ਡਾਕਟਰ ਖੁਦਕੁਸ਼ੀ ਮਾਮਲਾ: ਹੁਣ ਤੱਕ ਬਰਾਮਦ ਨਹੀਂ ਹੋਇਆ ਗ੍ਰਿਫ਼ਤਾਰ ਪੁਲੀਸ ਕਰਮੀ ਦਾ ਫੋਨ, ਪੁੱਛਗਿੱਛ ਜਾਰੀ
ਇੱਕ ਅਧਿਕਾਰੀ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਇੱਕ ਮਹਿਲਾ ਡਾਕਟਰ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੁਲੀਸ ਸਬ-ਇੰਸਪੈਕਟਰ ਦਾ ਮੋਬਾਈਲ ਫੋਨ ਪੁਲੀਸ ਨੂੰ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ। ਅਧਿਕਾਰੀ...
ਇੱਕ ਅਧਿਕਾਰੀ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਇੱਕ ਮਹਿਲਾ ਡਾਕਟਰ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੁਲੀਸ ਸਬ-ਇੰਸਪੈਕਟਰ ਦਾ ਮੋਬਾਈਲ ਫੋਨ ਪੁਲੀਸ ਨੂੰ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ।
ਅਧਿਕਾਰੀ ਨੇ ਦੱਸਿਆ ਕਿ 25 ਅਕਤੂਬਰ ਨੂੰ ਗ੍ਰਿਫ਼ਤਾਰ ਕੀਤੇ ਗਏ ਮੁਅੱਤਲ ਐੱਸ ਆਈ ਗੋਪਾਲ ਬਾਡਾਨੇ ਤੋਂ ਉਸ ਦੇ ਮੋਬਾਈਲ ਫੋਨ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਫੋਨ ਇਸ ਮਾਮਲੇ ਵਿੱਚ ਅਹਿਮ ਸਬੂਤ ਸਾਬਤ ਹੋ ਸਕਦਾ ਹੈ।
ਮੱਧ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਦੀ ਰਹਿਣ ਵਾਲੀ ਅਤੇ ਸਤਾਰਾ ਜ਼ਿਲ੍ਹੇ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਤਾਇਨਾਤ 28 ਸਾਲਾ ਡਾਕਟਰ ਵੀਰਵਾਰ ਰਾਤ (23 ਅਕਤੂਬਰ) ਨੂੰ ਫਲਟਨ ਕਸਬੇ ਦੇ ਇੱਕ ਹੋਟਲ ਦੇ ਕਮਰੇ ਵਿੱਚ ਫਾਹੇ ਨਾਲ ਲਟਕੀ ਮਿਲੀ ਸੀ। ਉਸ ਨੇ ਆਪਣੇ ਹੱਥ ’ਤੇ ਲਿਖੇ ਇੱਕ ਖੁਦਕੁਸ਼ੀ ਨੋਟ ਵਿੱਚ ਦੋਸ਼ ਲਾਇਆ ਸੀ ਕਿ ਪੀ ਐੱਸ ਆਈ ਬਾਡਾਨੇ ਨੇ ਕਈ ਮੌਕਿਆਂ ’ਤੇ ਉਸ ਨਾਲ ਜਬਰ ਜਨਾਹ ਕੀਤਾ, ਜਦੋਂ ਕਿ ਸਾਫਟਵੇਅਰ ਇੰਜੀਨੀਅਰ ਪ੍ਰਸ਼ਾਂਤ ਬਾਂਕਰ ਨੇ ਉਸ ਨੂੰ ਮਾਨਸਿਕ ਤੌਰ 'ਤੇ ਤੰਗ ਕੀਤਾ।
ਕੇਸ ਦੀ ਜਾਂਚ ਕਰ ਰਹੀ ਸਤਾਰਾ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, "ਬਾਡਾਨੇ ਨੇ ਆਪਣਾ ਫੋਨ ਕਿਤੇ ਲੁਕੋ ਦਿੱਤਾ ਹੈ ਅਤੇ ਉਸ ਤੋਂ ਇਸ ਦੇ ਟਿਕਾਣੇ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।"
ਇਸ ਦੌਰਾਨ ਸਤਾਰਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤੇ ਜਾਣ ਮਗਰੋਂ ਪ੍ਰਸ਼ਾਂਤ ਬਾਂਕਰ ਦੇ ਪੁਲੀਸ ਰਿਮਾਂਡ ਵਿੱਚ ਦੋ ਦਿਨਾਂ ਦਾ ਵਾਧਾ ਕੀਤਾ ਗਿਆ।

