ਸ਼ਹਿਰੀ ਹਵਾਬਾਜ਼ੀ ਬਾਰੇ ਸੁਰੱਖਿਆ ਨਿਗਰਾਨ ਡੀ ਜੀ ਸੀ ਏ ਨੇ ਇੰਡੀਗੋ ਦੇ ਮੁੱਖ ਕਾਰਜਕਾਰੀ ਅਫਸਰ (ਸੀ ਈ ਓ) ਪੀਟਰ ਐਲਬਰਸ ਨੂੰ ਭਲਕੇ ਵੀਰਵਾਰ ਨੂੰ ਦੁਪਹਿਰ ਬਾਅਦ 3 ਵਜੇ ਤਲਬ ਕਰਦਿਆਂ ਏਅਰਲਾਈਨ ਦੀਆਂ ਉਡਾਣਾਂ ’ਚ ਹਾਲੀਆ ਰੁਕਾਵਟਾਂ ਅਤੇ ਅਪਡੇਟ ਸਮੇਤ ਮੁਕੰਮਲ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਇਸ ਦੌਰਾਨ ਰਾਹੁਲ ਭਾਟੀਆ ਦੇ ਕੰਟਰੋਲ ਵਾਲੀ ਇੰਡੀਗੋ ’ਤੇ ਸ਼ਿਕੰਜਾ ਕਸਦਿਆਂ ਡੀ ਜੀ ਸੀ ਏ ਨੇ ਅੱਠ ਮੈਂਬਰੀ ਨਿਗਰਾਨੀ ਟੀਮ ਕਾਇਮ ਕੀਤੀ ਹੈ। ਟੀਮ ’ਚ ਡਿਪਟੀ ਚੀਫ ਫਲਾਈਟ ਅਪਰੇਸ਼ਨਸ ਇੰਸਪੈਕਟਰ, ਸੀਨੀਅਰ ਫਲਾਈਟ ਅਪਰੇਸ਼ਨਸ ਇੰਸਪੈਕਟਰ ਅਤੇ ਫਲਾਈਟ ਅਪਰੇਸ਼ਨਸ ਇੰਸਪੈਕਟਰ ਸ਼ਾਮਲ ਹੋਣਗੇ। ਦੋ ਮੈਂਬਰ ਏਅਰਲਾਈਨਜ਼ ਦੇ ਕਾਰਪੋਰੇਟ ਦਫ਼ਤਰ ’ਚ ਵੀ ਤਾਇਨਾਤ ਕੀਤੇ ਜਾਣਗੇ। ਟੀਮਾਂ ਰੋਜ਼ਾਨਾ ਆਪਣੀਆਂ ਰਿਪੋਰਟਾਂ ਸ਼ਾਮ 6 ਵਜੇ ਸੰਯੁਕਤ ਡਾਇਰੈਕਟਰ ਜਨਰਲ (ਪ੍ਰਸ਼ਾਸਨ) ਹਰੀਸ਼ ਕੁਮਾਰ ਵਸ਼ਿਸ਼ਠ ਅਤੇ ਸੰਯੁਕਤ ਡਾਇਰੈਕਟਰ ਜਨਰਲ ਜੈ ਪ੍ਰਕਾਸ਼ ਪਾਂਡੇ ਨੂੰ ਸੌਂਪਣਗੀਆਂ।
ਡੀ ਜੀ ਸੀ ਏ ਨੇ ਕਿਹਾ ਹੈ ਕਿ ਸੀ ਈ ਓ ਦੇ ਨਾਲ ਹੀ ਹੋਰ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੀਟਿੰਗ ’ਚ ਹਾਜ਼ਰ ਰਹਿਣਗੇ। ਏਅਰਲਾਈਨ ਨੂੰ ਇਹ ਵੀ ਹੁਕਮ ਦਿੱਤੇ ਗਏ ਹਨ ਕਿ ਉਹ ਉਡਾਣਾਂ ਦੀ ਬਹਾਲੀ, ਪਾਇਲਟਾਂ ਅਤੇ ਅਮਲੇ ਦੀ ਭਰਤੀ ਯੋਜਨਾ, ਰੱਦ ਹੋਈਆਂ ਉਡਾਣਾਂ ਦੀ ਗਿਣਤੀ ਅਤੇ ਮੁਸਾਫਰਾਂ ਨੂੰ ਮੋੜੇ ਗਏ ਪੈਸਿਆਂ ਬਾਰੇ ਜਾਣਕਾਰੀ ਦੇਵੇ। ਉਧਰ, ਸੀ ਪੀ ਐੱਮ ਆਗੂ ਏ ਏ ਰਹੀਮ ਨੇ ਰਾਜ ਸਭਾ ’ਚ ਸਿਫਰ ਕਾਲ ਦੌਰਾਨ ਇੰਡੀਗੋ ਦੀਆਂ ਉਡਾਣਾਂ ਦਾ ਮਾਮਲਾ ਚੁੱਕਿਆ ਅਤੇ ਇਸ ਸੰਕਟ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਇਹ ਨਿੱਜੀਕਰਨ ’ਤੇ ਕੋਈ ਰੋਕ ਨਾ ਹੋਣ ਦਾ ਨਤੀਜਾ ਹੈ। ਦਿੱਲੀ ਅਤੇ ਮੁੰਬਈ ਸਮੇਤ ਤਿੰਨ ਵੱਡੇ ਹਵਾਈ ਅੱਡਿਆਂ ’ਤੇ ਅੱਜ ਲਗਪਗ 220 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।

