Domestic Violence: ਘਰੇਲੂ ਝਗੜੇ ਦੌਰਾਨ ਬੰਦੇ ਨੇ ਪਤਨੀ ਦਾ ਨੱਕ ਵੱਢ ਖਾਧਾ, ਪੀੜਤਾ ਗੰਭੀਰ ਹਾਲਤ ’ਚ ਜ਼ੇਰੇ-ਇਲਾਜ
ਕਰਜ਼ੇ ਦੀ ਕਿਸ਼ਤ ਭਰਨ ਦੇ ਮਾਮਲੇ ’ਤੇ ਹੋਏ ਝਗੜੇ ਦੌਰਾਨ ਵਾਪਰੀ ਘਟਨਾ; ਪੁਲੀਸ ਵੱਲੋਂ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ਜਾਰੀ; ਪੁਲੀਸ ਅਨੁਸਾਰ ਮੁਲਜ਼ਮ ਨੇ ਪੀੜਤਾ ਨੂੰ ਗਾਲ੍ਹਾਂ ਕੱਢੀਆਂ ਤੇ ਫਿਰ ਉਸ 'ਤੇ ਹਮਲਾ ਕਰ ਦਿੱਤਾ
ਦਾਵਣਗੇਰੇ (ਕਰਨਾਟਕ), 12 ਜੁਲਾਈ
ਪੁਲੀਸ ਨੇ ਕਿਹਾ ਕਿ ਘਰੇਲੂ ਹਿੰਸਾ ਦੀ ਇੱਕ ਭਿਆਨਕ ਘਟਨਾ ਦੌਰਾਨ ਕਰਨਾਟਕ ਦੇ ਦਾਵਣਗੇਰੇ ਜ਼ਿਲ੍ਹੇ ਦੇ ਮੰਤਰਾਘਾਟਾ ਪਿੰਡ ਵਿੱਚ ਕਰਜ਼ੇ ਦੀ ਅਦਾਇਗੀ ਨੂੰ ਲੈ ਕੇ ਹੋਈ ਗਰਮਾ-ਗਰਮ ਬਹਿਸ ਦੌਰਾਨ ਇੱਕ ਆਦਮੀ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਦਾ ਨੱਕ ਵੱਢ ਦਿੱਤਾ।
ਪੁਲੀਸ ਦੇ ਅਨੁਸਾਰ, ਇਹ ਘਟਨਾ 8 ਜੁਲਾਈ ਨੂੰ ਵਾਪਰੀ ਜਦੋਂ ਪੀੜਤਾ ਵਿਦਿਆ (30 ਸਾਲਾ) ਉਸ ਸਮੇਂ ਗੰਭੀਰ ਜ਼ਖਮੀ ਹੋ ਗਈ ਜਦੋਂ ਉਸਦੇ ਪਤੀ ਨੇ ਕਰਜ਼ੇ ਦੀ ਕਿਸ਼ਤ ਦੇਣ ਸਬੰਧੀ ਝਗੜੇ ਤੋਂ ਬਾਅਦ ਉਸ 'ਤੇ ਹਮਲਾ ਕਰ ਦਿੱਤਾ। ਮੁਲਜ਼ਮ ਦੀ ਪਛਾਣ ਵਿਜੇ ਵਜੋਂ ਹੋਈ ਹੈ। ਪੁਲੀਸ ਰਿਪੋਰਟ ਅਨੁਸਾਰ ਵਿਜੇ ਨੇ ਬਹਿਸ ਦੌਰਾਨ ਵਿਦਿਆ ਨੂੰ ਗਾਲ੍ਹਾਂ ਕੱਢੀਆਂ ਅਤੇ ਫਿਰ ਉਸ 'ਤੇ ਹਮਲਾ ਕਰ ਦਿੱਤਾ। ਜਿਉਂ ਹੀ ਝਗੜਾ ਵਧਿਆ, ਵਿਦਿਆ ਜ਼ਮੀਨ 'ਤੇ ਡਿੱਗ ਪਈ ਅਤੇ ਵਿਜੇ ਨੇ ਕਥਿਤ ਤੌਰ 'ਤੇ ਉਸ ਦੀ ਨੱਕ ਦੇ ਅਗਲੇ ਹਿੱਸੇ ਨੂੰ ਦੰਦੀ ਮਾਰ ਕੇ ਵੱਢ ਦਿੱਤਾ।
ਇਸ ਦੌਰਾਨ ਉਨ੍ਹਾਂ ਦੇ ਗੁਆਂਢੀਆਂ ਨੇ ਮਾਮਲੇ ਵਿਚ ਦਖਲ ਦਿੱਤਾ ਅਤੇ ਵਿਦਿਆ ਨੂੰ ਸ਼ੁਰੂਆਤੀ ਇਲਾਜ ਲਈ ਚੰਨਾਗਿਰੀ ਸਰਕਾਰੀ ਹਸਪਤਾਲ ਪਹੁੰਚਾਇਆ। ਉਸ ਦੀਆਂ ਸੱਟਾਂ ਦੀ ਗੰਭੀਰਤਾ ਕਾਰਨ, ਉਸ ਨੂੰ ਬਾਅਦ ਵਿੱਚ ਹੋਰ ਡਾਕਟਰੀ ਦੇਖਭਾਲ ਲਈ ਸ਼ਿਵਮੋਗਾ ਦੇ ਮੇਗਨ ਹਸਪਤਾਲ ਵਿੱਚ ਭੇਜਿਆ ਗਿਆ ਹੈ।
ਵਿਦਿਆ ਨੇ ਇਸ ਤੋਂ ਬਾਅਦ ਚੰਨਾਗਿਰੀ ਪੁਲੀਸ ਸਟੇਸ਼ਨ ਵਿੱਚ ਆਪਣੇ ਪਤੀ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 115(2), 117(2), 351(2) ਅਤੇ 352 ਦੇ ਤਹਿਤ ਵਿਜੇ ਵਿਰੁੱਧ FIR ਦਰਜ ਕੀਤੀ ਗਈ ਹੈ।
ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਘਟਨਾ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਹੈ। -ਏਐਨਆਈ
Davanagere, Karnataka, domestic violence, crime news