DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Deportation From US: ਅਮਰੀਕਾ ਨੇ ਭਾਰਤੀ ਨੌਜਵਾਨਾਂ ਨੂੰ ਹੱਥਕੜੀਆਂ ਲਾ ਕੇ ਭੇਜਿਆ

ਨੰਗੇ ਸਿਰ ਪਰਤੇ ਕਈ ਨੌਜਵਾਨ; ਪੀੜਤ ਪਰਿਵਾਰਾਂ ਨੇ ਜਤਾਇਆ ਇਤਰਾਜ਼
  • fb
  • twitter
  • whatsapp
  • whatsapp
Advertisement

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 16 ਫਰਵਰੀ

Advertisement

ਅਮਰੀਕਾ ਵਿੱਚ ਗੈਰਕਾਨੂੰਨੀ ਢੰਗ ਨਾਲ ਰਹਿੰਦੇ ਪਰਵਾਸੀਆਂ ਨੂੰ ਦੇਸ਼ ਵਿਚੋਂ ਬਾਹਰ ਕੱਢਣ ਦੀ ਮੁਹਿੰਮ ਤਹਿਤ ਬੀਤੀ ਰਾਤ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਪੁੱਜੇ ਲਗਪਗ 116 ਪਰਵਾਸੀ ਭਾਰਤੀਆਂ ਨੂੰ ਮੁੜ ਹੱਥਕੜੀਆਂ ਲਾ ਕੇ ਅਤੇ ਸਿੱਖ ਵਿਅਕਤੀਆਂ ਨੂੰ ਦਸਤਾਰਾਂ ਉਤਰਵਾ ਕੇ ਅਮਰੀਕੀ ਜਹਾਜ਼ ਵਿੱਚ ਲਿਆਂਦਾ ਗਿਆ। ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਪੁੱਜਣ ਉਪਰੰਤ ਜਦੋਂ ਇਨ੍ਹਾਂ ਵਿਅਕਤੀਆਂ ਦੀ ਇਮੀਗ੍ਰੇਸ਼ਨ ਅਤੇ ਹੋਰ ਦਸਤਾਵੇਜ਼ ਸਬੰਧੀ ਜਾਂਚ ਚੱਲ ਰਹੀ ਸੀ ਤਾਂ ਇਨ੍ਹਾਂ ਵਿੱਚੋਂ ਕਈ ਵਿਅਕਤੀਆਂ ਨੂੰ ਹਵਾਈ ਅੱਡੇ ਦੇ ਅੰਦਰ ਨੰਗੇ ਸਿਰ ਦੇਖਿਆ ਗਿਆ। ਇਨ੍ਹਾਂ ਨੂੰ ਹਵਾਈ ਅੱਡੇ ਦੇ ਅੰਦਰ ਫਰਸ਼ ’ਤੇ ਇੱਕ ਥਾਂ ਬਿਠਾਇਆ ਹੋਇਆ ਸੀ ਅਤੇ ਪੁੱਛਗਿੱਛ ਕੀਤੀ ਜਾ ਰਹੀ ਸੀ।

ਅੰਮ੍ਰਿਤਸਰ ਹਵਾਈ ਅੱਡੇ ਤੋਂ ਇਕ ਨੌਜਵਾਨ ਨੂੰ ਉਸ ਦੀ ਮੰਜ਼ਿਲ ਵੱਲ ਲੈ ਕੇ ਜਾਂਦੇ ਹੋਏ ਪੁਲੀਸ ਮੁਲਾਜ਼ਮ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਨੌਜਵਾਨਾਂ ਨੇ ਜਦੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹਰਭਜਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਵੇਲੇ ਇਨ੍ਹਾਂ ਗੱਲਾਂ ਦਾ ਖੁਲਾਸਾ ਹੋਇਆ। ਅਮਰੀਕਾ ਤੋਂ ਪਰਤੇ ਇਨ੍ਹਾਂ ਭਾਰਤੀਆਂ ਨੇ ਜਾਣਕਾਰੀ ਦਿੱਤੀ ਕਿ ਅਮਰੀਕੀ ਜਹਾਜ਼ ਵਿੱਚ ਉਨ੍ਹਾਂ ਨੂੰ ਹੱਥਕੜੀਆਂ ਲਾ ਕੇ ਲਿਆਂਦਾ ਗਿਆ ਹੈ। ਇੱਥੇ ਪੁੱਜਣ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਹੱਥ ਪੈਰ ਖੋਲ੍ਹ ਦਿੱਤੇ ਗਏ ਸਨ ਪਰ ਸਿਰ ਢਕਣ ਲਈ ਕੋਈ ਪਟਕਾ ਜਾਂ ਪਰਨਾ ਨਹੀਂ ਦਿੱਤਾ ਗਿਆ। ਉਨ੍ਹਾਂ ਨੂੰ ਪਰਨਾ ਜਾਂ ਪਟਕਾ ਇੱਥੇ ਹਵਾਈ ਅੱਡੇ ’ਤੇ ਪੁੱਜਣ ਮਗਰੋਂ ਹੀ ਉਪਲਬਧ ਕਰਵਾਇਆ ਗਿਆ ਹੈ।

ਵਾਪਸ ਪਰਤੇ ਇਨ੍ਹਾਂ ਵਿਅਕਤੀਆਂ ਵਿੱਚੋਂ ਕਈਆਂ ਨੇ ਖੁਲਾਸਾ ਕੀਤਾ ਹੈ ਕਿ ਉਹ ਡੰਕੀ ਰੂਟ ਰਾਹੀਂ ਜਦੋਂ ਅਮਰੀਕਾ ਵਿੱਚ ਦਾਖਲ ਹੋਏ ਤਾਂ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਕਈ ਦਿਨ ਕੈਂਪ ਵਿੱਚ ਰੱਖਿਆ ਗਿਆ, ਜਿੱਥੇ ਉਨ੍ਹਾਂ ਦੇ ਹੱਥ ਬੰਨ੍ਹ ਕੇ ਰੱਖੇ ਗਏ ਅਤੇ ਉਨ੍ਹਾਂ ਵਿੱਚੋਂ ਕਈਆਂ ਨੇ ਪਿਛਲੇ ਕਈ ਦਿਨਾਂ ਤੋਂ ਕੱਪੜੇ ਵੀ ਨਹੀਂ ਬਦਲੇ ਸਨ। ਇਨ੍ਹਾਂ ਵਿਅਕਤੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਕੈਂਪਾਂ ਵਿੱਚ ਸਰੀਰਕ ਤਸ਼ੱਦਦ ਵੀ ਕੀਤਾ ਗਿਆ ਹੈ। ਇਨ੍ਹਾਂ ਭਾਰਤੀ ਵਿਅਕਤੀਆ ਨੂੰ ਲੈ ਕੇ ਆਇਆ ਹਵਾਈ ਜਹਾਜ਼ ਰਾਤ ਲਗਪਗ 11:35 ਵਜੇ ਹਵਾਈ ਅੱਡੇ ’ਤੇ ਉਤਰਿਆ ਸੀ ਅਤੇ ਲਗਪਗ ਪੰਜ ਘੰਟੇ ਦੀ ਪੁੱਛਗਿੱਛ ਅਤੇ ਜਾਂਚ ਤੋਂ ਬਾਅਦ ਇਨ੍ਹਾਂ ਨੂੰ ਪੁਲੀਸ ਦੇ ਨਾਲ ਇਨ੍ਹਾਂ ਦੇ ਘਰਾਂ ਨੂੰ ਭੇਜਿਆ ਗਿਆ।

ਜਦੋਂ ਇਨ੍ਹਾਂ ਨੂੰ ਰਵਾਨਾ ਕੀਤਾ ਗਿਆ ਤਾਂ ਉਸ ਵੇਲੇ ਕਈ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਇੱਥੇ ਹਵਾਈ ਅੱਡੇ ’ਤੇ ਪੁੱਜੇ ਹੋਏ ਸਨ ਪਰ ਉਨ੍ਹਾਂ ਨੂੰ ਹਵਾਈ ਅੱਡੇ ’ਤੇ ਉਨ੍ਹਾਂ ਦੀ ਇੱਕ ਝਲਕ ਵੀ ਦੇਖਣ ਨੂੰ ਨਹੀਂ ਮਿਲੀ। ਇਸ ਦੌਰਾਨ ਕੁਝ ਵਿਅਕਤੀਆਂ ਨਾਲ ਵਾਪਸ ਪਰਤੇ ਲੋਕਾਂ ਦੀ ਫੋਨ ’ਤੇ ਗੱਲਬਾਤ ਜ਼ਰੂਰ ਹੋਈ। ਇੱਕ ਵਿਅਕਤੀ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਨੂੰ ਹਵਾਈ ਅੱਡੇ ਦੇ ਅੰਦਰਲੇ ਪਾਸੇ ਜ਼ਰੂਰ ਦੇਖਿਆ ਸੀ ਪਰ ਉਹ ਉਸ ਨਾਲ ਨਾ ਗੱਲ ਕਰ ਸਕਿਆ ਅਤੇ ਨਾ ਹੀ ਮਿਲ ਸਕਿਆ। ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਇਤਰਾਜ਼ ਕੀਤਾ ਕਿ ਜੇਕਰ ਉਨ੍ਹਾਂ ਨੂੰ ਹਵਾਈ ਅੱਡੇ ’ਤੇ ਪਰਿਵਾਰਕ ਮੈਂਬਰਾਂ ਨਾਲ ਮਿਲਣ ਨਹੀਂ ਦਿੱਤਾ ਜਾਣਾ ਸੀ ਤਾਂ ਉਨ੍ਹਾਂ ਨੂੰ ਹਵਾਈ ਅੱਡੇ ’ਤੇ ਆਉਣ ਸਬੰਧੀ ਜਾਣਕਾਰੀ ਕਿਉਂ ਦਿੱਤੀ ਗਈ ਸੀ।

ਹਵਾਈ ਅੱਡੇ ’ਤੇ ਪੁੱਜੇ ਮਾਪਿਆਂ ਤੇ ਰਿਸ਼ਤੇਦਾਰਾਂ ਵਿੱਚੋਂ ਵਧੇਰੇ ਲੋਕਾਂ ਨੇ ਜਾਣਕਾਰੀ ਦਿੱਤੀ ਹੈ ਕਿ ਵਿਦੇਸ਼ ਗਏ ਇਨ੍ਹਾਂ ਵਿਅਕਤੀਆਂ ਨੂੰ ਅਮਰੀਕਾ ਭੇਜਣ ਵਾਸਤੇ 45 ਤੋਂ 50 ਲੱਖ ਰੁਪਏ ਹਰੇਕ ਤੱਕ ਏਜੰਟਾਂ ਨੂੰ ਦਿੱਤੇ ਗਏ ਅਤੇ ਲਗਪਗ ਸਾਰੇ ਹੀ ਡੰਕੀ ਰੂਟ ਰਾਹੀਂ ਅਮਰੀਕਾ ਗਏ ਹਨ। ਇਨ੍ਹਾਂ ਵਿੱਚੋਂ ਕਈ ਵਿਅਕਤੀ ਤਿੰਨ ਤੋਂ ਚਾਰ ਮਹੀਨੇ ਪਹਿਲਾਂ ਘਰੋਂ ਨਿਕਲੇ ਸਨ ਅਤੇ ਕਈ ਦੇਸ਼ਾਂ ਵਿੱਚੋਂ ਲੰਘਦੇ ਹੋਏ, ਔਕੜਾਂ ਝੱਲਦੇ ਹੋਏ, ਜੰਗਲਾਂ ਅਤੇ ਨਦੀਆਂ ਵਿੱਚੋਂ ਲੰਘਦੇ ਹੋਏ ਡੰਕੀ ਰੂਟ ਰਾਹੀਂ ਅਮਰੀਕਾ ਦੀ ਸਰਹੱਦ ’ਤੇ ਪੁੱਜੇ। ਸਰਹੱਦ ਪਾਰ ਕਰਨ ਮਗਰੋਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਕੈਂਪਾਂ ਵਿੱਚ ਰੱਖਿਆ ਗਿਆ।

ਪੀੜਤ ਮਾਪਿਆਂ ਦੀ ਸਰਕਾਰਾਂ ਕੋਲੋਂ ਮੰਗ ਹੈ ਕਿ ਅਜਿਹੇ ਏਜੰਟਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਲਏ ਗਏ ਲੱਖਾਂ ਰੁਪਿਆ ਦੀ ਵਾਪਸੀ ਕਰਵਾਈ ਜਾਵੇ, ਵਾਪਸ ਪਰਤੇ ਨੌਜਵਾਨਾਂ ਦੇ ਮੁੜ ਵਸੇਬੇ ਵਾਸਤੇ ਵੀ ਸਰਕਾਰ ਪ੍ਰਬੰਧ ਕਰੇ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਵਾਪਸ ਪਰਤੇ 104 ਭਾਰਤੀ ਵਿਅਕਤੀਆਂ ਵਿੱਚ ਬੱਚਿਆਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਹੱਥਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਲਾ ਕੇ ਲਿਆਂਦਾ ਗਿਆ ਸੀ ਜਿਸ ਦਾ ਸਖਤ ਵਿਰੋਧ ਹੋਇਆ ਸੀ। ਸੰਸਦ ਵਿੱਚ ਵੀ ਇਹ ਮਸਲਾ ਉੱਠਿਆ ਸੀ ਅਤੇ ਵਿਦੇਸ਼ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ ਭਾਰਤ ਵੱਲੋਂ ਆਪਣਾ ਇਹ ਵਿਰੋਧ ਅਮਰੀਕਾ ਕੋਲ ਜਤਾਇਆ ਗਿਆ ਹੈ। ਇਸ ਦੇ ਬਾਵਜੂਦ ਇਸ ਵਾਰ ਵੀ ਅਮਰੀਕਾ ਤੋਂ ਵਾਪਸ ਭੇਜੇ ਗਏ ਭਾਰਤੀਆਂ ਨੂੰ ਪਹਿਲਾਂ ਵਾਲੇ ਢੰਗ ਤਰੀਕੇ ਨਾਲ ਹੀ ਹੱਥਕੜੀਆਂ ਅਤੇ ਬੇੜੀਆਂ ਲਾ ਕੇ ਅਤੇ ਸਿਰਾਂ ਤੋਂ ਦਸਤਾਰਾਂ ਹਟਾ ਕੇ ਭੇਜਿਆ ਗਿਆ ਹੈ।

Advertisement
×