Delhi Polls: ‘ਆਪ’ ਵੱਲੋਂ ਭਾਜਪਾ ’ਤੇ ਆਪਣੇ ਉਮੀਦਵਾਰਾਂ ਨੂੰ ‘ਖ਼ਰੀਦਣ’ ਦੀ ਕੋਸ਼ਿਸ਼ ਦੇ ਲਾਏ ਦੋਸ਼ਾਂ ਦੀ Delhi LG ਵੱਲੋਂ ਜਾਂਚ ਦੇ ਹੁਕਮ
Delhi Polls: Delhi LG orders probe into AAP's poaching allegations against BJP
ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਦਿੱਲੀ ਭਾਜਪਾ ਦੇ ਜਨਰਲ ਸਕੱਤਰ ਵਿਸ਼ਨੂੰ ਮਿੱਤਲ ਦੇ ਮੰਗ ਪੱਤਰ ’ਤੇ ਆਧਾਰ ’ਤੇ ਕੀਤੀ ਕਾਰਵਾਈ; ਕੇਜਰੀਵਾਲ ਨੇ ਲਾਏ ਸਨ ਭਾਜਪਾ ’ਤੇ ਆਪਣੇ 16 ਉਮੀਦਵਾਰਾਂ ਨੂੰ ਮੰਤਰੀ ਤੇ ਅਹੁਦੇ ਤੇ ਰਿਸ਼ਵਤ ਦੀ ਪੇਸ਼ਕਸ਼ ਕਰਦਿਆਂ ਖ਼ਰੀਦਣ ਦੀ ਕੋਸ਼ਿਸ਼ ਕਰਨ ਦੇ ਦੋਸ਼
ਨਵੀਂ ਦਿੱਲੀ, 7 ਫਰਵਰੀ
Delhi Polls: ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ (Delhi Lieutenant Governor VK Saxena) ਨੇ ਸ਼ੁੱਕਰਵਾਰ ਨੂੰ 'ਆਪ' ਆਗੂਆਂ ਦੇ ਦੋਸ਼ਾਂ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ (ACB) ਰਾਹੀਂ ਜਾਂਚ ਦੇ ਹੁਕਮ ਦਿੱਤੇ ਕਿ ਭਾਜਪਾ ਨੇ ਉਨ੍ਹਾਂ ਦੇ ਉਮੀਦਵਾਰਾਂ ਦਾ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ।
ਇਸ ਦੌਰਾਨ ਏਸੀਬੀ ਦੀ ਟੀਮ ਆਪਣੀ ਜਾਂਚ ਨੂੰ ਅੱਗੇ ਵਧਾਉਣ ਲਈ 'ਆਪ' ਮੁਖੀ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੀ ਹੈ।
ਦਿੱਲੀ ਵਿਧਾਨ ਸਭਾ ਦੀ ਚੋਣ ਲਈ 5 ਫਰਵਰੀ ਨੂੰ ਵੋਟਾਂ ਪਈਆਂ ਸਨ ਅਤੇ ਗਿਣਤੀ 8 ਫਰਵਰੀ ਨੂੰ ਹੋਣੀ ਹੈ। ਉਪ ਰਾਜਪਾਲ ਨੇ ਵੋਟਾਂ ਦੀ ਗਿਣਤੀ ਤੋਂ ਇੱਕ ਦਿਨ ਪਹਿਲਾਂ ਜਾਂਚ ਦਾ ਹੁਕਮ ਦਿੱਤਾ ਹੈ।
ਇਸ ਸਬੰਧੀ ਉਪ ਰਾਜਪਾਲ ਦਫ਼ਤਰ ਨੇ ਮੁੱਖ ਸਕੱਤਰ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ, "ਆਮ ਆਦਮੀ ਪਾਰਟੀ (ਆਪ) ਦੋਸ਼ ਲਗਾ ਰਹੀ ਹੈ ਕਿ ਭਾਜਪਾ ਉਸ ਦੇ ਵਿਧਾਇਕਾਂ ਨੂੰ ਪਾਰਟੀ (ਆਪ) ਛੱਡਣ ਅਤੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਰਿਸ਼ਵਤ ਦੀ ਪੇਸ਼ਕਸ਼ ਕਰ ਰਹੀ ਹੈ। ਉਪ ਰਾਜਪਾਲ ਨੇ ਨਿਰਦੇਸ਼ ਦਿੱਤਾ ਹੈ ਕਿ ਸੱਚਾਈ ਦਾ ਪਤਾ ਲਾਉਣ ਲਈ ਇਸ ਮਾਮਲੇ ਦੀ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (Anti-Corruption Bureau - ACB) ਰਾਹੀਂ ਪੂਰੀ ਜਾਂਚ ਕੀਤੀ ਜਾਵੇ।"
ਮੁੱਖ ਸਕੱਤਰ ਨੂੰ ਇਹ ਨਿਰਦੇਸ਼ ਦਿੱਲੀ ਭਾਜਪਾ ਦੇ ਜਨਰਲ ਸਕੱਤਰ ਵਿਸ਼ਨੂੰ ਮਿੱਤਲ ਵੱਲੋਂ ਉਪ ਰਾਜਪਾਲ ਦਫ਼ਤਰ ਨੂੰ ਭੇਜੇ ਇੱਕ ਮੰਗ ਪੱਤਰ ਦੇ ਜਵਾਬ ਵਿੱਚ ਆਇਆ ਹੈ। ਮਿੱਤਲ ਨੇ ਉਪ ਰਾਜਪਾਲ ਨੂੰ ਲਿਖੇ ਆਪਣੇ ਪੱਤਰ ਵਿੱਚ ਕਿਹਾ, "ਅਰਵਿੰਦ ਕੇਜਰੀਵਾਲ ਅਤੇ ਸੰਜੇ ਸਿੰਘ ਵੱਲੋਂ ਲਗਾਏ ਗਏ ਦੋਸ਼ ਬਹੁਤ ਗੰਭੀਰ ਹਨ ਅਤੇ ਤੁਰੰਤ ਜਾਂਚ ਦੀ ਮੰਗ ਕਰਦੇ ਹਨ, ਕਿਉਂਕਿ ਉਨ੍ਹਾਂ ਨੇ ਆਪਣੇ ਦਾਅਵਿਆਂ ਨੂੰ ਸਾਬਤ ਕਰਨ ਲਈ ਕੋਈ ਸਬੂਤ ਪੇਸ਼ ਨਹੀਂ ਕੀਤੇ ਹਨ - ਜਿਵੇਂ ਕਿ ਫੋਨ ਕਾਲਾਂ ਜਾਂ ਇਸ ਵਿੱਚ ਸ਼ਾਮਲ ਵਿਅਕਤੀਆਂ ਦੇ ਵੇਰਵੇ।"
ਇਸ ਤੋਂ ਪਹਿਲਾਂ ਵੀਰਵਾਰ ਨੂੰ ਕੇਜਰੀਵਾਲ ਨੇ ਭਾਜਪਾ 'ਤੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ 'ਆਪ' ਦੇ 16 ਉਮੀਦਵਾਰਾਂ ਦਾ ਸ਼ਿਕਾਰ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ 'ਆਪ' ਉਮੀਦਵਾਰਾਂ ਨੂੰ ਭਾਜਪਾ ਤੋਂ ਪੇਸ਼ਕਸ਼ਾਂ ਮਿਲੀਆਂ, ਜਿਨ੍ਹਾਂ ਵਿੱਚ ਪਾਰਟੀ ਬਦਲਣ ਲਈ ਮੰਤਰੀ ਦੇ ਅਹੁਦੇ 15-15 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ। -ਪੀਟੀਆਈ