ਧਰਮਵੀਰ ਗਾਂਧੀ ਵੱਲੋਂ ਰੇਲ ਮੰਤਰੀ ਨਾਲ ਮੁਲਾਕਾਤ ਦੌਰਾਨ ਮਾਲਵਾ ਖੇਤਰ ’ਚ ਰੇਲ ਸੰਪਰਕ ਵਧਾਉਣ ਬਾਰੇ ਚਰਚਾ
ਪੰਜਾਬ ਦੇ ਜ਼ਿਲ੍ਹਿਆਂ ਦਾ ਕੌਮੀ ਰਾਜਧਾਨੀ ਨਾਲ ਰੇਲ ਸੰਪਰਕ ਨੂੰ ਹੋਰ ਵਧਾਉਣ ਦੇ ਮੱਦੇਨਜ਼ਰ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਅੱਜ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕਰਕੇ ਮਾਲਵਾ ਖੇਤਰ ਨਾਲ ਰੇਲ ਸੰਪਰਕ ਨੂੰ ਵਧਾਉਣ ਲਈ ਜ਼ੋਰ ਦਿੱਤਾ। ਮੀਟਿੰਗ ਦੌਰਾਨ ਡਾ: ਗਾਂਧੀ ਨੇ ਰਾਜਪੁਰਾ-ਖੰਨਾ-ਲੁਧਿਆਣਾ ਰਾਹੀਂ ਚੱਲ ਰਹੀਆਂ ਕੁਝ ਲੰਬੀ ਦੂਰੀ ਦੀਆਂ ਰੇਲਗੱਡੀਆਂ ਨੂੰ ਰਾਜਪੁਰਾ-ਧੂਰੀ-ਲੁਧਿਆਣਾ ਰੂਟ ਵੱਲ ਮੋੜਨ ਦੀ ਬੇਨਤੀ ਕੀਤੀ। ਇਸ ਨਾਲ ਨਾਲ ਮਾਲਵਾ ਪੱਟੀ ਦੇ ਯਾਤਰੀਆਂ ਨੂੰ ਬਹੁਤ ਫਾਇਦਾ ਹੋਵੇਗਾ।
ਡਾ. ਗਾਂਧੀ ਨੇ ਕਿਹਾ, ‘‘ਨਵੀਂ ਦਿੱਲੀ ਤੋਂ ਬਠਿੰਡਾ ਵਾਇਆ ਪਟਿਆਲਾ ਤੱਕ ਜਨ ਸ਼ਤਾਬਦੀ ਜਾਂ ਵੰਦੇ ਭਾਰਤ ਰੇਲ ਸੇਵਾ ਸ਼ੁਰੂ ਕਰਨ ਦੇ ਪ੍ਰਸਤਾਵ ’ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ।’’ ਗਾਂਧੀ ਨੇ ਕਿਹਾ ਕਿ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਇਹ ਮਾਮਲਾ ਸਬੰਧਤ ਰੇਲਵੇ ਅਧਿਕਾਰੀਆਂ ਨਾਲ ਉਠਾਇਆ ਜਾਵੇਗਾ ਅਤੇ ਇਹ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ ਕਿ ਮਾਲਵਾ ਖੇਤਰ ਨੂੰ ਵਧੀਆਂ ਰੇਲ ਸਹੂਲਤਾਂ ਅਤੇ ਸੰਪਰਕ ਦੇ ਮਾਮਲੇ ਵਿੱਚ ਉਸਦਾ ਬਣਦਾ ਹਿੱਸਾ ਮਿਲੇ।