ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ ਦੇ ‘ਜੋੜੇ ਸਾਹਿਬ’ ਦੇ ਸ਼ਰਧਾਲੂ ਛੇਤੀ ਕਰ ਸਕਣਗੇ ਦਰਸ਼ਨ
ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਦੇ 300 ਸਾਲ ਪੁਰਾਣੇ ਪਵਿੱਤਰ ‘ਜੋੜੇ ਸਾਹਿਬ’ ਨੂੰ ਛੇਤੀ ਹੀ ਦਿੱਲੀ ਦੇ ਕਿਸੇ ਗੁਰਦੁਆਰੇ ’ਚ ਸੁਸ਼ੋਭਿਤ ਕੀਤਾ ਜਾ ਸਕਦਾ ਹੈ। ਪਵਿੱਤਰ ‘ਜੋੜੇ ਸਾਹਿਬ’ ਨੂੰ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਪੁਰੀ ਦੇ ਪੁਰਖਿਆਂ ਵੱਲੋਂ ਸੰਭਾਲ ਕੇ ਰੱਖਿਆ ਹੋਇਆ ਹੈ। ਪੁਰੀ ਅਤੇ ਸਿੱਖ ਸੰਗਤ ਦੇ ਮੈਂਬਰਾਂ ਦੀ ਕਮੇਟੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਇਸ ਸਬੰਧੀ ਬਣੀ ਇਕ ਵਿਸ਼ੇਸ਼ ਕਮੇਟੀ ਦੀਆਂ ਸਿਫ਼ਾਰਸ਼ਾਂ ਮੁਤਾਬਕ ‘ਜੋੜੇ ਸਾਹਿਬ’ ਨੂੰ ਢੁੱਕਵੇਂ ਸਥਾਨ ’ਤੇ ਸੁਸ਼ੋਭਿਤ ਕਰਨ ਦੀ ਬੇਨਤੀ ਕੀਤੀ ਤਾਂ ਜੋ ਸ਼ਰਧਾਲੂ ਉਨ੍ਹਾਂ ਦੇ ਦਰਸ਼ਨ ਕਰ ਸਕਣ। ਵਫ਼ਦ ਨੇ ਜੋੜੇ ਸਾਹਿਬ’ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਦੇ ਦਰਸ਼ਨਾਂ ਲਈ ਪ੍ਰਧਾਨ ਮੰਤਰੀ ਨੂੰ ਸਿਫ਼ਾਰਸ਼ਾਂ ਸੌਂਪੀਆਂ। ਮੋਦੀ ਨੇ ਕਿਹਾ ਕਿ ਇਹ ਪਵਿੱਤਰ ਨਿਸ਼ਾਨੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖਾਂ ਦੇ 10ਵੇਂ ਗੁਰੂ ਵੱਲੋਂ ਦਿਖਾਏ ਗਏ ਹੌਸਲੇ, ਧਰਮ, ਨਿਆਂ ਅਤੇ ਸਮਾਜਿਕ ਸਦਭਾਵਨਾ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਕਰਨਗੀਆਂ। ਪ੍ਰਧਾਨ ਮੰਤਰੀ ਨੇ ‘ਐਕਸ’ ’ਤੇ ਕਿਹਾ ਕਿ ‘ਜੋੜੇ ਸਾਹਿਬ’ ਜਿਹੀਆਂ ਅਹਿਮ ਅਤੇ ਅਧਿਆਤਮਕ ਤੌਰ ’ਤੇ ਮਹੱਤਵਪੂਰਨ ਪਵਿੱਤਰ ਨਿਸ਼ਾਨੀਆਂ, ਸ਼ਾਨਾਮੱਤੀ ਸਿੱਖ ਇਤਿਹਾਸ ਦਾ ਹਿੱਸਾ ਹਨ। ਉਨ੍ਹਾਂ ਕਿਹਾ, ‘‘ਮੈਨੂੰ ਸਿੱਖ ਵਫ਼ਦ ਦੇ ਸਨਮਾਨਤ ਮੈਂਬਰਾਂ ਦਾ ਸਵਾਗਤ ਕਰਕੇ ਬਹੁਤ ਖੁਸ਼ੀ ਹੋਈ, ਜਿਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਬੇਸ਼ਕੀਮਤੀ ਪਵਿੱਤਰ ‘ਜੋੜੇ ਸਾਹਿਬ’ ਦੀ ਸੁਰੱਖਿਅਤ ਸਾਂਭ-ਸੰਭਾਲ ਅਤੇ ਉਨ੍ਹਾਂ ਦੇ ਦਰਸ਼ਨਾਂ ਦੇ ਸਬੰਧ ’ਚ ਸਿਫ਼ਾਰਸ਼ਾਂ ਸੌਂਪੀਆਂ ਹਨ।’’ ਸ੍ਰੀ ਪੁਰੀ ਨੇ ਦੱਸਿਆ ਕਿ ਉਨ੍ਹਾਂ ਦੇ ਚਚੇਰੇ ਭਰਾ ਸਰਦਾਰ ਜਸਮੀਤ ਸਿੰਘ ਪੁਰੀ ਕੋਲ ਪਵਿੱਤਰ ‘ਜੋੜੇ ਸਾਹਿਬ’ ਸਨ, ਜੋ ਕਰੋਲ ਬਾਗ਼ ’ਚ ਰਹਿੰਦੇ ਸਨ ਜਿਸ ਦੇ ਮਾਰਗ ਦਾ ਨਾਮ ਗੁਰੂ ਗੋਬਿੰਦ ਸਿੰਘ ਮਾਰਗ ਰੱਖਿਆ ਗਿਆ ਹੈ। ਮੰਤਰੀ ਨੇ ਕਿਹਾ, ‘‘ਹੁਣ ਜਦੋਂ ਮੈਂ ਪਰਿਵਾਰ ਦੇ ਸਭ ਤੋਂ ਵੱਡੇ ਮੈਂਬਰਾਂ ’ਚੋਂ ਇਕ ਹਾਂ, ਇਸ ਲਈ ਉਨ੍ਹਾਂ (ਜਸਮੀਤ ਸਿੰਘ) ਦੀ ਪਤਨੀ ਮਨਪ੍ਰੀਤ ਮੈਨੂੰ ਇਨ੍ਹਾਂ ਪਵਿੱਤਰ ਨਿਸ਼ਾਨੀਆਂ ਲਈ ਢੁੱਕਵਾਂ ਸਥਾਨ ਲੱਭਣ ਲਈ ਪੱਤਰ ਲਿਖਿਆ ਹੈ ਤਾਂ ਜੋ ਸ਼ਰਧਾਲੂ ‘ਜੋੜੇ ਸਾਹਿਬ’ ਦੇ ਦਰਸ਼ਨ ਕਰ ਸਕਣ।’’ ਉਨ੍ਹਾਂ ਕਿਹਾ ਕਿ ਸਭਿਆਚਾਰ ਮਾਮਲਿਆਂ ਬਾਰੇ ਮੰਤਰਾਲੇ ਨੇ ਪਵਿੱਤਰ ਨਿਸ਼ਾਨੀਆਂ ਦੀ ਪ੍ਰਮਾਣਿਕਤਾ ਲਈ ਕਾਰਬਨ ਪ੍ਰੀਖਣ ਸਮੇਤ ਉਨ੍ਹਾਂ ਦੀ ਹੋਰ ਜਾਂਚ ਕੀਤੀ ਹੈ।
ਸੇਵਾ ਤੋਂ ਖੁਸ਼ ਹੋ ਕੇ ਗੁਰੂ ਨੇ ਕੀਤੀ ਸੀ ਬਖ਼ਸ਼ਿਸ਼
ਆਪਣੇ ਸੁਨੇਹੇ ’ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪਰਿਵਾਰ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੱਜੇ ਪੈਰ ਦਾ 11 ਇੰਚ ਲੰਬਾ ਅਤੇ ਸਾਢੇ 3 ਇੰਚ ਚੌੜਾ ਅਤੇ ਮਾਤਾ ਸਾਹਿਬ ਕੌਰ ਦੇ ਖੱਬੇ ਪੈਰ ਦਾ 9 ਇੰਚ ਲੰਬਾ ਅਤੇ 3 ਇੰਚ ਚੌੜਾ ਇਕ-ਇਕ ਜੋੜਾ ਮੌਜੂਦ ਹੈ। ਪੁਰੀ ਨੇ ਕਿਹਾ ਕਿ ਉਨ੍ਹਾਂ ਦੇ ਪੁਰਖਿਆਂ ਵੱਲੋਂ ਕੀਤੀ ਗਈ ਸੇਵਾ ਤੋਂ ਖੁਸ਼ ਹੋ ਕੇ ਗੁਰੂ ਗੋਬਿੰਦ ਸਿੰਘ ਨੇ ਕੋਈ ਬਖ਼ਸ਼ਿਸ਼ ਮੰਗਣ ਲਈ ਕਿਹਾ ਸੀ ਪਰ ਪਰਿਵਾਰ ਨੇ ਇਸ ਦੀ ਇਵਜ਼ ’ਚ ਚਰਨਾਂ ਦੇ ਜੋੜੇ ਮੰਗੇ ਸਨ। ਸ੍ਰੀ ਪੁਰੀ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਇਨ੍ਹਾਂ ਪਵਿੱਤਰ ਨਿਸ਼ਾਨੀਆਂ ਦੀ ਸੇਵਾ ਉਦੋਂ ਤੋਂ ਕਰਦਾ ਆ ਰਿਹਾ ਹੈ ਜਦੋਂ 300 ਸਾਲ ਤੋਂ ਵੱਧ ਸਮਾਂ ਪਹਿਲਾਂ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੀ ਸੁਪਤਨੀ ਨੇ ਇਹ ਉਨ੍ਹਾਂ ਦੇ ਪੁਰਖਿਆਂ ਨੂੰ ਪ੍ਰਦਾਨ ਕੀਤੀਆਂ ਸਨ।