ਧਨਖੜ ਨੇ ਨਵੇਂ ਸੰਸਦ ਭਵਨ ਦੇ ‘ਗਜ ਦਵਾਰ’ ’ਤੇ ਤਿਰੰਗਾ ਫਹਿਰਾਇਆ
ਨਵੀਂ ਦਿੱਲੀ, 17 ਸਤੰਬਰ
ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਇਥੇ ਨਵੇਂ ਸੰਸਦ ਭਵਨ ਦੀ ਇਮਾਰਤ ’ਤੇ ਕੌਮੀ ਝੰਡਾ ਫਹਿਰਾਇਆ। ਨਵੇਂ ਸੰਸਦ ਭਵਨ ਦੀ ਇਮਾਰਤ ਦੇ ‘ਗਜ ਦਵਾਰ’ ’ਤੇ ਤਿਰੰਗਾ ਫਹਿਰਾਉਣ ਸਮੇਂ ਧਨਖੜ ਨਾਲ ਲੋਕ ਸਭਾ ਸਪੀਕਰ ਓਮ ਬਿਰਲਾ ਵੀ ਮੌਜੂਦ ਸਨ। ਤਿਰੰਗਾ ਫਹਿਰਾਉਣ ਦੀ ਰਸਮ ਸੰਸਦ ਦੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਪੰਜ ਰੋਜ਼ਾ ਵਿਸ਼ੇਸ਼ ਇਜਲਾਸ ਤੋਂ ਇਕ ਦਿਨ ਪਹਿਲਾਂ ਹੋਈ ਹੈ ਜਿਸ ਦੌਰਾਨ ਸੰਸਦ ਦਾ ਸੈਸ਼ਨ ਨਵੀਂ ਇਮਾਰਤ ’ਚ ਤਬਦੀਲ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਧਨਖੜ ਅਤੇ ਬਿਰਲਾ ਨੂੰ ਵੱਖੋ ਵੱਖੋ ਤੌਰ ’ਤੇ ਗਾਰਡ ਆਫ਼ ਆਨਰ ਪੇਸ਼ ਕੀਤੇ ਗਏ। ਸਮਾਗਮ ਮਗਰੋਂ ਧਨਖੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਇਹ ਇਤਿਹਾਸਕ ਪਲ ਹੈ ਜਦੋਂ ਦੇਸ਼ ’ਚ ਅਹਿਮ ਬਦਲਾਅ ਹੋ ਰਹੇ ਹਨ। ਦੁਨੀਆ ਭਾਰਤ ਦੀ ਤਾਕਤ, ਜ਼ੋਰ ਅਤੇ ਯੋਗਦਾਨ ਨੂੰ ਮਾਨਤਾ ਦੇ ਰਹੀ ਹੈ।’’ ਸਮਾਗਮ ਦੌਰਾਨ ਕੇਂਦਰੀ ਮੰਤਰੀ ਪੀਯੂਸ਼ ਗੋਇਲ, ਪ੍ਰਹਿਲਾਦ ਜੋਸ਼ੀ ਅਤੇ ਅਰਜੁਨ ਰਾਮ ਮੇਘਵਾਲ ਸਮੇਤ ਹੋਰ ਸਿਆਸੀ ਪਾਰਟੀਆਂ ਦੇ ਆਗੂ ਵੀ ਹਾਜ਼ਰ ਸਨ। ਧਨਖੜ ਅਤੇ ਬਿਰਲਾ ਨੇ ਆਏ ਹੋਏ ਮਹਿਮਾਨਾਂ ਨਾਲ ਗੱਲਬਾਤ ਵੀ ਕੀਤੀ। ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਸ਼ਨਿਚਰਵਾਰ ਨੂੰ ਕਿਹਾ ਸੀ ਕਿ ਉਹ ਸਮਾਗਮ ’ਚ ਹਾਜ਼ਰੀ ਨਹੀਂ ਲਗਵਾ ਸਕਣਗੇ ਅਤੇ ਉਨ੍ਹਾਂ ਇਸ ’ਤੇ ਨਾਰਾਜ਼ਗੀ ਜਤਾਈ ਸੀ ਕਿ ਉਨ੍ਹਾਂ ਨੂੰ ਸੱਦਾ ਬਹੁਤ ਦੇਰੀ ਨਾਲ ਦਿੱਤਾ ਗਿਆ ਹੈ। ਉਨ੍ਹਾਂ ਰਾਜ ਸਭਾ ਸਕੱਤਰ ਜਨਰਲ ਪੀ ਸੀ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਕਿ ਸਮਾਗਮ ਲਈ ਸੱਦਾ 15 ਸਤੰਬਰ ਨੂੰ ਦੇਰ ਸ਼ਾਮ ਮਿਲਿਆ ਜਦਕਿ ਉਹ ਹੈਦਰਾਬਾਦ ’ਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ’ਚ ਰੁੱਝੇ ਹੋਏ ਸਨ। -ਪੀਟੀਆਈ