Delhi Polls: ਕਿਰਾਏਦਾਰਾਂ ਨੂੰ ਵੀ ਮਿਲੇਗੀ ਮੁਫ਼ਤ ਬਿਜਲੀ ਅਤੇ ਪਾਣੀ ਦੀ ਸਹੂਲਤ: ਕੇਜਰੀਵਾਲ
Free power, water schemes to cover tenants too if AAP returns to power: Arvind Kejriwal
ਨਵੀਂ ਦਿੱਲੀ, 18 ਜਨਵਰੀ
Delhi Polls: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਨਿੱਚਰਵਾਰ ਨੂੰ ਐਲਾਨ ਕੀਤਾ ਕਿ ਜੇ ਉਨ੍ਹਾਂ ਦੀ ਪਾਰਟੀ ਦੁਬਾਰਾ ਦਿੱਲੀ ਵਿਚ ਸੱਤਾ ’ਚ ਆਉਂਦੀ ਹੈ ਤਾਂ ਕਿਰਾਏਦਾਰਾਂ ਨੂੰ ਵੀ ਮੁਫ਼ਤ ਬਿਜਲੀ ਅਤੇ ਪਾਣੀ ਦਾ ਲਾਭ ਦੇਣ ਲਈ ਫੈਸਲਾਕੁਨ ਕਦਮ ਚੁੱਕੇਗੀ। ਉਨ੍ਹਾਂ ਇਹ ਗੱਲ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੀ।
ਉਨ੍ਹਾਂ ਇਸ ਮੌਕੇ ਦਿੱਲੀ ਭਰ ਵਿੱਚ ਕਿਰਾਏਦਾਰਾਂ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ, "ਮੈਂ ਜਿੱਥੇ ਵੀ ਜਾਂਦਾ ਹਾਂ, ਮੈਂ ਕਿਰਾਏ 'ਤੇ ਰਹਿਣ ਵਾਲੇ ਲੋਕਾਂ ਨੂੰ ਮਿਲਦਾ ਹਾਂ ਜੋ ਕਹਿੰਦੇ ਹਨ ਕਿ ਉਨ੍ਹਾਂ ਨੂੰ ਚੰਗੇ ਸਕੂਲਾਂ ਅਤੇ ਹਸਪਤਾਲਾਂ ਦਾ ਲਾਭ ਮਿਲਦਾ ਹੈ ਪਰ ਮੁਫ਼ਤ ਬਿਜਲੀ ਅਤੇ ਪਾਣੀ ਦੀਆਂ ਯੋਜਨਾਵਾਂ ਤੋਂ ਉਹ ਵਾਂਝੇ ਹਨ।"
ਇਸ ਮੁੱਦੇ ਦੇ ਹੱਲ ਦਾ ਭਰੋਸਾ ਦਿੰਦਿਆਂ ਕੇਜਰੀਵਾਲ ਨੇ ਕਿਹਾ, "ਅਸੀਂ ਇਹ ਯਕੀਨੀ ਬਣਾਵਾਂਗੇ ਕਿ ਚੋਣਾਂ ਤੋਂ ਬਾਅਦ, ਕਿਰਾਏਦਾਰ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਪੂਰਵਾਂਚਲ ਖੇਤਰ ਨਾਲ ਸਬੰਧਤ ਹਨ ਵੀ ਮੁਫ਼ਤ ਬਿਜਲੀ ਅਤੇ ਪਾਣੀ ਦਾ ਲਾਭ ਲੈਣ।" ਇਹ ਐਲਾਨ ਉਦੋਂ ਆਇਆ ਹੈ ਜਦੋਂ ਆਮ ਆਦਮੀ ਪਾਰਟੀ 5 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣੀ ਮੁਹਿੰਮ ਤੇਜ਼ ਕਰ ਰਹੀ ਹੈ। ਚੋਣਾਂ ਦੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣੇ ਹਨ।
ਲਗਾਤਾਰ ਤੀਜੀ ਵਾਰ ਸੱਤਾ ਸੰਭਾਲਣ ਦੀ ਕੋਸ਼ਿਸ਼ ਕਰ ਰਹੀ 'ਆਪ' ਨੇ ਆਪਣੀ ਮੁਹਿੰਮ ਆਪਣੀਆਂ ਭਲਾਈ ਪਹਿਲਕਦਮੀਆਂ ਦੇ ਆਲੇ-ਦੁਆਲੇ ਬਣਾਈ ਹੈ। ਪਾਰਟੀ ਨੇ ਮੁਫ਼ਤ ਸਹੂਲਤਾਂ ਅਤੇ ਬਿਹਤਰ ਜਨਤਕ ਸੇਵਾਵਾਂ ਨੂੰ ਆਪਣੀ ਮੁੱਖ ਤਾਕਤ ਵਜੋਂ ਪੇਸ਼ ਕੀਤਾ ਹੈ। -ਪੀਟੀਆਈ