Delhi Metro Station gate no. 2 closed: ਤਹੱਵੁਰ ਰਾਣਾ: ਦਿੱਲੀ ਮੈਟਰੋ ਸਟੇਸ਼ਨ ਦਾ ਗੇਟ ਨੰਬਰ ਦੋ ਬੰਦ
ਅਗਲੇ ਹੁਕਮਾਂ ਤਕ ਬੰਦ ਰਹੇਗਾ ਐਨਆਈਏ ਨੇੜਲਾ ਗੇਟ ਨੰਬਰ ਦੋ
ਨਵੀਂ ਦਿੱਲੀ, 10 ਅਪਰੈਲ
ਮੁੰਬਈ ਦਹਿਸ਼ਤੀ ਹਮਲਿਆਂ ਦੇ ਮੁੱਖ ਮੁਲਜ਼ਮ ਦੀ ਆਮਦ ਨੂੰ ਦੇਖਦਿਆਂ ਇਹਤਿਆਤ ਵਜੋਂ ਦਿੱਲੀ ਦੇ ਜਵਾਹਰ ਲਾਲ ਨਹਿਰੂ (ਜੇਐਲਐਨ) ਮੈਟਰੋ ਸਟੇਸ਼ਨ ਦੇ ਗੇਟ ਨੰਬਰ ਦੋ ਨੂੰ ਬੰਦ ਕਰ ਦਿੱਤਾ ਗਿਆ ਅਤੇ ਸਾਵਧਾਨੀ ਦੇ ਤੌਰ ’ਤੇ ਇਲਾਕੇ ਦੇ ਆਲੇ-ਦੁਆਲੇ ਜਨਤਕ ਆਵਾਜਾਈ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਇੱਥੇ ਐਨਆਈਏ ਦੇ ਭਾਰਤ ਸਥਿਤ ਹੈੱਡਕੁਆਰਟਰ ’ਤੇ ਤਹੱਵੁਰ ਰਾਣਾ ਦੀ ਸੰਭਾਵਤ ਆਮਦ ਦੇ ਮੱਦੇਨਜ਼ਰ ਲਾਈ ਗਈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਦੇ ਬੁਲਾਰੇ ਨੇ ਕਿਹਾ ਕਿ ਜੇਐਲਐਨ ਮੈਟਰੋ ਸਟੇਸ਼ਨ ਦਾ ਗੇਟ ਨੰਬਰ 2 ਐਨਆਈਏ ਦੀ ਇਮਾਰਤ ਦੇ ਨੇੜੇ ਹੈ, ਇਸ ਨੂੰ ਇਹਤਿਆਤ ਵਜੋਂ ਬੰਦ ਰੱਖਿਆ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਪੁਲੀਸ ਦੇ ਅਗਲੇ ਹੁਕਮਾਂ ਤੱਕ ਗੇਟ ਬੰਦ ਰਹੇਗਾ। ਹਾਲਾਂਕਿ, ਮੈਟਰੋ ਰੇਲ ਸੇਵਾਵਾਂ ਆਮ ਵਾਂਗ ਜਾਰੀ ਰਹਿਣਗੀਆਂ ਅਤੇ ਸਟੇਸ਼ਨ ’ਤੇ ਹੋਰ ਸਾਰੇ ਐਂਟਰੀ ਅਤੇ ਐਗਜ਼ਿਟ ਪੁਆਇੰਟ ਯਾਤਰੀਆਂ ਲਈ ਖੁੱਲ੍ਹੇ ਰਹਿਣਗੇ। ਜ਼ਿਕਰਯੋਗ ਹੈ ਕਿ ਰਾਣਾ 2008 ਦੇ ਹਮਲਿਆਂ ਦੇ ਮੁੱਖ ਸਾਜ਼ਿਸ਼ਕਾਰਾਂ ਵਿੱਚੋਂ ਇੱਕ ਹੈ। ਮੁੰਬਈ ਹਮਲੇ ਵਿਚ 166 ਲੋਕਾਂ ਦੀ ਜਾਨ ਗਈ ਸੀ। ਪੀਟੀਆਈ