ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਦਿੱਲੀ ਵਿੱਚ ਵੋਟ ਪਾਉਣ ਵਾਲੇ ਭਾਜਪਾ ਆਗੂਆਂ ਨੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ’ਚ ਵੀ ਵੋਟ ਪਾਈ ਹੈ। ਉਨ੍ਹਾਂ ਬਾਂਕਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਨੇ ਹਰਿਆਣਾ ’ਚ ‘ਵੋਟ ਚੋਰੀ’ ਦੇ ਸਬੂਤ ਪੇਸ਼ ਕੀਤੇ ਹਨ ਤੇ ਚੋਣ ਕਮਿਸ਼ਨ ਦੋਸ਼ਾਂ ਤੋਂ ਇਨਕਾਰ ਨਹੀਂ ਕਰ ਸਕਦਾ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਮੈਨੂੰ ਕੱਲ੍ਹ ਪਤਾ ਲੱਗਿਆ ਕਿ ਦਿੱਲੀ ’ਚ ਵੋਟ ਪਾਉਣ ਵਾਲੇ ਭਾਜਪਾ ਆਗੂਆਂ ਨੇ ਬਿਹਾਰ ਚੋਣਾਂ ਦੇ ਪਹਿਲੇ ਗੇੜ ’ਚ ਵੀ ਵੋਟ ਪਾਈ ਹੈ।’’ ਉਨ੍ਹਾਂ ਹਾਲਾਂਕਿ ਇਸ ਬਾਰੇ ਵਿਸਤਾਰ ਨਾਲ ਕੁਝ ਨਹੀਂ ਦੱਸਿਆ ਤੇ ਨਾ ਹੀ ਕਿਸੇ ਦਾ ਨਾਂ ਲਿਆ। ਸ੍ਰੀ ਗਾਂਧੀ ਨੇ ਕਿਹਾ, ‘‘ਹਰਿਆਣਾ ਦੇ ਦੋ ਕਰੋੜ ਵੋਟਰਾਂ ’ਚੋਂ 29 ਲੱਖ ਫਰਜ਼ੀ ਹਨ। ਭਾਜਪਾ ਨੇ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਹਰਿਆਣਾ ’ਚ ‘ਵੋਟ ਚੋਰੀ’ ਕੀਤੀ ਤੇ ਹੁਣ ਬਿਹਾਰ ’ਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੈਨੂੰ ਯਕੀਨ ਹੈ ਕਿ ਬਿਹਾਰ ਦੇ ਲੋਕ ਸੂਬੇ ’ਚ ਅਜਿਹਾ ਨਹੀਂ ਹੋਣ ਦੇਣਗੇ।’’ ਉਨ੍ਹਾਂ ਐੱਨ ਡੀ ਏ ਸਰਕਾਰ ’ਤੇ ਮੁੱਖ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਨੌਜਵਾਨਾਂ ਨੂੰ ਸੋਸ਼ਲ ਮੀਡੀਆ ’ਤੇ ਰੀਲਾਂ ਬਣਾਉਣ ਲਈ ਉਤਸ਼ਾਹਿਤ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਕਾਰਪੋਰੇਟਾਂ ਦਾ ਕਰਜ਼ਾ ਮੁਆਫ਼ ਕਰ ਰਹੀ ਹੈ ਪਰ ਬਿਹਾਰ ’ਚ ਕਿਸਾਨਾਂ, ਮਜ਼ਦੂਰਾਂ ਤੇ ਜੁਲਾਹਿਆਂ ਨੂੰ ਬੈਂਕਾਂ ਤੋਂ ਕਰਜ਼ਾ ਨਹੀਂ ਮਿਲ ਰਿਹਾ। -ਪੀਟੀਆਈ
ਐੱਨ ਡੀ ਏ ਸਰਕਾਰ ਨੇ ਵਾਅਦੇ ਪੂਰੇ ਨਹੀਂ ਕੀਤੇ: ਖੜਗੇ
ਸਾਸਾਰਾਮ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਜਪਾ ’ਤੇ ਬਿਹਾਰ ’ਚ ਕੀਤੇ ਵਾਅਦੇ ਪੂਰੇ ਕਰਨ ’ਚ ਨਾਕਾਮ ਰਹਿਣ ਦਾ ਦੋਸ਼ ਲਾਇਆ ਤੇ ਕਿਹਾ ਕਿ ਜੇ ਇੰਡੀਆ ਗੱਠਜੋੜ ਦੀ ਸਰਕਾਰ ਬਣੀ ਤਾਂ ਚੋਣ ਮਨੋਰਥ ਪੱਤਰ ’ਚ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਚੇਨਾਰੀ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਖੜਗੇ ਨੇ ਦੋਸ਼ ਲਾਇਆ, ‘‘ਮੋਦੀ ਜੀ ਝੂਠ ਬੋਲਣ ਤੋਂ ਨਹੀਂ ਝਿਜਕਦੇ। ਉਨ੍ਹਾਂ ਦੇ ਦੋਸਤ ਅਮਿਤ ਸ਼ਾਹ ਵੀ ਉਨ੍ਹਾਂ ਦੀ ਤਰ੍ਹਾਂ ਹੀ ਹਨ। ਮੋਦੀ ਜੀ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਚੋਰੀ ਕਰਨ ਲਈ ਆਰ ਜੇ ਡੀ ਨੇ ਕਾਂਗਰਸ ਦੇ ਸਿਰ ’ਤੇ ਕੱਟਾ (ਦੇਸੀ ਪਿਸਤੌਲ) ਰੱਖਿਆ ਸੀ ਜਦਕਿ ਇਹ ਭਾਜਪਾ ਹੈ ਜੋ ਅਸਲੀ ਚੋਰ ਹੈ।’’ -ਪੀਟੀਆਈ

