DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Dera Beas chief Meeting: ਡੇਰਾ ਬਿਆਸ ਮੁਖੀ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ

ਬੈਠਕ ਵਿਚ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਰਹੇ ਮੌਜੂਦ
  • fb
  • twitter
  • whatsapp
  • whatsapp
Advertisement

ਸ਼ਗਨ ਕਟਾਰੀਆ

ਬਠਿੰਡਾ, 26 ਦਸੰਬਰ

Advertisement

ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਘੰਟੇ ਤੋਂ ਵੱਧ ਸਮਾਂ ਬੰਦ ਕਮਰਾ ਮੀਟਿੰਗ ਕੀਤੀ। ਜਥੇਦਾਰ ਦੀ ਸਥਾਨਕ ਬਰਨਾਲਾ ਰੋਡ ਸਥਿਤ ਰਿਹਾਇਸ਼ ’ਤੇ ਹੋਈ ਇਸ ਮੁਲਾਕਾਤ ਮੌਕੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਮੌਜੂਦ ਸਨ। ਡੇਰਾ ਮੁਖੀ ਦਾ ਅੱਜ ਬਠਿੰਡਾ-ਗੋਨਿਆਣਾ ਮਾਰਗ ’ਤੇ ਡੇਰਾ ਰਾਧਾ ਸੁਆਮੀ ਵਿੱਚ ਆਉਣ ਦਾ ਪ੍ਰੋਗਰਾਮ ਸੀ। ਉਨ੍ਹਾਂ ਦਾ ਹੈਲੀਕਾਪਟਰ ਇੱਥੇ ਥਰਮਲ ਕਲੋਨੀ ਵਿੱਚ ਬਣੇ ਅਸਥਾਈ ਹੈਲੀਪੈਡ ’ਤੇ ਉੱਤਰਿਆ ਅਤੇ ਇੱਥੋਂ ਉਹ ਕਾਰ ਰਾਹੀਂ ਜਥੇਦਾਰ ਦੀ ਰਿਹਾਇਸ਼ ’ਤੇ ਚਲੇ ਗਏ। ਘਰ ਦੇ ਆਲੇ-ਦੁਆਲੇ ਭਾਰੀ ਸੁਰੱਖਿਆ ਪ੍ਰਬੰਧ ਹੋਣ ਕਰਕੇ ਮੀਡੀਆ ਨੂੰ ਦੂਰ ਰੱਖਿਆ ਗਿਆ। ਜਥੇਦਾਰ ਹਰਪ੍ਰੀਤ ਸਿੰਘ ਦੇ ਸਾਂਢੂ ਵੱਲੋਂ ਕੀਤੀ ਸ਼ਿਕਾਇਤ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਉਨ੍ਹਾਂ ਦੀਆਂ ਜਥੇਦਾਰ ਵਜੋਂ ਸੇਵਾਵਾਂ ’ਤੇ 15 ਦਿਨਾਂ ਲਈ ਰੋਕ ਲਾਈ ਹੋਈ ਹੈ। ਉਂਝ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਅਕਾਲ ਤਖ਼ਤ ’ਤੇ ਤਲਬ ਕਰਨ ਤੋਂ ਲੈ ਕੇ ਤਨਖਾਹ ਲਾਉਣ ਤੱਕ ਦੇ ਵੱਖ-ਵੱਖ ਪੜਾਵਾਂ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਦੀ ਭੂਮਿਕਾ ਬਾਰੇ ਅਸਿੱਧੇ ਰੂਪ ’ਚ ਕਈ ਤਰ੍ਹਾਂ ਦੇ ‘ਕਿੰਤੂ-ਪ੍ਰੰਤੂ’ ਹੁੰਦੇ ਆ ਰਹੇ ਹਨ। ਇਹ ਚਰਚਾ ਵੀ ਜ਼ੋਰਾਂ ਉੱਤੇ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਦੇ ਵੀ ਉਨ੍ਹਾਂ ਦੀਆਂ ਸੇਵਾਵਾਂ ਪੱਕੇ ਤੌਰ ’ਤੇ ਖਤਮ ਕੀਤੀਆਂ ਜਾ ਸਕਦੀਆਂ ਹਨ। ਸ਼੍ਰੋਮਣੀ ਕਮੇਟੀ ਨੇ ਅੰਤਰਿੰਗ ਕਮੇਟੀ ਦੀ ਮੀਟਿੰਗ ਵੀ 30 ਦਸੰਬਰ ਨੂੰ ਸੱਦੀ ਹੋਈ ਹੈ। ਦੂਜੇ ਪਾਸੇ ਗੁਰਿੰਦਰ ਸਿੰਘ ਢਿੱਲੋਂ ਦੀਆਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਨੇੜਤਾ ਵੀ ਲੁਕੀ ਛਿਪੀ ਨਹੀਂ। ਦੋਵਾਂ ਹੀ ਪਾਰਟੀਆਂ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਬਲਜੀਤ ਸਿੰਘ ਦਾਦੂਵਾਲ ਨਾਲ ‘ਮਿਲਣੀਆਂ’ ਧਾਰਮਿਕ ਅਤੇ ਸਿਆਸੀ ਹਲਕਿਆਂ ਅੰਦਰ ਚਰਚਾ ਦਾ ਵਿਸ਼ਾ ਬਣਦੀਆਂ ਰਹੀਆਂ ਹਨ। ਅੱਜ ਦੀ ਮਿਲਣੀ ਧਾਰਮਿਕ, ਰਾਜਸੀ ਜਾਂ ਫਿਰ ਨਿੱਜੀ ਹੋਣ ਬਾਰੇ ਕਿਆਸਰਾਈਆਂ ਜ਼ੋਰ ਫੜ੍ਹ ਗਈਆਂ ਹਨ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਅਤੇ ਸਾਬਕਾ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਡੇਰਾ ਰਾਧਾ ਸੁਆਮੀ ਮੁਖੀ ਦਰਮਿਆਨ ਹੋਈ ਮੀਟਿੰਗ ਨੂੰ ਸਾਜ਼ਿਸ਼ ਦੱਸਦਿਆਂ ਹੈਰਾਨੀ ਜਤਾਈ ਹੈ। ਉਨ੍ਹਾਂ ਕਿਹਾ ਕਿ ਇਹ ਸਮਝਣ ਦੀ ਲੋੜ ਹੈ ਕਿ ਇੰਨੇ ਵੱਡੇ ਵਿਚਾਰਧਾਰਕ ਵੱਖਰੇਵਿਆਂ ਦੇ ਬਾਵਜੂਦ ਇਸ ਮੀਟਿੰਗ ਦਾ ਏਜੰਡਾ ਕੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਬੈਠਕ ਵਿੱਚ ਸੁਰਜੀਤ ਸਿੰਘ ਰੱਖੜਾ ਦੀ ਹਾਜ਼ਰੀ ਵੱਖਰੇ ਸੰਕੇਤ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਮੀਟਿੰਗ ਪਿੱਛੇ ਕੇਂਦਰ ਸਰਕਾਰ ਅਤੇ ਭਾਜਪਾ ਦਾ ਹੱਥ ਹੈ।

ਰੱਖੜਾ ਨੇ ਮੁਲਾਕਾਤ ਨੂੰ ‘ਸ਼ਿਸ਼ਟਾਚਾਰੀ’ ਦੱਸਿਆ

ਸੁਰਜੀਤ ਸਿੰਘ ਰੱਖੜਾ ਨੇ ਡੇਰਾ ਬਿਆਸ ਮੁਖੀ ਤੇ ਤਖ਼ਤ ਦਮਦਮਾ ਦੇ ਜਥੇਦਾਰ ਵਿਚਾਲੇ ਬੈਠਕ ਨੂੰ ‘ਸ਼ਿਸ਼ਟਾਚਾਰੀ’ ਮੁਲਾਕਾਤ ਦੱਸਿਆ ਹੈ। ਰੱਖੜਾ ਨੇ ਟੀਵੀ ਚੈਨਲ ’ਤੇ ਦੋਵਾਂ ਧਾਰਮਿਕ ਆਗੂਆਂ ਦੀ ਮੁਲਾਕਾਤ ਮੌਕੇ ਖੁਦ ਦੀ ਹਾਜ਼ਰੀ ਨੂੰ ਇਤਫ਼ਾਕਨ ਦੱਸਦਿਆਂ ਕਿਹਾ ਕਿ ਉਹ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਓਮ ਪ੍ਰਕਾਸ਼ ਚੌਟਾਲਾ ਦੇ ਪਰਿਵਾਰ ਨਾਲ ਅਫਸੋਸ ਪ੍ਰਗਟਾਉਣ ਜਾ ਰਹੇ ਸਨ ਕਿ ਇਸ ਦੌਰਾਨ ਰਸਤੇ ’ਚ ਉਨ੍ਹਾਂ ਨੂੰ ਡੇਰਾ ਬਿਆਸ ਮੁਖੀ ਵੱਲੋਂ ਜਥੇਦਾਰ ਦੇ ਘਰ ਪਹੁੰਚਣ ਬਾਰੇ ਜਾਣਕਾਰੀ ਮਿਲੀ। ਉਹ ਬਠਿੰਡਾ ਜਥੇਦਾਰ ਦੇ ਘਰ ਰੁਕ ਗਏ ਅਤੇ ਥੋੜ੍ਹੀ ਦੇਰ ਬਾਅਦ ਗੁਰਿੰਦਰ ਸਿੰਘ ਢਿੱਲੋਂ ਆ ਗਏ। ਉਨ੍ਹਾਂ ਦੱਸਿਆ ਕਿ ਬੈਠਕ ਵਿਚ ਸਿਰਫ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਪੰਥ ਦੀ ਮਜ਼ਬੂਤੀ ਬਾਰੇ ਸਰਸਰੀ ਗੱਲਾਂ ਹੋਈਆਂ।

Advertisement
×