ਕਿਸਾਨਾਂ ਦੇ ਮੁੱਦੇ ਉਤੇ ਚਰਚਾ ਨਾ ਕਰਾਉਣ ’ਤੇ ਵਿਰੋਧੀ ਧਿਰਾਂ ਵੱਲੋਂ ਰਾਜ ਸਭਾ ’ਚ ਪ੍ਰਦਰਸ਼ਨ
ਨਵੀਂ ਦਿੱਲੀ, 4 ਦਸੰਬਰ
ਵੱਖ ਵੱਖ ਫ਼ਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਵਧਾਉਣ ਦਾ ਵਾਅਦਾ ਪੂਰਾ ਨਾ ਕਰਨ ਅਤੇ ਕਿਸਾਨ ਵਿਰੋਧੀ ਨੀਤੀਆਂ ਲਈ ਸਰਕਾਰ ਨੂੰ ਘੇਰਦਿਆਂ ਕਾਂਗਰਸ ਤੇ ਕੁਝ ਹੋਰ ਵਿਰੋਧੀ ਧਿਰਾਂ ਨੇ ਅੱਜ ਰਾਜ ਸਭਾ ’ਚੋਂ ਵਾਕਆਊਟ ਕੀਤਾ। ਚੇਅਰਮੈਨ ਜਗਦੀਪ ਧਨਖੜ ਵੱਲੋਂ ਕਿਸਾਨਾਂ ਦੇ ਮੁੱਦੇ ’ਤੇ ਚਰਚਾ ਨਾ ਕਰਾਉਣ ਦੇ ਮਤੇ ਰੱਦ ਕੀਤੇ ਜਾਣ ਮਗਰੋਂ ਕਾਂਗਰਸੀ ਸੰਸਦ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ। ਧਨਖੜ ਨੇ ਉਨ੍ਹਾਂ ਦੇ ਰਵੱਈਏ ਦੀ ਨਿਖੇਧੀ ਕਰਦਿਆਂ ਕਿਹਾ ਕਿ ਮਰਗਮੱਛ ਦੇ ਹੰਝੂ ਵਹਾਉਣ ਅਤੇ ਨਾਅਰੇਬਾਜ਼ੀ ਨਾਲ ਕਿਸਾਨਾਂ ਦੇ ਹਿੱਤ ਪੂਰੇ ਨਹੀਂ ਹੋਣ ਵਾਲੇ ਹਨ। ‘ਤੁਸੀਂ ਸਿਰਫ਼ ਇਸ ਦਾ ਸਿਆਸੀਕਰਨ ਕਰ ਰਹੇ ਹੋ। ਤੁਸੀਂ ਕੋਈ ਹੱਲ ਨਹੀਂ ਚਾਹੁੰਦੇ ਹੋ। ਕਿਸਾਨ ਤਾਂ ਤੁਹਾਡੀ ਆਖਰੀ ਤਰਜੀਹ ਹਨ।’ ਨਾਅਰੇਬਾਜ਼ੀ ਦਰਮਿਆਨ ਹੀ ਚੇਅਰਮੈਨ ਨੇ ਸਿਫ਼ਰ ਕਾਲ ਸ਼ੁਰੂ ਕਰਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਰੌਲਾ-ਰੱਪਾ ਵਧ ਗਿਆ ਤਾਂ ਧਨਖੜ ਨੇ ਕਾਂਗਰਸ ਆਗੂ ਪ੍ਰਮੋਦ ਤਿਵਾੜੀ ਨੂੰ ਇਕ ਮਿੰਟ ਲਈ ਕਿਸਾਨਾਂ ਦੇ ਮੁੱਦੇ ’ਤੇ ਬੋਲਣ ਦੀ ਇਜਾਜ਼ਤ ਦਿੱਤੀ। ਤਿਵਾੜੀ ਨੇ ਕਿਹਾ ਕਿ ਸਰਕਾਰ ਨੇ ਐੱਮਐੱਸਪੀ ਵਧਾਉਣ ਦਾ ਆਪਣਾ ਵਾਅਦਾ ਨਹੀਂ ਨਿਭਾਇਆ ਜਿਸ ਕਾਰਨ ਕਿਸਾਨ ਮੁੜ ਤੋਂ ਅੰਦੋਲਨ ਦੇ ਰਾਹ ਪਏ ਹੋਏ ਹਨ। ਕੁਝ ਹੋਰ ਆਗੂ ਵੀ ਕਿਸਾਨਾਂ ਦੇ ਮੁੱਦੇ ’ਤੇ ਬੋਲਣਾ ਚਾਹੁੰਦੇ ਸਨ ਪਰ ਧਨਖੜ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਿਸ ਤੋਂ ਨਾਰਾਜ਼ ਹੋ ਕੇ ਕਾਂਗਰਸ, ਸ਼ਿਵ ਸੈਨਾ (ਯੂਬੀਟੀ), ਐੱਨਸੀਪੀ (ਐੱਸਪੀ) ਅਤੇ ਆਰਜੇਡੀ ਦੇ ਮੈਂਬਰਾਂ ਨੇ ਸਦਨ ’ਚੋਂ ਵਾਕਆਊਟ ਕਰ ਦਿੱਤਾ। ਇਸ ਤੋਂ ਪਹਿਲਾਂ ਧਨਖੜ ਨੇ ਨਿਯਮ 267 ਤਹਿਤ ਮਿਲੇ ਪੰਜ ਨੋਟਿਸ ਦਰੁਸਤ ਨਾ ਹੋਣ ਦੀ ਗੱਲ ਆਖਦਿਆਂ ਉਨ੍ਹਾਂ ਨੂੰ ਰੱਦ ਕਰ ਦਿੱਤਾ ਸੀ। -ਪੀਟੀਆਈ
ਰਾਜ ਸਭਾ ’ਚ ਬੁਆਇਲਰ ਬਿੱਲ ਨੂੰ ਪ੍ਰਵਾਨਗੀ
ਨਵੀਂ ਦਿੱਲੀ:
ਰਾਜ ਸਭਾ ਨੇ ਬੁਆਇਲਰਾਂ ਨੂੰ ਨਿਯਮਤ ਕਰਨ, ਰਜਿਸਟਰੇਸ਼ਨ ’ਚ ਇਕਸਾਰਤਾ ਲਿਆਉਣ ਅਤੇ ਸਟੀਮ ਬੁਆਇਲਰਾਂ ’ਚ ਹੁੰਦੇ ਧਮਾਕਿਆਂ ਕਾਰਨ ਜਾਨ-ਮਾਲ ਦੀ ਸੁਰੱਖਿਆ ਨਾਲ ਸਬੰਧਤ ਬੁਆਇਲਰਜ਼ ਬਿੱਲ, 2024 ਨੂੰ ਅੱਜ ਪ੍ਰਵਾਨਗੀ ਦੇ ਦਿੱਤੀ ਹੈ। ਇਹ ਬਿੱਲ ਸਦੀ ਪੁਰਾਣੇ ਬੁਆਇਲਰਜ਼ ਐਕਟ, 1923 ਦੀ ਥਾਂ ਲਵੇਗਾ। ਰਾਜ ਸਭਾ ’ਚ ਬਿੱਲ ਜ਼ੁਬਾਨੀ ਵੋਟਾਂ ਨਾਲ ਪਾਸ ਹੋਇਆ। ਬਿੱਲ ’ਚ ਇਹ ਵੀ ਪ੍ਰਬੰਧ ਹੈ ਕਿ ਬੁਆਇਲਰਾਂ ਦੀ ਮੁਰੰਮਤ ਦਾ ਕੰਮ ਯੋਗ ਵਿਅਕਤੀਆ ਤੋਂ ਹੀ ਕਰਵਾਇਆ ਜਾਣਾ ਚਾਹੀਦਾ ਹੈ। ਵਣਜ ਅਤੇ ਸਨਅਤਾਂ ਬਾਰੇ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਬੁਆਇਲਰਜ਼ ਬਿੱਲ ਦੇਸ਼ ਨੂੰ ਸੁਰੱਖਿਅਤ ਕਰੇਗਾ। -ਪੀਟੀਆਈ