ਹੜ੍ਹ ਪ੍ਰਭਾਵਿਤ ਜ਼ਮੀਨਾਂ ਦੀ ਸੰਭਾਲ ’ਤੇ ਚਰਚਾ
ਪੀ ਏ ਯੂ ’ਚ ਕੌਮੀ ਕਾਨਫਰੰਸ; ਮਿੱਟੀ ਮੁੜ ਵਾਹੀਯੋਗ ਬਣਾਉਣ ਲਈ ਮਾਹਿਰਾਂ ਨੇ ਦਿੱਤੇ ਸੁਝਾਅ
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ) ਵਿੱਚ ਸਾਇਲ ਸੁਸਾਇਟੀ ਆਫ ਇੰਡੀਆ ਦੇ ਲੁਧਿਆਣਾ ਚੈਪਟਰ ਵੱਲੋਂ ਕਰਵਾਈ ਜਾ ਰਹੀ ਕੌਮੀ ਕਾਨਫਰੰਸ ਦੇ ਦੂਜੇ ਦਿਨ ਅਹਿਮ ਵਿਚਾਰਾਂ ਹੋਈਆਂ। ‘ਵਾਤਾਵਰਨ ਦੀ ਸੰਭਾਲ ਅਤੇ ਖੇਤੀਬਾੜੀ ਸਥਿਰਤਾ ਲਈ ਭੂਮੀ ਅਤੇ ਪਾਣੀ ਪ੍ਰਬੰਧਨ’ ਵਿਸ਼ੇ ’ਤੇ ਚੱਲ ਰਹੀ ਇਸ ਕਾਨਫਰੰਸ ਦੌਰਾਨ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮਿੱਟੀ ਨੂੰ ਖੇਤੀ ਯੋਗ ਬਣਾਉਣ ਪੈਨਲ ਵਿਚਾਰ-ਚਰਚਾ ਹੋਈ। ਇਸ ਪੈਨਲ ਚਰਚਾ ਦੀ ਪ੍ਰਧਾਨਗੀ ਪੀ ਏ ਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਇਸ ਮੌਕੇ ਡਾ. ਜੇ ਕੇ ਸਿੰਘ ਅਤੇ ਡਾ. ਅਜਮੇਰ ਸਿੰਘ ਢੱਟ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਚਰਚਾ ਵਿੱਚ ਡਾ. ਟੀ ਬੀ ਐੱਸ ਰਾਜਪੂਤ, ਡਾ. ਰਾਕੇਸ਼ ਸ਼ਾਰਦਾ, ਡਾ. ਰਾਜੀਵ ਸਿੱਕਾ, ਡਾ. ਜੇ ਪੀ ਸ਼ਰਮਾ ਅਤੇ ਡਾ. ਆਰੀਆ ਸਮੇਤ ਵੱਖ-ਵੱਖ ਮਾਹਿਰਾਂ ਨੇ ਹਿੱਸਾ ਲਿਆ।
ਡਾ. ਗੋਸਲ ਨੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦੀ ਵਾਹੀਯੋਗ ਜ਼ਮੀਨ ਦਾ ਵੱਡਾ ਹਿੱਸਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪੀ ਏ ਯੂ ਦੇ ਮਾਹਿਰਾਂ ਨੇ ਸਥਿਤੀ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰ ਕੇ ਜ਼ਮੀਨ ਮੁੜ ਵਾਹੀਯੋਗ ਬਣਾਉਣ ਲਈ ਲੋੜੀਂਦੇ ਸੁਝਾਅ ਅਤੇ ਸਿਫ਼ਾਰਸ਼ਾਂ ਜਾਰੀ ਕੀਤੀਆਂ ਹਨ। ਉਨ੍ਹਾਂ ਹੜ੍ਹਾਂ ਤੋਂ ਬਾਅਦ ਜ਼ਮੀਨ ਦੇ ਖੋਰੇ, ਗਾਰ ਅਤੇ ਰੇਤ ਜਮ੍ਹਾਂ ਹੋਣ ਦੇ ਨਾਲ-ਨਾਲ ਪੌਸ਼ਟਿਕ ਤੱਤਾਂ ਦੇ ਰੁੜ੍ਹ ਜਾਣ ਮਗਰੋਂ ਮਿੱਟੀ ਦੀ ਬਣਤਰ ਵਿੱਚ ਆਏ ਬਦਲਾਅ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਡੈਮਾਂ ਦੀ ਸਫ਼ਾਈ, ਸਟੋਰੇਜ ਸਮਰੱਥਾ ਵਧਾਉਣ, ਭੂ-ਖੋਰ ਦੇ ਅਗਾਊਂ ਪ੍ਰਬੰਧਨ ਅਤੇ ਹੜ੍ਹ ਸੰਭਾਵੀ ਖੇਤਰਾਂ ਦੀ ਪਛਾਣ ਲਈ ਸ਼ੁਰੂਆਤੀ ਚਿਤਾਵਨੀ ਪ੍ਰਣਾਲੀਆਂ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਸਾਨਾਂ ਨੂੰ ਮਿੱਟੀ ਬਹਾਲੀ ਦੀਆਂ ਤਕਨੀਕਾਂ ਅਪਣਾਉਣ ਦੀ ਅਪੀਲ ਵੀ ਕੀਤੀ।
ਨਿਰਦੇਸ਼ਕ (ਖੋਜ) ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਜ਼ਮੀਨ ਦੀ ਸੰਭਾਲ ਸਿਰਫ ਵਾਤਾਵਰਨ ਦਾ ਮੁੱਦਾ ਨਹੀਂ, ਸਗੋਂ ਇਹ ਸਿੱਧੇ ਤੌਰ ’ਤੇ ਵਿਸ਼ਵ ਭੋਜਨ ਸੁਰੱਖਿਆ, ਪਾਣੀ ਦੀ ਸੁਰੱਖਿਆ ਅਤੇ ਮਨੁੱਖੀ ਸਿਹਤ ਨਾਲ ਜੁੜਿਆ ਹੋਇਆ ਹੈ। ਸੁਸਾਇਟੀ ਦੇ ਲੁਧਿਆਣਾ ਚੈਪਟਰ ਦੇ ਸੰਚਾਲਕ ਡਾ. ਮਨਮੋਹਨਜੀਤ ਨੇ ਕਿਹਾ ਕਿ ਹੜ੍ਹ ਆਮ ਤੌਰ ’ਤੇ ਮਿੱਟੀ ਦੀ ਸਿਹਤ ਨੂੰ ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ।

