ਇਰਾਨੀਆਂ ਨੇ ਅੱਜ ਤਹਿਰਾਨ ਵਿੱਚ ਅਮਰੀਕੀ ਸਫਾਰਤਖਾਨੇ ’ਤੇ 1979 ਵਿੱਚ ਕੀਤੇ ਕਬਜ਼ੇ ਦੀ ਵਰ੍ਹੇਗੰਢ ਮਨਾਈ। ਜੂਨ ਵਿੱਚ ਇਜ਼ਰਾਈਲ ਨਾਲ 12 ਦਿਨਾ ਜੰਗ ਦੌਰਾਨ ਅਮਰੀਕਾ ਵੱਲੋਂ ਇਰਾਨ ਦੇ ਪਰਮਾਣੂ ਟਿਕਾਣਿਆਂ ’ਤੇ ਕੀਤੀ ਗਈ ਬੰਬਾਰੀ ਤੋਂ ਬਾਅਦ ਇਹ ਅਜਿਹਾ ਪਹਿਲਾ ਸਮਾਗਮ ਸੀ। 4 ਨਵੰਬਰ 1979 ਨੂੰ ਇਰਾਨੀ ਵਿਦਿਆਰਥੀਆਂ ਨੇ ਸਫਾਰਤਖਾਨੇ ’ਤੇ ਕਬਜ਼ਾ ਕਰ ਕੇ ਦਰਜਨਾਂ ਲੋਕਾਂ ਨੂੰ ਬੰਦੀ ਬਣਾ ਲਿਆ ਸੀ। ਸਮਾਗਮ ਵਿੱਚ ਅੱਜ ਵੱਡੀ ਗਿਣਤੀ ਲੋਕ ਤਹਿਰਾਨ ਦੇ ਉਸੇ ਸਥਾਨ ’ਤੇ ਇਕੱਠੇ ਹੋਏ ਅਤੇ ‘ਅਮਰੀਕਾ ਮੁਰਦਾਬਾਦ’ ਤੇ ‘ਇਜ਼ਰਾਈਲ ਮੁਰਦਾਬਾਦ’ ਦੇ ਨਾਅਰੇ ਲਾਏ। ਕੁਝ ਲੋਕਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਪੁਤਲੇ ਫਾਹੇ ਲਾਏ ਅਤੇ ਅਮਰੀਕੀ ਤੇ ਇਜ਼ਰਾਇਲੀ ਝੰਡੇ ਫੂਕੇ। ਰੈਲੀਆਂ ਦੌਰਾਨ ਇਰਾਨੀ ਮਿਜ਼ਾਈਲਾਂ ਅਤੇ ਯੂਰੇਨੀਅਮ ਨੂੰ ਸ਼ੁੱਧ ਕਰਨ ਵਾਲੀਆਂ ਸੈਂਟਰੀਫਿਊਜ ਮਸ਼ੀਨਾਂ ਦੇ ਮਾਡਲ ਵੀ ਪ੍ਰਦਰਸ਼ਿਤ ਕੀਤੇ ਗਏ। ਇਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਮੇਨੀ ਨੇ ਸੋਮਵਾਰ ਨੂੰ ਵਿਦਿਆਰਥੀਆਂ ਨਾਲ ਮੀਟਿੰਗ ਦੌਰਾਨ ਵਾਅਦਾ ਕੀਤਾ ਸੀ ਕਿ ਵਾਸ਼ਿੰਗਟਨ ਨਾਲ ਸਬੰਧਾਂ ਨੂੰ ਆਮ ਵਾਂਗ ਕਰਨ ਵੱਲ ਕੋਈ ਕਦਮ ਨਹੀਂ ਚੁੱਕਿਆ ਜਾਵੇਗਾ।
ਸੰਸਦ ਦੇ ਸਪੀਕਰ ਮੁਹੰਮਦ ਬਘੇਰ ਕਲੀਬਾਫ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਮਰੀਕਾ ਆਜ਼ਾਦ ਅਤੇ ਸ਼ਕਤੀਸ਼ਾਲੀ ਇਰਾਨ ਦਾ ਵਿਰੋਧ ਕਰਦਾ ਹੈ।’’ ਉਨ੍ਹਾਂ ਸਾਬਕਾ ਅਮਰੀਕੀ ਦੂਤਾਵਾਸ ਨੂੰ ‘ਜਾਸੂਸਾਂ ਦਾ ਅੱਡਾ’ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਜੂਨ ਵਿੱਚ ਹੋਈ ਜੰਗ ਦੌਰਾਨ ਇਜ਼ਰਾਈਲ ਦੇ ਹਵਾਈ ਹਮਲਿਆਂ ਵਿੱਚ ਲਗਪਗ 1,100 ਇਰਾਨੀ ਮਾਰੇ ਗਏ ਸਨ।

