ਬਿਹਾਰ ’ਚ ਆਰਜੇਡੀ-ਕਾਂਗਰਸ ਦੀ ਸਰਕਾਰ ਵੇਲੇ ਵਿਕਾਸ ਕੋਹਾਂ ਦੂਰ ਸੀ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲ੍ਹੇ ਵਿਚ 7200 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦਾ ਆਗਾਜ਼ ਕਰਦਿਆਂ ਵਿਰੋਧੀ ਪਾਰਟੀਆਂ ਰਾਸ਼ਟਰੀ ਜਨਤਾ ਦਲ (ਆਰਜੇਡੀ) ਤੇ ਕਾਂਗਰਸ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਆਰਜੇਡੀ-ਕਾਂਗਰਸ ਦੀ ਸਰਕਾਰ ਵੇਲੇ ਵਿਕਾਸ ਕੋਹਾਂ ਦੁੂਰ ਹੁੰਦਾ ਸੀ।
ਪ੍ਰਾਜੈਕਟਾਂ ਦੇ ਉਦਘਾਟਨ ਮਗਰੋਂ ਮੋਤੀਹਾਰੀ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਰਜੇਡੀ-ਕਾਂਗਰਸ ਨੇ ਕਦੇ ਵੀ ਬਿਹਾਰ ਦੇ ਗਰੀਬ ਲੋਕਾਂ ਦੀ ਭਲਾਈ ਬਾਰੇ ਨਹੀਂ ਸੋਚਿਆ। ਉਨ੍ਹਾਂ ਦੇ ਕਾਰਜਕਾਲ ’ਚ ਗਰੀਬ ਲੋਕ ਗਰੀਬ ਹੀ ਰਹੇ। ਸ੍ਰੀ ਮੋਦੀ ਨੇ ਕਿਹਾ ਕਿ ਪੂਰਬੀ ਭਾਰਤ ਦੇ ਸਮੁੱਚੇ ਵਿਕਾਸ ਲਈ ‘ਵਿਕਸਤ ਬਿਹਾਰ’ ਜ਼ਰੂਰੀ ਹੈ ਤੇ ਮੋਤੀਹਾਰੀ ਨੂੰ ਮੁੰਬਈ ਦੀ ਤਰ੍ਹਾਂ ਵਿਕਸਤ ਬਣਾਉਣਾ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਚੰਪਾਰਨ ਨੇ ਆਜ਼ਾਦੀ ਸੰਗਰਾਮ ਦੌਰਾਨ ਮਹਾਤਮਾ ਗਾਂਧੀ ਦੇ ਅੰਦੋਲਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕੁੱਲ 1.5 ਕਰੋੜ ‘ਲਖਪਤੀ ਦੀਦੀਆਂ’ ਵਿੱਚੋਂ 20 ਲੱਖ ਬਿਹਾਰ ਵਿੱਚ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਅਤੇ ਰੁਜ਼ਗਾਰ ਪ੍ਰਦਾਨ ਕਰਨ ਲਈ 1 ਲੱਖ ਕਰੋੜ ਰੁਪਏ ਖਰਚ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਰਜੇਡੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਬਾਰੇ ਸੋਚ ਵੀ ਨਹੀਂ ਸਕਦੀ ਅਤੇ ਇਸ ਨੇ ਨੌਕਰੀਆਂ ਦੇਣ ਤੋਂ ਪਹਿਲਾਂ ਗਰੀਬਾਂ ਦੀ ਜ਼ਮੀਨ ਹੜੱਪ ਲਈ ਹੈ।
ਰੈਲੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਪੂਰਬੀ ਚੰਪਾਰਨ ਜ਼ਿਲ੍ਹੇ ਵਿੱਚ 7,200 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਇਹ ਪ੍ਰੋਜੈਕਟ ਰੇਲਵੇ, ਮੱਛੀ ਪਾਲਣ ਅਤੇ ਹੋਰ ਖੇਤਰਾਂ ਨਾਲ ਸਬੰਧਤ ਹਨ। ਬਿਹਾਰ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ, ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਸਮਰਾਟ ਚੌਧਰੀ, ਕਈ ਕੇਂਦਰੀ ਮੰਤਰੀ ਅਤੇ ਹੋਰ ਇਸ ਮੌਕੇ ਮੌਜੂਦ ਸਨ। ਚੌਧਰੀ ਨੇ ਕਿਹਾ ਕਿ ਜ਼ਿਲ੍ਹਾ ਹੈੱਡਕੁਆਰਟਰ ਮੋਤੀਹਾਰੀ ਦਾ ਪ੍ਰਧਾਨ ਮੰਤਰੀ ਦਾ ਦੌਰਾ 2014 ਤੋਂ ਬਾਅਦ ਬਿਹਾਰ ਦਾ ਉਨ੍ਹਾਂ ਦਾ 53ਵਾਂ ਦੌਰਾ ਹੈ।
‘ਤਕਰੀਬਨ ਹਰ ਮਹੀਨੇ ਬਿਹਾਰ ਦਾ ਦੌਰਾ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ: ਨਿਤੀਸ਼
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਤਕਰੀਬਨ ਹਰੇਕ ਮਹੀਨੇ’ ਰਾਜ ਦਾ ਦੌਰਾ ਕਰਨ ਲਈ ਸਮਾਂ ਕੱਢਣ ਵਾਸਤੇ ਤਹਿ ਦਿਲੋਂ ਧੰਨਵਾਦ ਕੀਤਾ। ਸ੍ਰੀ ਮੋਦੀ ਦਾ ਇਸ ਸਾਲ ਬਿਹਾਰ ਦਾ ਇਹ ਛੇਵਾਂ ਦੌਰਾ ਸੀ। ਕੁਮਾਰ ਨੇ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਉਹ ਲਗਪਗ ਹਰ ਮਹੀਨੇ ਰਾਜ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਦੇ ਹਨ। ਇਹ ਇੱਕ ਵੱਡੀ ਗੱਲ ਹੈ। ਮੈਂ ਉਨ੍ਹਾਂ ਦਾ ਧੰਨਵਾਦ ਕਰਨਾ ਚਾਹਾਂਗਾ, ਅਤੇ ਆਓ ਉਨ੍ਹਾਂ ਲਈ ਤਾੜੀਆਂ ਵਜਾਈਏ।’’ ਰੈਲੀ ਵਿਚ ਪੰਜ ਲੱਖ ਲੋਕਾਂ ਲਈ ਬੈਠਣ ਦਾ ਪ੍ਰਬੰਧ ਕੀਤਾ ਗਿਆ ਸੀ।