ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਭਾਜਪਾ ਆਗੂਆਂ ਨੂੰ ਤਿਰੰਗਾ ਤੇ ਗੁਲਾਬ ਦੇ ਕੇ ਪ੍ਰਦਰਸ਼ਨ
ਨਵੀਂ ਦਿੱਲੀ, 11 ਦਸੰਬਰ
ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਅੱਜ ਸੰਸਦ ਕੰਪਲੈਕਸ ਵਿੱਚ ਭਾਜਪਾ ਦੇ ਸੰਸਦ ਮੈਂਬਰਾਂ ਨੂੰ ਤਿਰੰਗਾ ਅਤੇ ਲਾਲ ਗੁਲਾਬ ਦੇ ਕੇ ਅਡਾਨੀ ਮੁੱਦੇ ’ਤੇ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਸੱਤਾਧਾਰੀ ਪਾਰਟੀ ਨੂੰ ਸਦਨ ਦਾ ਕੰਮਕਾਜ ਅਤੇ ਅਡਾਨੀ ਮਾਮਲੇ ਸਮੇਤ ਸਾਰੇ ਮੁੱਦਿਆਂ ’ਤੇ ਚਰਚਾ ਯਕੀਨੀ ਬਣਾਉਣ ਦੀ ਅਪੀਲ ਕੀਤੀ। ਇਸ ਦੌਰਾਨ ਜਦੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਸੰਸਦ ਭਵਨ ਵਿੱਚ ਦਾਖਲ ਹੋ ਰਹੇ ਸਨ ਤਾਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਵੀ ਕਾਰਡ ਦੇ ਰੂਪ ਵਿੱਚ ਤਿਰੰਗਾ ਭੇਟ ਕੀਤਾ। ਪ੍ਰਦਰਸ਼ਨ ਵਿੱਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਸਮੇਤ ਕਾਂਗਰਸ, ਡੀਐੱਮਕੇ, ਜੇਐੱਮਐੱਮ ਤੇ ਖੱਬੇਪੱਖੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਉਨ੍ਹਾਂ ਇੱਕ ਹੱਥ ਵਿੱਚ ਤਿਰੰਗਾ ਅਤੇ ਦੂਜੇ ਹੱਥ ’ਚ ਲਾਲ ਗੁਲਾਬ ਫੜਿਆ ਹੋਇਆ ਸੀ। ਇਨ੍ਹਾਂ ’ਚੋਂ ਕਈਆਂ ਨੇ ‘ਦੇਸ਼ ਨੂੰ ਵਿਕਣ ਨਾ ਦਿਓ’ ਨਾਅਰੇ ਵਾਲੀਆਂ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ। ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਵਿਰੋਧੀ ਧਿਰ ਸੰਸਦ ਕੰਪਲੈਕਸ ’ਚ ਅਡਾਨੀ ਮੁੱਦੇ ’ਤੇ ਪ੍ਰਦਰਸ਼ਨ ਕਰ ਰਹੀ ਹੈ। ਬੀਤੇ ਦਿਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਦਯੋਗਪਤੀ ਗੌਤਮ ਅਡਾਨੀ ਦੇ ਚਿੱਤਰਾਂ ਵਾਲੇ ਗੂੜ੍ਹੇ ਨੀਲੇ ਰੰਗ ਦੇ ਝੋਲੇ ਫੜ ਕੇ ਪ੍ਰਦਰਸ਼ਨ ਕੀਤਾ ਸੀ। ਝੋਲੇ ਦੇ ਇੱਕ ਪਾਸੇ ‘ਮੋਦੀ-ਅਡਾਨੀ ਭਾਈ-ਭਾਈ’ ਲਿਖਿਆ ਹੋਇਆ ਸੀ। ਇਸ ਦੌਰਾਨ ਉਨ੍ਹਾਂ ਮੋਦੀ ਅਤੇ ਅਡਾਨੀ ਵਿਚਾਲੇ ਕਥਿਤ ਮਿਲੀਭੁਗਤ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਜੇਪੀਸੀ ਜਾਂਚ ਦੀ ਮੰਗ ਕੀਤੀ ਸੀ। -ਪੀਟੀਆਈ