਟ ਚੋਰੀ ਦਾ ਸਾਡੇ ਕੋਲ ‘ਐਟਮ ਬੰਬ’ ਵਾਂਗ ਪੱਕਾ ਸਬੂਤ: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਭਾਜਪਾ ਲਈ ‘ਵੋਟ ਚੋਰੀ’ ਵਿਚ ਸ਼ਾਮਲ ਹੈ ਅਤੇ ਉਨ੍ਹਾਂ ਦੀ ਪਾਰਟੀ ਕੋਲ ਇਸ ਬਾਰੇ ‘ਐਟਮ ਬੰਬ’ ਵਾਂਗ ਪੱਕੇ ਸਬੂਤ ਹਨ। ਉਨ੍ਹਾਂ ਕਿਹਾ ਕਿ ਜਿਸ ਦਿਨ ਇਹ ਬੰਬ ਫਟੇਗਾ, ਉਸ ਦਿਨ ਚੋਣ ਕਮਿਸ਼ਨ ਨੂੰ ਮੂੰਹ ਲੁਕਾਉਣ ਦੀ ਕੋਈ ਥਾਂ ਨਹੀਂ ਮਿਲੇਗੀ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਚੋਣ ਕਮਿਸ਼ਨ ਦੇ ਉਪਰ ਤੋਂ ਲੈ ਕੇ ਹੇਠਾਂ ਤੱਕ ਜਿਹੜੇ ਵੀ ਲੋਕ ਇਸ ਹਰਕਤ ਵਿੱਚ ਸ਼ਾਮਲ ਹਨ, ਉਨ੍ਹਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਉਹ ਬਖ਼ਸ਼ੇ ਨਹੀਂ ਜਾਣਗੇ ਕਿਉਂਕਿ ਉਹ ‘ਦੇਸ਼ਧ੍ਰੋਹ’ ’ਚ ਸ਼ਾਮਲ ਹਨ। ਕਾਂਗਰਸ ਆਗੂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਚੋਣ ਕਮਿਸ਼ਨ ਨੇ ਬਿਹਾਰ ਲਈ ਵੋਟਰ ਸੂਚੀਆਂ ਦਾ ਖਰੜਾ ਪ੍ਰਕਾਸ਼ਿਤ ਕਰ ਦਿੱਤਾ ਹੈ। ਇਥੇ ਸੰਸਦੀ ਕੰਪਲੈਕਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਨੇ ਕਿਹਾ, ‘‘ਮੈਂ ਇਹ ਮਜ਼ਾਕ ਵਿਚ ਨਹੀਂ ਆਖ ਰਿਹਾ ਹਾਂ। ਮੈਂ 100 ਫ਼ੀਸਦ ਸਬੂਤ ਨਾਲ ਇਹ ਗੱਲ ਕਹਿ ਰਿਹਾ ਹਾਂ। ਜਿਵੇਂ ਹੀ ਅਸੀਂ ਇਹ ਸਬੂਤ ਨਸ਼ਰ ਕੀਤੇ, ਪੂਰੇ ਦੇਸ਼ ਨੂੰ ਪਤਾ ਲੱਗ ਜਾਵੇਗਾ ਕਿ ਚੋਣ ਕਮਿਸ਼ਨ ਵੋਟ ਚੋਰੀ ਵਿਚ ਸ਼ਾਮਲ ਹੈ। ਉਹ ਭਾਜਪਾ ਲਈ ਇਹ ਕਰ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ 2023 ਦੀਆਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਬੇਨਿਯਮੀਆਂ ਦਾ ਸ਼ੱਕ ਹੋਇਆ ਸੀ। ਫਿਰ ਲੋਕ ਸਭਾ ਚੋਣਾਂ ਅਤੇ ਮਹਾਰਾਸ਼ਟਰ ਚੋਣਾਂ ਵਿਚ ਇਹ ਸ਼ੱਕ ਹੋਰ ਵੱਧ ਗਿਆ ਸੀ। ਉਨ੍ਹਾਂ ਕਿਹਾ, ‘‘ਅਸੀਂ ਖੁਦ ਜਾਂਚ ਕਰਵਾਈ ਜਿਸ ਨੂੰ ਛੇ ਮਹੀਨੇ ਲੱਗੇ ਅਤੇ ਜੋ ਸਾਨੂੰ ਮਿਲਿਆ ਹੈ, ਉਹ ਐਟਮ ਬੰਬ ਹੈ, ਜਦੋਂ ਇਹ ਫਟਿਆ ਤਾਂ ਚੋਣ ਕਮਿਸ਼ਨ ਕੋਲ ਦੇਸ਼ ਵਿੱਚ ਸਿਰ ਲੁਕਾਉਣ ਲਈ ਕੋਈ ਥਾਂ ਨਹੀਂ ਹੋਵੇਗੀ।’’ ਇਸ ਦੌਰਾਨ ਕਾਂਗਰਸ ਨੇ ਕਿਹਾ ਕਿ ਉਹ ਕਰਨਾਟਕ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ’ਚ ਕੀਤੀ ਗਈ ਹੇਰਾ-ਫੇਰੀ ਦਾ 5 ਅਗਸਤ ਨੂੰ ਪਰਦਾਫਾਸ਼ ਕਰਨਗੇ। ਕਾਂਗਰਸ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਪਾਰਟੀ ਨੇ ਇਸ ਧੋਖਾਧੜੀ ਖ਼ਿਲਾਫ਼ ਰਾਹੁਲ ਗਾਂਧੀ ਦੀ ਅਗਵਾਈ ਹੇਠ ਬੰਗਲੂਰੂ ’ਚ ਵੱਡੇ ਪ੍ਰਦਰਸ਼ਨ ਦੀ ਯੋਜਨਾ ਬਣਾਈ ਹੈ। -ਪੀਟੀਆਈ
ਬੇਬੁਨਿਆਦ ਦੋਸ਼ਾਂ ਨੂੰ ਨਜ਼ਰਅੰਦਾਜ਼ ਕਰੋ: ਚੋਣ ਕਮਿਸ਼ਨ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਲਾਏ ਗਏ ਦੋਸ਼ਾਂ ਨੂੰ ‘ਬੇਬੁਨਿਆਦ’ ਦੱਸ ਕੇ ਖਾਰਜ ਕਰ ਦਿੱਤਾ ਹੈ। ਕਮਿਸ਼ਨ ਨੇ ਆਪਣੇ ਅਧਿਕਾਰੀਆਂ ਨੂੰ ਅਜਿਹੀਆਂ ‘ਗੈਰਜ਼ਿੰਮੇਵਾਰਾਨਾ ਟਿੱਪਣੀਆਂ’ ਨੂੰ ਨਜ਼ਰਅੰਦਾਜ਼ ਕਰਨ ਲਈ ਕਿਹਾ ਹੈ। ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਦੇ ਜਵਾਬ ਵਿਚ ਕਿਹਾ, ‘‘ਚੋਣ ਕਮਿਸ਼ਨ ਰੋਜ਼ਾਨਾ ਲਗਾਏ ਜਾਂਦੇ ਅਜਿਹੇ ਬੇਬੁਨਿਆਦ ਦੋਸ਼ਾਂ ਨੂੰ ਨਜ਼ਰਅੰਦਾਜ਼ ਕਰਦਾ ਹੈ ਅਤੇ ਰੋਜ਼ਾਨਾ ਮਿਲ ਰਹੀਆਂ ਧਮਕੀਆਂ ਦੇ ਬਾਵਜੂਦ ਉਹ ਸਾਰੇ ਚੋਣ ਅਧਿਕਾਰੀਆਂ ਨੂੰ ਅਜਿਹੇ ਗੈਰ-ਜ਼ਿੰਮੇਵਾਰਾਨਾ ਬਿਆਨਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕੰਮ ਜਾਰੀ ਰੱਖਣ ਲਈ ਆਖਦਾ ਹੈ।’’ -ਪੀਟੀਆਈ
ਬੰਬ ਵਾਂਗ ਫਟਣ ਦੀ ਬਜਾਏ ਪਾਣੀ ਵਾਂਗ ਵਹਿਣਾ ਸਿੱਖੋ: ਭਾਜਪਾ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਦੇ ਤਿੱਖੇ ਬਿਆਨ ਮਗਰੋਂ ਭਾਜਪਾ ਨੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ‘ਬੰਬ ਵਾਂਗ ਫਟਣ’ ਦੀ ਬਜਾਏ ‘ਪਾਣੀ ਵਾਂਗ ਵਹਿਣ’ ਦੀ ਕੋਸ਼ਿਸ਼ ਕਰਨ। ਹੁਕਮਰਾਨ ਧਿਰ ਨੇ ਚੋਣ ਕਮਿਸ਼ਨ ਨੂੰ ਨਿਸ਼ਾਨਾ ਬਣਾਉਣ ਲਈ ਵਰਤੀ ਗਈ ‘ਗ਼ੈਰ-ਜਮਹੂਰੀ ਅਤੇ ਅਪਮਾਨਜਨਕ’ ਭਾਸ਼ਾ ਦੀ ਵੀ ਨਿਖੇਧੀ ਕੀਤੀ। ਭਾਜਪਾ ਆਗੂ ਸੰਬਿਤ ਪਾਤਰਾ ਨੇ ਕਿਹਾ ਕਿ ਜੇ ਉਹ ਬੰਬ ਧਮਾਕਾ ਕਰਨਗੇ ਤਾਂ ਅਸੀਂ ਸੰਵਿਧਾਨ ਬਚਾਵਾਂਗੇ। ਪਾਤਰਾ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਆਖਣਾ ਚਾਹੀਦਾ ਸੀ ਕਿ ਉਹ ਚੋਣ ਕਮਿਸ਼ਨ ਖ਼ਿਲਾਫ਼ ਸੁਪਰੀਮ ਕੋਰਟ ਜਾਣਗੇ ਜਾਂ ਲੋਕਤੰਤਰੀ ਢੰਗ ਨਾਲ ਉਸ ਖ਼ਿਲਾਫ਼ ਪ੍ਰਦਰਸ਼ਨ ਕਰਨਗੇ ਪਰ ਬੰਬ ਵਾਂਗ ਫਟਣ ਵਰਗਾ ਬਿਆਨ ਦੇਣਾ ਗਲਤ ਹੈ। -ਪੀਟੀਆਈ