ਫਿਲਮ ‘ਡੌਨ’ ਦੇ ਨਿਰਦੇਸ਼ਕ ਚੰਦਰ ਬਰੋਟ ਦਾ ਦੇਹਾਂਤ
ਅਦਾਕਾਰ ਅਮਿਤਾਭ ਬੱਚਨ ਦੀ 1978 ਵਿੱਚ ਰਿਲੀਜ਼ ਹੋਈ ਫਿਲਮ ‘ਡੌਨ’ ਦੇ ਨਿਰਦੇਸ਼ਕ ਚੰਦਰ ਬਰੋਟ ਦਾ ਅੱਜ ਇੱਥੋਂ ਦੇ ਇਕ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਬਰੋਟ ਦੇ ਪਰਿਵਾਰ ਨੇ ਇਹ ਜਾਣਕਾਰੀ ਦਿੱਤੀ। ਚੰਦਰ ਬਰੋਟ 86 ਸਾਲਾਂ ਦੇ ਸਨ।
ਬਰੋਟ ਦੇ ਪਰਿਵਾਰ ਮੁਤਾਬਕ, ਉਹ ਪਿਛਲੇ 11 ਸਾਲਾਂ ਤੋਂ ‘ਇਡਿਓਪੈਥਿਕ ਪਲਮਨਰੀ ਫਾਇਬ੍ਰੋਸਿਸ’ (ਫੇਫੜਿਆਂ ਨਾਲ ਜੁੜੀ ਬਿਮਾਰੀ) ਨਾਲ ਜੂਝ ਰਹੇ ਸਨ ਅਤੇ ਗੁਰੂ ਨਾਨਕ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਉਨ੍ਹਾਂ ਦੀ ਪਤਨੀ ਦੀਪਾ ਬਰੋਟ ਨੇ ਦੱਸਿਆ ਕਿ ਅੱਜ ਸਵੇਰੇ 6.30 ਵਜੇ ਗੁਰੂ ਨਾਨਕ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੱਸਿਆ ਕਿ ਬਰੋਟ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ‘ਪੂਰਬ ਤੇ ਪੱਛਮ’, ‘ਰੋਟੀ ਕੱਪੜਾ ਤੇ ਮਕਾਨ’, ‘ਯਾਦਗਾਰ’ ਅਤੇ ‘ਸ਼ੋਰ’ ਵਿੱਚ ਅਦਾਕਾਰ-ਨਿਰਦੇਸ਼ਕ ਮਨੋਜ ਕੁਮਾਰ ਦੇ ਸਹਾਇਕ ਨਿਰਦੇਸ਼ਕ ਵਜੋਂ ਵੀ ਕੰਮ ਕੀਤਾ ਸੀ।
‘ਡੌਨ’ ਤੋਂ ਬਾਅਦ ਚੰਦਰ ਬਰੋਟ ਨੇ 1989 ਵਿੱਚ ਬੰਗਾਲੀ ਫਿਲਮ ‘ਆਸ਼ਰਿਤਾ’ ਦਾ ਨਿਰਦੇਸ਼ਨ ਕੀਤਾ। ਫਿਲਮ ‘ਡੌਨ’ ਦੀ 40ਵੀਂ ਵਰ੍ਹੇਗੰਢ ਮੌਕੇ 2018 ਵਿੱਚ ਬਰੋਟ ਨੇ ਇਕ ਇੰਟਰਵਿਊ ’ਚ ਇਕ ਬਹੁਤ ਦਿਲਚਸਪ ਜਾਣਕਾਰੀ ਸਾਂਝੀ ਕੀਤੀ ਸੀ। ਬਰੋਟ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਆਪਣੇ ਦੋਸਤਾਂ ਅਮਿਤਾਭ ਬੱਚਨ, ਜ਼ੀਨਤ ਅਮਾਨ ਅਤੇ ਪ੍ਰਾਣ ਨਾਲ ਮਿਲ ਕੇ ਆਪਣੇ ਇਕ ਨਿਰਮਾਤਾ ਦੋਸਤ ਨਾਰੀਮਨ ਇਰਾਨੀ ਨੂੰ ਕਰਜ਼ੇ ਤੋਂ ਬਾਹਰ ਕੱਢਣ ਲਈ ਫਿਲਮ ਬਣਾਉਣ ਦਾ ਫੈਸਲਾ ਲਿਆ ਸੀ।
ਫਿਲਮ ਨਿਰਦੇਸ਼ਕ ਬਰੋਟ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਤੇ ਇਕ ਪੁੱਤਰ ਹੈ। ਫਿਲਮੀ ਦੁਨੀਆ ਦੇ ਸਹਿਯੋਗੀਆਂ ਨੇ ਬੋਰਟ ਦੇ ਦੇਹਾਂਤ ’ਤੇ ਸੋਸ਼ਲ ਮੀਡੀਆ ’ਤੇ ਸ਼ੋਕ ਜ਼ਾਹਿਰ ਕੀਤਾ ਹੈ। ਇਸ ਮੌਕੇ ਅਦਾਕਾਰ ਤੇ ਫਿਲਮ ਨਿਰਮਾਤਾ ਫ਼ਰਹਾਨ ਅਖ਼ਤਰ, ਨਿਰਮਾਤਾ ਕੁਨਾਲ ਕੋਹਲੀ ਅਤੇ ਨਿਰਮਾਤਾ ਸੰਜੈ ਗੁਪਤਾ ਨੇ ਫਿਲਮ ‘ਡੌਨ’ ਲਈ ਬਰੋਟ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ। -ਪੀਟੀਆਈ