DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਤੇ ਸਾਬਕਾ ਜਥੇਦਾਰ ਵਿਚਾਲੇ ਵਿਵਾਦ ਖ਼ਤਮ

ਅਕਾਲ ਤਖ਼ਤ ਦੇ ਹੁਕਮਾਂ ਮਗਰੋਂ ਗਿਆਨੀ ਰਣਜੀਤ ਸਿੰਘ ਗੌਹਰ ਨੇ ਕਮੇਟੀ ਖ਼ਿਲਾਫ਼ ਕੇਸ ਵਾਪਸ ਲਿਆ
  • fb
  • twitter
  • whatsapp
  • whatsapp
Advertisement

ਤਖ਼ਤ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਵਿਚਾਲੇ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਿਹਾ ਵਿਵਾਦ ਐਤਵਾਰ ਨੂੰ ਖ਼ਤਮ ਹੋ ਗਿਆ। ਇਹ ਮਾਮਲਾ ਅਕਾਲ ਤਖ਼ਤ ਤੋਂ 14 ਜੁਲਾਈ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਹੋਏ ਆਦੇਸ਼ ਅਨੁਸਾਰ ਮਿਲ-ਬੈਠ ਕੇ ਅਤੇ ਪੰਥਕ ਇਕਜੁੱਟਤਾ ਦੀ ਭਾਵਨਾ ਨਾਲ ਹੱਲ ਕੀਤਾ ਗਿਆ ਹੈ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਤਖ਼ਤ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ, ਪ੍ਰਬੰਧਕ ਕਮੇਟੀ ਅਤੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੇ ਅਕਾਲ ਤਖ਼ਤ ਦੀ ਸਰਬਉੱਚਤਾ ਨੂੰ ਸਮਰਪਿਤ ਹੁੰਦਿਆਂ ਇੱਥੋਂ ਹੋਏ ਆਦੇਸ਼ਾਂ ਦੀ ਪਾਲਣਾ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਮੌਜੂਦਾ ਸਮਾਂ ਸਿੱਖ ਸ਼ਕਤੀ ਨੂੰ ਇਕਜੁੱਟ ਕਰਨ ਅਤੇ ਸਿੱਖ ਸੰਸਥਾਵਾਂ ਨੂੰ ਪੰਥਕ ਏਕਤਾ ਦੀ ਭਾਵਨਾ ਅਨੁਸਾਰ ਮਜ਼ਬੂਤ ਕਰਨ ਦਾ ਹੈ। ਉਨ੍ਹਾਂ ਕਿਹਾ ਕਿ ਪੰਜ ਤਖ਼ਤਾਂ ਦਾ ਪੰਥਕ ਮਾਮਲਿਆਂ ਵਿੱਚ ਆਪਸੀ ਤਾਲਮੇਲ ਅਤੇ ਇਕਸੁਰਤਾ ਹੈ। ਤਖ਼ਤ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਨੇ ਦੱਸਿਆ ਕਿ ਸਾਲ 2022 ਵਿੱਚ ਤਤਕਾਲੀ ਪ੍ਰਧਾਨ ਅਵਤਾਰ ਸਿੰਘ ਹਿੱਤ ਵੱਲੋਂ ਕੁਝ ਕਾਰਨਾਂ ਕਰਕੇ ਜਥੇਦਾਰ ਰਣਜੀਤ ਸਿੰਘ ਗੌਹਰ ਦੀਆਂ ਸੇਵਾਵਾਂ ’ਤੇ ਰੋਕ ਲਗਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਪ੍ਰਬੰਧਕ ਕਮੇਟੀ ਵਿਰੁੱਧ ਅਦਾਲਤ ਵਿੱਚ ਕੇਸ ਕੀਤਾ ਸੀ। ਇਸ ਮਾਮਲੇ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਮੇਤ ਪੰਜ ਸਿੰਘ ਸਾਹਿਬਾਨ ਨੇ ਆਦੇਸ਼ ਜਾਰੀ ਕਰਕੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਸਾਰੇ ਅਦਾਲਤੀ ਕੇਸ ਵਾਪਸ ਲੈਣ ਅਤੇ ਪ੍ਰਬੰਧਕ ਕਮੇਟੀ ਨੂੰ ਉਨ੍ਹਾਂ ਦਾ ਬਣਦਾ ਬਕਾਇਆ ਦੇਣ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਹਾਰਾਸ਼ਟਰ ਤੋਂ ਮੈਂਬਰ ਗੁਰਵਿੰਦਰ ਸਿੰਘ ਬਾਵਾ ਅਤੇ ਮੁੰਬਈ ਤੋਂ ਜਸਬੀਰ ਸਿੰਘ ਧਾਮ ਵੱਲੋਂ ਦੋਵੇਂ ਧਿਰਾਂ ਵਿਚਕਾਰ ਸਹਿਮਤੀ ਬਣਾਉਣ ਲਈ ਕੀਤੇ ਗਏ ਯਤਨਾਂ ਤੋਂ ਬਾਅਦ ਕੱਲ੍ਹ ਸਾਬਕਾ ਜਥੇਦਾਰ ਰਣਜੀਤ ਸਿੰਘ ਗੌਹਰ ਨੂੰ ਪ੍ਰਬੰਧਕ ਕਮੇਟੀ ਵੱਲੋਂ ਬਣਦਾ ਬਕਾਇਆ ਅਦਾ ਕਰ ਦਿੱਤਾ ਗਿਆ, ਜਿਸ ਮਗਰੋਂ ਪੰਜ ਪਿਆਰਿਆਂ ਨੇ ਸਿਰੋਪਾਓ ਦੇ ਕੇ ਉਨ੍ਹਾਂ ਨੂੰ ਸਨਮਾਨ ਨਾਲ ਵਿਦਾਈ ਦਿੱਤੀ।

Advertisement

Advertisement
×