DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿੱਲੀ-ਕੱਟੜਾ ਐਕਸਪ੍ਰੈੱਸਵੇਅ: ਕਿਸਾਨਾਂ ਨੇ ਪ੍ਰਸ਼ਾਸਨ ਦੇ ਕਬਜ਼ੇ ’ਚੋਂ ਜ਼ਮੀਨ ਛੁਡਾਈ

ਪੁਲੀਸ ਦੀਆਂ ਰੋਕਾਂ ਹਟਾ ਕੇ ਉਗਰਾਹਾਂ ਜਥੇਬੰਦੀ ਦੇ ਕਾਰਕੁਨ ਜ਼ਮੀਨ ’ਤੇ ਪੁੱਜੇ
  • fb
  • twitter
  • whatsapp
  • whatsapp
featured-img featured-img
ਐਕਸਪ੍ਰੈੱਸਵੇਅ ਲਈ ਗ੍ਰਹਿਣ ਕੀਤੀ ਜ਼ਮੀਨ ਵਾਹੁੰਦੇ ਹੋਏ ਕਿਸਾਨ।
Advertisement

* ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੀ ਨਿਖੇਧੀ

ਹੁਸ਼ਿਆਰ ਸਿੰਘ ਰਾਣੂ

Advertisement

ਮਾਲੇਰਕੋਟਲਾ, 28 ਅਗਸਤ

ਭਾਰਤ ਮਾਲਾ ਪ੍ਰਾਜੈਕਟ ਅਧੀਨ ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਲਈ ਨੇੜਲੇ ਪਿੰਡ ਸਰੌਦ ਦੀ ਐਕੁਆਇਰ ਕੀਤੀ ਗਈ ਜ਼ਮੀਨ ਦਾ ਦੋ ਦਿਨ ਪਹਿਲਾਂ ਪ੍ਰਸ਼ਾਸਨ ਨੇ ਪੁਲੀਸ ਦੀ ਮਦਦ ਨਾਲ ਕਬਜ਼ਾ ਲਿਆ ਸੀ ਪਰ ਅੱਜ ਕਿਸਾਨਾਂ ਨੇ ਮੁੜ ਜ਼ਮੀਨ ਆਪਣੇ ਕਬਜ਼ੇ ਹੇਠ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜ ਏਕੜ ਜ਼ਮੀਨ ਦਾ ਕਬਜ਼ਾ ਛੁਡਵਾਉਣ ਲਈ ਭਾਰਤੀ ਕਿਸਾਨ ਯੂਨ‌ੀਅਨ ਏਕਤਾ (ਉਗਰਾਹਾਂ) ਦੀ ਸੂਬਾ ਕਮੇਟੀ ਦੇ ਸੱਦੇ ’ਤੇ ਸੈਂਕੜੇ ਕਿਸਾਨਾਂ ਨੇ ਪੁਲੀਸ ਰੋਕਾਂ ਹਟਾਉਂਦਿਆਂ ਟਰੈਕਟਰ ਚਲਾ ਕੇ ਜ਼ਮੀਨ ’ਤੇ ਮੁੜ ਕਬਜ਼ਾ ਕਰ ਲਿਆ। ਮੌਕੇ ’ਤੇ ਪੁੱਜੇ ਕਿਸਾਨਾਂ ਨੂੰ ਦੇਖ ਕੇ ਸੜਕ ਦੇ ਨਿਰਮਾਣ ਵਿੱਚ ਲੱਗੇ ਕਾਮੇ ਕੰਮ ਛੱਡ ਕੇ ਚਲੇ ਗਏ।

ਪੁਲੀਸ ਨੇ ਲੰਘੀ ਰਾਤ ਤੋਂ ਹੀ ਪਿੰਡ ਸਰੌਦ ਨੂੰ ਜਾਣ ਵਾਲੀਆਂ ਸੜਕਾਂ ’ਤੇ ਰੋਕਾਂ ਲਾ ਕੇ ਵੱਡੀ ਗਿਣਤੀ ਵਿੱਚ ਪੁਲੀਸ ਕਰਮੀ ਤਾਇਨਾਤ ਕੀਤੇ ਸੀ। ਪੁਲੀਸ ਨੇ ਪਿੰਡ ਸਰੌਦ ਨੂੰ ਜਾਂਦੇ ਰਾਹਾਂ ’ਤੇ ਰੇਤਾ-ਬਜਰੀ ਨਾਲ ਭਰੇ ਟਰੱਕ ਤੇ ਹੋਰ ਭਾਰੀ ਵਾਹਨ ਖੜ੍ਹੇ ਕੀਤੇ ਹੋਏ ਸਨ। ਅੱਜ ਦੁਪਹਿਰ ਬਾਰਾਂ ਵਜੇ ਭਾਰਤੀ ਕਿਸਾਨ ਯੂਨ‌ੀਅਨ ਏਕਤਾ (ਉਗਰਾਹਾਂ) ਦੇ ਸੂਬਾਈ ਮੀਤ ਪ੍ਰਧਾਨ ਜਨਕ ਸਿੰਘ ਭੂਟਾਲ ਅਤੇ ਸੂਬਾਈ ਪ੍ਰੈੱਸ ਸਕੱਤਰ ਜਗਤਾਰ ਸਿੰਘ ਕਾਲਾਝਾੜ ਦੀ ਅਗਵਾਈ ਵਿੱਚ ਪੁੱਜੇ ਸੈਂਕੜੇ ਕਿਸਾਨਾਂ ਨੂੰ ਪੁਲੀਸ ਨੇ ਮਾਲੇਰਕੋਟਲਾ-ਧੂਰੀ ਸੜਕ ਸਥਿਤ ਲਸਾੜਾ ਡਰੇਨ ਪੁਲ ’ਤੇ ਲਾਏ ਨਾਕੇ ਨੇੜੇ ਰੋਕ ਲਿਆ। ਇਸ ਮੌਕੇ ਕਿਸਾਨ ਆਗੂ ਜਗਤਾਰ ਸਿੰਘ ਕਾਲਾਝਾੜ ਨੇ ਸੰਬੋਧਨ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਖ਼ਰੀਦ ਕੇ ਪੂੰਜੀਪਤੀਆਂ ਹਵਾਲੇ ਕਰਨ ਦੀਆਂ ਨੀਤੀਆਂ ਦੀ ਨਿਖੇਧੀ ਕੀਤੀ। ਕਿਸਾਨ ਆਗੂ ਮਨਜੀਤ ਸਿੰਘ ਘਰਾਚੋਂ ਦੇ ਐਲਾਨ ਮਗਰੋਂ ਕਿਸਾਨਾਂ ਨੇ ਰੋਕਾਂ ਹਟਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਦੀ ਪੁਲੀਸ ਨਾਲ ਧੱਕਾ-ਮੁੱਕੀ ਵੀ ਹੋਈ। ਕਿਸਾਨ ਰੋਕਾਂ ਹਟਾਉਣ ਮਗਰੋਂ ਲਸਾੜਾ ਡਰੇਨ ਦਾ ਪੁਲ ਟੱਪ ਕੇ ਗਊਸ਼ਾਲਾ ਨੇੜੇ ਪੁੱਜੇ ਤਾਂ ਇੱਥੇ ਡਿਪਟੀ ਕਮਿਸ਼ਨਰ ਡਾ. ਪੱਲਵੀ ਅਤੇ ਐੱਸਡੀਐੱਮ ਸ੍ਰੀਮਤੀ ਅਪਰਨਾ ਐੱਮਬੀ ਨੇ ਮਸਲੇ ਦੇ ਹੱਲ ਲਈ ਕਿਸਾਨ ਆਗੂਆਂ ਦੇ ਵਫ਼ਦ ਨਾਲ ਗੱਲਬਾਤ ਕੀਤੀ, ਜੋ ਬੇਸਿੱਟਾ ਰਹੀ। ਜ਼ਿਲ੍ਹਾ ਪੁਲੀਸ ਮੁਖੀ ਗਗਨ ਅਜੀਤ ਸਿੰਘ ਨੇ ਵੀ ਕਿਸਾਨਾਂ ਨੂੰ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਲਈ ਜ਼ੋਰ ਪਾਇਆ ਪਰ ਕਿਸਾਨ ਆਗੂ ਕਬਜ਼ੇ ਵਾਲੀ ਜ਼ਮੀਨ ’ਤੇ ਜਾਣ ਲਈ ਅੜੇ ਰਹੇ।

Advertisement
×