Delhi Blast ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਭਲਕੇ; ਪ੍ਰਧਾਨ ਮੰਤਰੀ ਕਰਨਗੇ ਬੈਠਕ ਦੀ ਪ੍ਰਧਾਨਗੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬੈਠਕ ਵਿਚ ਜਾਂਚ ਰਿਪੋਰਟ ਰੱਖਣਗੇ
ਸੁਰੱਖਿਆ ਬਾਰੇ ਕੈਬਨਿਟ ਕਮੇਟੀ (CCS) ਦੀ ਮੀਟਿੰਗ ਬੁੱਧਵਾਰ ਨੂੰ ਹੋਵੇਗੀ, ਜਿਸ ਵਿਚ ਦਿੱਲੀ ’ਚ ਹੋਏ ਧਮਾਕੇ ਮਗਰੋਂ ਮੌਜੂਦਾ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ। ਇਸ ਬੈਠਕ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਵੇਲੇ ਸੁਰੱਖਿਆ ਏਜੰਸੀ ਦੇ ਉੱਚ ਆਗੂਆਂ ਨਾਲ ਮਾਮਲੇ ਦੀ ਸਮੀਖਿਆ ਕਰ ਰਹੇ ਹਨ। ਸ਼ਾਹ ਭਲਕੇ ਸੀਸੀਐੱਸ ਦੀ ਬੈਠਕ ਵਿਚ ਆਪਣੀ ਰਿਪੋਰਟ ਪੇਸ਼ ਕਰਨਗੇ। ਸੀਸੀਐੱਸ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੀ ਸ਼ਾਮਲ ਹਨ।
ਹਾਲ ਦੀ ਘੜੀ ਜਾਂਚ ਏਜੰਸੀਆਂ ਵੱਲੋਂ ਦਿੱਲੀ ਧਮਾਕੇ ਦੇ ਸਾਰੇ ਪਹਿਲੂਆਂ ਦਾ ਅਧਿਐਨ ਕੀਤਾ ਜਾ ਰਿਹਾ ਹੈ। ਅਜੇ ਤੱਕ ਕੋਈ ਵੀ ਦਹਿਸ਼ਤੀ ਸੰਗਠਨ ਹਮਲੇ ਦੀ ਜ਼ਿੰਮੇਵਾਰੀ ਲੈਣ ਲਈ ਅੱਗੇ ਨਹੀਂ ਆਇਆ ਹੈ। ਉਂਝ ਜੇਕਰ ਇਹ ਦਹਿਸ਼ਤੀ ਹਮਲਾ ਨਿਕਲਦਾ ਹੈ ਤਾਂ ਸੀਸੀਐਸ ਨੂੰ ਹਾਲਾਤ ਦਾ ਜਾਇਜ਼ਾ ਲੈਣ ਦੀ ਲੋੜ ਪਏਗੀ ਕਿਉਂਕਿ ਭਾਰਤ ਦੇ ਨਵੇਂ ਜੰਗੀ ਸਿਧਾਂਤ ਮੁਤਾਬਕ ਉਸ ਦੀ ਧਰਤੀ ’ਤੇ ਹੋਣ ਵਾਲੇ ਕਿਸੇ ਵੀ ਦਹਿਸ਼ਤੀ ਹਮਲੇ ਨੂੰ ਜੰਗ ਦੀ ਕਾਰਵਾਈ ਮੰਨਿਆ ਜਾਵੇਗਾ। ਦਿੱਲੀ ਧਮਾਕਾ ਪਹਿਲਗਾਮ ਦਹਿਸ਼ਤੀ ਹਮਲੇ ਅਤੇ ਆਪ੍ਰੇਸ਼ਨ ਸਿੰਧੂਰ ਤੋਂ ਕੁਝ ਮਹੀਨਿਆਂ ਬਾਅਦ ਹੋਇਆ ਹੈ, ਇਸ ਲਈ ਸੀਸੀਐਸ ਨੂੰ ਜ਼ਮੀਨੀ ਹਾਲਾਤ ਦਾ ਮੁਲਾਂਕਣ ਕਰਨ ਦੀ ਲੋੜ ਪਏਗੀ ਕਿਉਂਕਿ ਪ੍ਰਧਾਨ ਮੰਤਰੀ ਨੇ ਵਾਰ-ਵਾਰ ਕਿਹਾ ਹੈ ਕਿ ਆਪ੍ਰੇਸ਼ਨ ਸਿੰਧੂਰ ਜਾਰੀ ਹੈ।

