DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿੱਲੀ ਕੂਚ: ਹਰਿਆਣਾ ਪੁਲੀਸ ਨੇ ਕਿਸਾਨਾਂ ਦਾ ਰਾਹ ਰੋਕਿਆ

ਅੱਥਰੂ ਗੈਸ ਦੇ ਗੋਲੇ ਦਾਗੇ; ਪੁਲੀਸ ਕਾਰਵਾਈ ਵਿੱਚ ਫੂਲ ਸਣੇ 20 ਕਿਸਾਨ ਜ਼ਖ਼ਮੀ
  • fb
  • twitter
  • whatsapp
  • whatsapp
Advertisement

* ਸ਼ੰਭੂ ਬਾਰਡਰ ਤੋਂ ਹੀ ਵਾਪਸ ਮੁੜੇ ਕਿਸਾਨ

* ਭਲਕੇ ਦਿੱਲੀ ਵੱਲ ਕੂਚ ਕਰੇਗਾ ਦੂਜਾ ਜਥਾ

Advertisement

* ਕੇਂਦਰ ਨਾਲ ਗੱਲਬਾਤ ਲਈ ਹਰਿਆਣਾ ਸਰਕਾਰ ਨੂੰ ਮੰਗ ਪੱਤਰ ਸੌਂਪਿਆ

ਸਰਬਜੀਤ ਸਿੰਘ ਭੰਗੂ/ਰਤਨ ਸਿੰਘ ਢਿੱਲੋਂ

ਸ਼ੰਭੂ ਬਾਰਡਰ (ਪਟਿਆਲਾ)/ਅੰਬਾਲਾ, 6 ਦਸੰਬਰ

ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਮਰਜੀਵੜਿਆਂ ਦੇ ਰੂਪ ਵਿੱਚ ਦਿੱਲੀ ਲਈ ਕੂਚ ਕਰਨ ਵਾਲੇ 101 ਕਿਸਾਨਾਂ ਦੇ ਜਥੇ ਨੂੰ ਹਰਿਆਣਾ ਪੁਲੀਸ ਨੇ ਅੱਜ ਸ਼ੰਭੂ ਬਾਰਡਰ ਵੀ ਨਾ ਟੱਪਣ ਦਿੱਤਾ। ਕਿਸਾਨ ਜਦੋਂ ਪੱਕੀ ਅਤੇ ਉੱਚੀ ਦੀਵਾਰ ਬਣਾ ਕੇ ਜਾਲੀਆਂ ਦੇ ਪਰਲੇ ਪਾਸੇ ਖੜ੍ਹੀ ਹਰਿਆਣਾ ਪੁਲੀਸ ਦੇ ਬਿਲਕੁਲ ਕੋਲ ਜਾ ਅੱਪੜੇ ਤਾਂ ਉਨ੍ਹਾਂ ’ਤੇ ਮਿਰਚਾਂ ਦੀ ਸਪਰੇਅ ਕੀਤੀ ਗਈ ਤੇ ਫਿਰ ਅੱਥਰੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ 20 ਕਿਸਾਨ ਜ਼ਖ਼ਮੀ ਹੋ ਗਏ। ਅਖੀਰ ਤਿੰਨ ਘੰਟਿਆਂ ਦੀ ਜੱਦੋ-ਜਹਿਦ ਮਗਰੋਂ ਲੀਡਰਸ਼ਿਪ ਦੇ ਫੈਸਲੇ ਤਹਿਤ ਇਹ ਜਥਾ ਕੈਂਪ ਵਿੱਚ ਪਰਤ ਆਇਆ। ਜ਼ਖ਼ਮੀ ਕਿਸਾਨਾਂ ਨੂੰ ਰਾਜਪੁਰਾ ਤੇ ਪਟਿਆਲਾ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਤੇ ਬਲਦੇਵ ਸਿੰਘ ਜੀਰਾ ਨੇ ਕਿਹਾ ਕਿ ਕੇਂਦਰ ਨਾਲ ਗੱਲਬਾਤ ਲਈ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਲਈ ਸੱਦਾ ਪੱਤਰ ਨਾ ਮਿਲਣ ’ਤੇ ਹੁਣ 8 ਦਸੰਬਰ ਨੂੰ 12 ਵਜੇ 101 ਕਿਸਾਨਾਂ ਦਾ ਅਗਲਾ ਜਥਾ ਦਿੱਲੀ ਵੱਲ ਕੂਚ ਕਰੇਗਾ।

ਪੁਲੀਸ ਕਾਰਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾਈ ਪ੍ਰਧਾਨ ਸੁਰਜੀਤ ਸਿੰਘ ਫੂਲ, ਯੂਥ ਵਿੰਗ ਬੀਕੇਯੂ (ਬਹਿਰਾਮਕੇ) ਦੇ ਸੂਬਾਈ ਪ੍ਰਧਾਨ ਹਰਪ੍ਰੀਤ ਬਹਿਰਾ, ਅਵਤਾਰ ਸਿੰਘ ਚਾਚੋਵਾਲੀ ਤੋਂ ਇਲਾਵਾ ਗੋਬਿੰਦਰ ਸਿੰਘ ਆਕੜੀ, ਅਜਮੇਰ ਸਿੰਘ ਅਮੀਸ਼ਾ, ਜਸਵੰਤ ਸਿੰਘ ਝਾਂਡੇ, ਜਤਿੰਦਰ ਸਿੰਘ ਵਰਿਆਣ, ਬਲਬੀਰ ਸਿੰਘ ਭੈਣੀ ਗੁਰਦਾਸਪੁਰ, ਸਵਰਨ ਸਿੰਘ ਵਰਿਆਮ ਨੰਗਲ, ਬੁੱਧ ਸਿੰਘ ਉਦੋਕੇ, ਜਗਦੀਸ਼ ਸਿੰਘ ਚਾਚਰੋ, ਸੁਖਜਿੰਦਰ ਸਿੰਘ ਪੋਖਰ, ਸੁਰਿੰਦਰ ਸਿੰਘ ਪੋਖਰ, ਜਗਤਾਰ ਸਿੰਘ ਘੜਾਮ ਕਲਾਂ, ਜੱਸਾ ਸਿੰਘ ਝਾਮਕੇ ਖੁਰਦ ਅਤੇ ਸਮੁੱਧ ਸਿੰਘ ਉਧੋਕੇ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ।

ਦੱਸਣਯੋਗ ਹੈ ਕਿ ਜਪੁਜੀ ਸਾਹਿਬ ਦੇ ਪਾਠ ਅਤੇ ਅਰਦਾਸ ਕਰਨ ਉਪਰੰਤ ਸਰਜੀਤ ਸਿੰਘ ਫੂਲ, ਸਤਨਾਮ ਸਿੰਘ ਪੰਨੂ, ਸਵਿੰਦਰ ਚਤਾਲਾ ਅਤੇ ਬਲਜਿੰਦਰ ਚੰਡਿਆਲਾ ਦੀ ਅਗਵਾਈ ਹੇਠ 101 ਨਿਹੱਥੇ ਕਿਸਾਨਾਂ ਦੇ ਜਥੇ ਨੂੰ ਦੁਪਹਿਰ 1.01 ਵਜੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦਿੱਲੀ ਲਈ ਰਵਾਨਾ ਕੀਤਾ। ਕਿਸਾਨਾਂ ਨੂੰ ਮਰਜੀਵੜਿਆਂ ਦਾ ਨਾਮ ਦਿੱਤਾ ਗਿਆ। ਇਨ੍ਹਾਂ ਕਿਸਾਨਾਂ ਨੇ ਹਰਿਆਣਾ ਪੁਲੀਸ ਵੱਲੋਂ ਮੁੱਢਲੀ ਪਰਤ ਵਜੋਂ ਪੰਜ-ਛੇ ਥਾਵਾਂ ’ਤੇ ਸੜਕ ਵਿਚਾਲੇ ਗੱਡੀਆਂ ਮੋਟੀਆਂ ਕਿੱਲਾਂ ਅਤੇ ਕੰਡਿਆਲੀ ਤਾਰਾਂ ਪੁੱਟ ਕੇ ਪਾਸੇ ਸੁੱੱਟ ਦਿੱਤੀਆਂ। ਜਲਦੀ ਹੀ ਕਿਸਾਨ ਘੱਗਰ ਦਰਿਆ ਦੇ ਇਸ ਪੁਲ ’ਤੇ ਲਾਂਘਾ ਰੋਕਣ ਲਈ ਬਣਾਈ ਗਈ ਮਜ਼ਬੂਤ ਅਤੇ ਉੱਚੀ ਦੀਵਾਰ ਕੋਲ ਜਾ ਪੁੱਜੇ, ਜਿਸ ’ਤੇ ਮਜ਼ਬੂਤ ਜਾਲੀ ਲੱਗੀ ਹੋਈ ਹੈ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਉਹ ਕੋਈ ਵਿਘਨ ਨਹੀਂ ਪਾਉਣਗੇ ਤੇ ਉਨ੍ਹਾਂ ਨੂੰ ਦਿੱਲੀ ਵੱਲ ਵਧਣ ਦਿਓ ਪਰ ਪੁਲੀਸ ਦਾ ਤਰਕ ਸੀ ਕਿ ਆਦੇਸ਼ ਹਨ ਕਿ ਉਨ੍ਹਾਂ ਨੂੰ ਦਿੱਲੀ ਸਰਕਾਰ ਦੀ ਪ੍ਰਵਾਨਗੀ ਤੋਂ ਬਿਨਾਂ ਅੱਗੇ ਨਾ ਵਧਣ ਦਿੱਤਾ ਜਾਵੇ। ਇੱਕ ਘੰਟੇ ਮਗਰੋਂ ਪੂਰੇ 2 ਵਜੇ ਹਰਿਆਣਾ ਪੁਲੀਸ ਨੇ ਕਿਸਾਨਾਂ ’ਤੇ ਮਿਰਚਾਂ ਵਾਲੀ ਸਪਰੇਅ ਕੀਤੀ ਤੇ ਮਗਰੋਂ ਅੱਥਰੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ 20 ਦੇ ਕਰੀਬ ਕਿਸਾਨ ਜ਼ਖਮੀ ਹੋਏ ਹਨ। ਇਸ ਦਾ ਪਤਾ ਲੱਗਣ ’ਤੇ ਲੀਡਰਸ਼ਿਪ ਨੇ ਜਥੇ ਨੂੰ ਵਾਪਸ ਸੱਦ ਲਿਆ।

ਪ੍ਰੈੱਸ ਕਾਨਫ਼ਰੰਸ ਕਰ ਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਤੇ ਬਲਦੇਵ ਸਿੰਘ ਜੀਰਾ ਨੇ ਕਿਹਾ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਅਤਿਵਾਦੀ ਕਹਿ ਕੇ ਬਦਨਾਮ ਕੀਤਾ ਗਿਆ ਸੀ, ਪਰ ਐਤਕੀਂ ਤਾਂ ਉਹ ਨਿਹੱਥੇ ਸਨ। ਇਸ ਦੇ ਬਾਵਜੂਦ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਪਰ ਇਹ ਉਨ੍ਹਾਂ ਦੀ ਨੈਤਿਕ ਜਿੱਤ ਹੈ ਕਿਉਂਕਿ ਹੁਣ ਦੁਨੀਆ ਨੂੰ ਪਤਾ ਲੱਗ ਗਿਆ ਹੈ ਕਿ ਲੋਕਤੰਤਰ ਦਾ ਥੰਮ੍ਹ ਅਖਵਾਉਣ ਵਾਲੇ ਇਸ ਦੇਸ਼ ’ਚ ਆਪਣੇ ਹੀ ਨਾਗਰਿਕਾਂ ’ਤੇ ਗੋਲੇ ਅਤੇ ਗੋਲੀਆਂ ਚਲਾ ਰਹੇ ਹਨ। ਸਰਕਾਰ ਉਨ੍ਹਾਂ ’ਤੇ ਗੱਲਬਾਤ ਤੋਂ ਭੱਜਣ ਦੇ ਦੋਸ਼ ਲਾਉਂਦੀ ਹੈ, ਪਰ ਉਹ ਗੱਲਬਾਤ ਲਈ ਤਿਆਰ ਹਨ। ਇਸ ਮੌਕੇ ਮਨਜੀਤ ਘੁਮਾਣਾ, ਮਨਜੀਤ ਨਿਆਲ, ਗੁਰਅਮਨੀਤ ਮਾਂਗਟ ਸਣੇ ਕਈ ਹੋਰ ਕਿਸਾਨ ਆਗੂ ਮੌਜੂਦ ਸਨ।

ਨਾਇਬ ਸਰਕਾਰ ਵੀ ਖੱਟਰ ਦੇ ਕਦਮਾਂ ’ਤੇ ਚੱਲਣ ਲੱਗੀ: ਬਾਜਵਾ

ਚੰਡੀਗੜ੍ਹ (ਟਨਸ):

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦਿੱਲੀ ਵੱਲ ਸ਼ਾਂਤਮਈ ਤਰੀਕੇ ਨਾਲ ਕੂਚ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਪੁਲੀਸ ਬਲ ਦੀ ਵਰਤੋਂ ਕਰਨ ਅਤੇ ਅੱਥਰੂ ਗੈਸ ਦੇ ਗੋਲੇ ਦਾਗਣ ਲਈ ਹਰਿਆਣਾ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਪਿਛਲੀ ਖੱਟਰ ਸਰਕਾਰ ਦੇ ਨਕਸ਼ੇ ਕਦਮ ’ਤੇ ਚੱਲਦਿਆਂ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਵੀ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਨੂੰ ਦਬਾਉਣ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇੱਕ ਵਾਰ ਫਿਰ ਤੋਂ ਸ਼ੰਭੂ ਬਾਰਡਰ ’ਤੇ ਹਰਿਆਣਾ ਪੁਲੀਸ ਦੀ ਬੇਰਹਿਮੀ ਦਾ ਸਾਹਮਣਾ ਕਰਨਾ ਪਿਆ ਹੈ। ਹਰਿਆਣਾ ਪੁਲੀਸ ਵੱਲੋਂ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਬਾਜਵਾ ਨੇ ਕਿਹਾ ਕਿ ਪੁਲੀਸ ਦੀ ਇਸ ਵਹਿਸ਼ੀ ਕਾਰਵਾਈ ਵਿੱਚ ਕਈ ਕਿਸਾਨ ਜ਼ਖ਼ਮੀ ਹੋਏ ਹਨ। ਕਾਂਗਰਸੀ ਆਗੂ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਰੂਪ ਦੇਣ ਦਾ ਲਾਭ ਸਿਰਫ਼ ਪੰਜਾਬੀ ਕਿਸਾਨਾਂ ਨੂੰ ਨਹੀਂ, ਸਗੋਂ ਹਰਿਆਣਾ ਸਣੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਮਿਲੇਗਾ।

ਜਥੇ ’ਚ 101 ਤੋਂ ਵੱਧ ਕਿਸਾਨ ਹੋਣ ਦਾ ਦਾਅਵਾ

ਅੰਬਾਲਾ (ਨਿੱਜੀ ਪੱਤਰ ਪ੍ਰੇਰਕ):

ਪੁਲੀਸ ਨੇ ਦੋਸ਼ ਲਾਇਆ ਹੈ ਕਿ ਦਿੱਲੀ ਕੂਚ ਕਰਨ ਵਾਲੇ ਜਥੇ ਵਿੱਚ 101 ਤੋਂ ਵੱਧ ਕਿਸਾਨ ਸਨ, ਜਿਨ੍ਹਾਂ ਵਿਚ ਕੁਝ ਹੁੜਦੰਗ ਮਚਾਉਣ ਵਾਲੇ ਲੋਕ ਵੀ ਸ਼ਾਮਲ ਸਨ। ਪੁਲੀਸ ਮੁਤਾਬਕ ਕਿਸਾਨਾਂ ਨੇ ਪੁਲੀਸ ਮੋਰਚੇ ਨੂੰ ਡੇਗਣ ਦੀ ਕੋਸ਼ਿਸ਼ ਕੀਤੀ। ਉਧਰ ਅੰਬਾਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਪਿੰਡਾਂ ਡੰਗਡੇਹੜੀ, ਲੋਹਗੜ੍ਹ, ਮਾਣਕਪੁਰ, ਡਡਿਆਣਾ, ਬੜੀ ਘੇਲ, ਲਹਾਰਸਾ, ਕਾਲੂ ਮਾਜਰਾ, ਦੇਵੀ ਨਗਰ, ਸੱਦੋਪੁਰ, ਸੁਲਤਾਨਪੁਰ ਅਤੇ ਕਾਕੜੂ ਇਲਾਕੇ ਵਿੱਚ ਇੰਟਰਨੈੱਟ ਸੇਵਾਵਾਂ 9 ਦਸੰਬਰ ਨੂੰ ਰਾਤ 11.59 ਵਜੇ ਤੱਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਆਈਜੀ ਸ਼ਿਬਾਸ ਕਵੀਰਾਜ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਆਪਣੇ ਹੱਥ ਵਿੱਚ ਨਹੀਂ ਲੈਣ ਦਿੱਤੀ ਜਾਵੇਗੀ ਅਤੇ ਜੋ ਵੀ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦੀ ਮਨਜ਼ੂਰੀ ਦਿਖਾ ਕੇ ਕਿਸਾਨ ਦਿੱਲੀ ਕੂਚ ਕਰ ਸਕਦੇ ਹਨ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਾਰਾਂ ਉਖਾੜਨ ਵਾਲੇ ਕਿਸਾਨਾਂ ਖ਼ਿਲਾਫ਼ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਲਈ ਕੇਸ ਦਰਜ ਕੀਤਾ ਜਾਵੇਗਾ।

ਕਿਸਾਨਾਂ ਦੀਆਂ ਮੰਗਾਂ ਮੰਨੇ ਸਰਕਾਰ: ਰਾਹੁਲ

ਨਵੀਂ ਦਿੱਲੀ:

ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਦੀ ਕੋਸ਼ਿਸ਼ ਨਿੰਦਣਯੋਗ ਹੈ ਅਤੇ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਗੰਭੀਰਤਾ ਨਾਲ ਸੁਣ ਕੇ ਉਨ੍ਹਾਂ ’ਤੇ ਅਮਲ ਕਰਨਾ ਚਾਹੀਦਾ ਹੈ। ਰਾਹੁਲ ਗਾਂਧੀ ਨੇ ਐਕਸ ’ਤੇ ਪੋਸਟ ਕੀਤਾ, ‘ਕਿਸਾਨ, ਸਰਕਾਰ ਸਾਹਮਣੇ ਆਪਣੀਆਂ ਮੰਗਾਂ ਰੱਖਣ ਤੇ ਆਪਣਾ ਦਰਦ ਬਿਆਨ ਕਰਨ ਲਈ ਦਿੱਲੀ ਆਉਣਾ ਚਾਹੁੰਦੇ ਹਨ। ਉਨ੍ਹਾਂ ’ਤੇ ਅੱਥਰੂ ਗੈਸ ਦੇ ਗੋਲੇ ਦਾਗਣਾ ਅਤੇ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਨਾਲ ਰੋਕਣ ਦੀ ਕੋਸ਼ਿਸ਼ ਕਰਨਾ ਨਿੰਦਣਯੋਗ ਹੈ। ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਤੇ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਨਾ ਚਾਹੀਦਾ ਹੈ।’ -ਪੀਟੀਆਈ

Advertisement
×