ਡਿਜੀਟਲ ਇੰਡੀਆ ਨੇ ਅਮੀਰਾਂ ਤੇ ਗਰੀਬਾਂ ਵਿਚਾਲੇ ਪਾੜਾ ਘਟਾਇਆ: ਮੋਦੀ
ਨਵੀਂ ਦਿੱਲੀ, 1 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਇੱਕ ਦਹਾਕਾ ਪਹਿਲਾਂ ਸ਼ੁਰੂ ਕੀਤੀ ਗਈ ‘ਡਿਜੀਟਲ ਇੰਡੀਆ’ ਪਹਿਲ ਨੇ ਅਮੀਰਾਂ ਤੇ ਗਰੀਬਾਂ ਵਿਚਾਲੇ ਡਿਜੀਟਲ ਪਾੜੇ ਨੂੰ ਘਟਾ ਦਿੱਤਾ ਹੈ ਅਤੇ ਮੌਕਿਆਂ ਦਾ ਜਮਹੂਰੀਕਰਨ ਕੀਤਾ ਹੈ ਜਿਸ ਨਾਲ ਇਹ ਇੱਕ ਲੋਕ ਅੰਦੋਲਨ ਬਣ ਗਿਆ ਹੈ।
ਲਿੰਕਡਇਨ ’ਤੇ ਪੋਸਟ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਦਹਾਕਿਆਂ ਤੱਕ ਭਾਰਤੀਆਂ ਦੀ ਤਕਨੀਕ ਦੀ ਵਰਤੋਂ ਕਰਨ ਦੀ ਸਮਰੱਥਾ ’ਤੇ ਸ਼ੱਕ ਕੀਤਾ ਜਾਂਦਾ ਰਿਹਾ ਹੈ ਪਰ ਉਨ੍ਹਾਂ ਦੀ ਸਰਕਾਰ ਨੇ ਇਸ ਨਜ਼ਰੀਏ ਨੂੰ ਬਦਲ ਦਿੱਤਾ ਅਤੇ ਨਾਗਰਿਕਾਂ ਦੀ ਤਕਨੀਕ ਦੀ ਵਰਤੋਂ ਕਰਨ ਦੀ ਸਮਰੱਥਾ ’ਤੇ ਭਰੋਸਾ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅਮੀਰਾਂ ਤੇ ਗਰੀਬਾਂ ਵਿਚਾਲੇ ਪਾੜੇ ਨੂੰ ਖਤਮ ਕਰਨ ਲਈ ਤਕਨੀਕ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ, ‘ਜਦੋਂ ਇਰਾਦਾ ਸਹੀ ਹੁੰਦਾ ਹੈ ਤਾਂ ਨਵੀਆਂ ਕਾਢਾਂ ਕਮਜ਼ੋਰ ਤਬਕੇ ਨੂੰ ਮਜ਼ਬੂਤ ਬਣਾਉਂਦੀਆਂ ਹਨ। ਜਦੋਂ ਪਹੁੰਚ ਇਕਸਾਰ ਹੋਵੇ ਤਾਂ ਤਕਨੀਕ ਹਾਸ਼ੀਏ ’ਤੇ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ’ਚ ਤਬਦੀਲੀ ਲਿਆਉਂਦੀ ਹੈ।’ -ਪੀਟੀਆਈ
ਡਿਜੀਟਲ ਇੰਡੀਆ ਦੇ ਦਾਅਵੇ ਫਰਜ਼ੀ: ਖੜਗੇ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਦੇ ‘ਡਿਜੀਟਲ ਇੰਡੀਆ’ ਪ੍ਰੋਗਰਾਮ ਨੂੰ ਲੈ ਕੇ ਕੀਤੇ ਗਏ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਵਾਅਦੇ ਅਧੂਰੇ ਤੇ ਦਾਅਵੇ ਫਰਜ਼ੀ ਹਨ ਅਤੇ ਇਸ ਨਾਲ ਨਿੱਜਤਾ ਨੂੰ ਨੁਕਸਾਨ ਪੁੱਜਾ ਹੈ ਤੇ ਪਾਰਦਰਸ਼ਤਾ ਵੀ ਕਮਜ਼ੋਰ ਹੋਈ ਹੈ।
ਖੜਗੇ ਨੇ ਐਕਸ ’ਤੇ ਕਿਹਾ, ‘26 ਜੂਨ 2025 ਤੱਕ ਭਾਰਤਨੈੱਟ ਪ੍ਰਾਜੈਕਟ ਤਹਿਤ ਕੁੱਲ 6.55 ਲੱਖ ਪਿੰਡਾਂ ਨੂੰ ਬਰਾਡਬੈਂਡ ਨਾਲ ਜੋੜਨ ਦਾ ਟੀਚਾ ਰੱਖਿਆ ਗਿਆ ਸੀ ਪਰ ਇਨ੍ਹਾਂ ’ਚੋਂ 4.53 ਲੱਖ ਪਿੰਡਾਂ ਨੂੰ ਅਜੇ ਵੀ ਕਵਰ ਕੀਤਾ ਜਾਣਾ ਬਾਕੀ ਹੈ।’ ਉਨ੍ਹਾਂ ਕਿਹਾ ਕਿ ਬੀਐੱਸਐੱਨਐੱਲ ਦਾ ਕਰਜ਼ਾ 291.7 ਫੀਸਦ ਵਧ ਕੇ ਮਾਰਚ 2014 ਦੇ 5,948 ਕਰੋੜ ਰੁਪਏ ਤੋਂ ਵੱਧ ਕੇ ਮਾਰਚ 2024 ’ਚ 23,297 ਕਰੋੜ ਰੁਪਏ ਹੋ ਗਿਆ ਹੈ। -ਪੀਟੀਆਈ