ਨਵੀਂ ਦਿੱਲੀ, 17 ਫਰਵਰੀਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਦੇ ਮੁੱਖ ਮੰਤਰੀ ਦੇ ਨਾਮ ਦੇ ਐਲਾਨ ’ਚ ਦੇਰੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਮੁੜ ਨਿਸ਼ਾਨਾ ਸੇਧਦਿਆਂ ਕਿਹਾ ਕਿ ਪਾਰਟੀ ਕੋਲ ਸਰਕਾਰ ਚਲਾਉਣ ਲਈ ‘ਕੋਈ ਚਿਹਰਾ’ ਨਹੀਂ ਹੈ।‘ਆਪ’ ਦੀ ਸੀਨੀਅਰ ਨੇਤਾ ਅਤੇ ਦਿੱਲੀ ਦੀ ਕਾਰਜਕਾਰੀ ਮੁੱਖ ਮੰਤਰੀ ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ’ਤੇ ਕੌਮੀ ਰਾਜਧਾਨੀ ’ਚ ਸ਼ਾਸਨ ਲਈ ਇੱਕ ਦੂਰਅੰਦੇਸ਼ੀ ਨੇਤਾ ਦੀ ਘਾਟ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਚੋਣ ਨਤੀਜਿਆਂ ਦੇ ਐਲਾਨ ਨੂੰ ਦਸ ਦਿਨ ਹੋ ਚੁੱਕੇ ਹਨ। ਲੋਕਾਂ ਨੂੰ ਲੱਗਿਆ ਸੀ ਕਿ ਭਾਜਪਾ ਨੌਂ ਫਰਵਰੀ ਨੂੰ ਆਪਣੇ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਦਾ ਐਲਾਨ ਕਰੇਗੀ ਅਤੇ ਤੁਰੰਤ ਵਿਕਾਸ ਕਾਰਜ ਸ਼ੁਰੂ ਕਰ ਦੇਵੇਗੀ ਪਰ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਉਨ੍ਹਾਂ ਕੋਲ ਦਿੱਲੀ ’ਚ ਸ਼ਾਸਨ ਲਈ ਕੋਈ ਚਿਹਰਾ ਨਹੀਂ ਹੈ।’’ਆਤਿਸ਼ੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਵਿੱਚ ਚੁਣੇ ਗਏ 48 ਭਾਜਪਾ ਵਿਧਾਇਕਾਂ ਵਿੱਚੋਂ ਕਿਸੇ ’ਤੇ ਭਰੋਸਾ ਨਹੀਂ ਕਰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਕੋਲ ਸ਼ਾਸਨ ਲਈ ਕੋਈ ‘ਵਿਜ਼ਨ’ ਜਾਂ ਯੋਜਨਾ ਨਹੀਂ ਹੈ।ਉਨ੍ਹਾਂ ਕਿਹਾ, ‘‘ਭਾਜਪਾ ਚੰਗੀ ਤਰ੍ਹਾਂ ਜਾਣਦੀ ਹੈ ਕਿ ਉਸ ਨੇ ਸਿਰਫ਼ ਲੋਕਾਂ ਨੂੰ ਲੁੱਟਣਾ ਹੈ। ਜੇਕਰ ਉਨ੍ਹਾਂ ਕੋਲ ਸਰਕਾਰ ਚਲਾਉਣ ਲਈ ਕੋਈ ਸਮਰੱਥ ਵਿਅਕਤੀ ਨਹੀਂ ਹੈ ਤਾਂ ਉਹ ਲੋਕਾਂ ਲਈ ਕਿਵੇਂ ਕੰਮ ਕਰਨਗੇ?’’ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਫ਼ੈਸਲਾਕੁੰਨ ਜਿੱਤ ਮਗਰੋਂ ਅਗਵਾਈ ਦੇ ਫ਼ੈਸਲੇ ਵਿੱਚ ਦੇਰੀ ਕਾਰਨ ‘ਆਪ’ ਅਤੇ ਭਾਜਪਾ ਦਰਮਿਆਨ ਸਿਆਸੀ ਜੰਗ ਭਖ਼ਣ ਵਾਲੀ ਹੈ। ਹਾਲ ਹੀ ਵਿੱਚ ਮੁਕੰਮਲ ਹੋਈ 70 ਮੈਂਬਰੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 48 ਸੀਟਾਂ ਜਿੱਤੀਆਂ, ਜਦਕਿ ‘ਆਪ’ ਨੇ 22 ਸੀਟਾਂ ਜਿੱਤੀਆਂ। ਪੰਜ ਫਰਵਰੀ ਨੂੰ ਵੋਟਿੰਗ ਮਗਰੋਂ ਅੱਠ ਫਰਵਰੀ ਨੂੰ ਚੋਣ ਨਤੀਜੇ ਐਲਾਨੇ ਗਏ।ਭਾਜਪਾ ਦੀ ਜਿੱਤ ਨੇ ਕੌਮੀ ਰਾਜਧਾਨੀ ਵਿੱਚ ‘ਆਪ’ ਦੇ ਇੱਕ ਦਹਾਕੇ ਦੇ ਸ਼ਾਸਨ ਨੂੰ ਖ਼ਤਮ ਕਰ ਦਿੱਤਾ। ਸਾਲ 2020 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਨੇ 70 ਵਿੱਚੋਂ 62 ਸੀਟਾਂ ਜਿੱਤੀਆਂ ਸੀ, ਜਦਕਿ ਭਾਜਪਾ ਸਿਰਫ਼ ਅੱਠ ਸੀਟਾਂ ’ਤੇ ਜਿੱਤ ਦਰਜ ਕਰ ਸਕੀ ਸੀ। -ਪੀਟੀਆਈ