DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿੱਲੀ ਭਾਜਪਾ ਦੇ ਪਹਿਲੇ ਪ੍ਰਧਾਨ ਵਿਜੈ ਮਲਹੋਤਰਾ ਦਾ ਦੇਹਾਂਤ

ਕੁੱਝ ਸਮੇਂ ਤੋਂ ਬਿਮਾਰ ਸਨ ਸਾਬਕਾ ਸੰਸਦ ਮੈਂਬਰ; ਰਾਸ਼ਟਰਪਤੀ ਮੁਰਮੂ, ਪ੍ਰਧਾਨ ਮੰਤਰੀ ਮੋਦੀ, ਸ਼ਾਹ, ਰਾਜਨਾਥ ਸਿੰਘ, ਰੇਖਾ ਗੁਪਤਾ ਤੇ ਹੋਰਾਂ ਵੱਲੋਂ ਸ਼ਰਧਾਂਜਲੀ ਭੇਟ

  • fb
  • twitter
  • whatsapp
  • whatsapp
Advertisement

ਦਿੱਲੀ ਵਿੱਚ ਭਾਜਪਾ ਦੀਆਂ ਜੜ੍ਹਾਂ ਜਮਾਉਣ ਲਈ ਜੀਅ ਤੋੜ ਮਿਹਨਤ ਕਰਨ ਵਾਲੇ ਅਤੇ ਦਿੱਲੀ ਪ੍ਰਦੇਸ਼ ਭਾਜਪਾ ਦੇ ਪਹਿਲੇ ਪ੍ਰਧਾਨ ਪ੍ਰੋਫੈਸਰ ਵਿਜੈ ਕੁਮਾਰ ਮਲਹੋਤਰਾ (93) ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ ਕੁਝ ਸਮੇਂ ਤੋਂ ਬਿਮਾਰ ਸਨ। ਮਲਹੋਤਰਾ ਨੇ ਆਪਣੇ ਸਾਥੀਆਂ ਮਦਨ ਲਾਲ ਖੁਰਾਣਾ, ਸੁਸ਼ਮਾ ਸਵਰਾਜ ਅਤੇ ਹੋਰਨਾਂ ਨਾਲ ਮਿਲ ਕੇ ਦਿੱਲੀ ਵਿੱਚ ਭਾਜਪਾ ਦੇ ਪੈਰ ਮਜ਼ਬੂਤ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ। ਉਹ ਭਾਜਪਾ ਦੀ ਪਹਿਲੀ ਪੀੜ੍ਹੀ ਦੇ ਪੰਜਾਬੀ ਕੱਦਾਵਰ ਆਗੂਆਂ ’ਚੋਂ ਇੱਕ ਸਨ। ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਭਾਜਪਾ ਨੇ ਉਨ੍ਹਾਂ ਨੂੰ ਰਾਜ ਸਭਾ ਵਿੱਚ ਭੇਜ ਕੇ ਨਿਵਾਜਿਆ ਸੀ। ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਸਮੇਤ ਕਈ ਸੀਨੀਅਰ ਆਗੂਆਂ ਨੇ ਉਨ੍ਹਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਟੀ ਦੇ ਸੀਨੀਅਰ ਆਗੂ ਵਿਜੈ ਕੁਮਾਰ ਮਲਹੋਤਰਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ। -ਫੋਟੋ: ਏਐੱਨਆਈ

ਪ੍ਰਧਾਨ ਮੰਤਰੀ ਮੋਦੀ ਨੇ ਮਲਹੋਤਰਾ ਨੂੰ ਜਨਤਕ ਮੁੱਦਿਆਂ ਦਾ ਡੂੰਘਾ ਗਿਆਨ ਰੱਖਣ ਵਾਲਾ ਅਤੇ ਦਿੱਲੀ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਵਾਲਾ ਵਿਅਕਤੀ ਦੱਸਿਆ। ਮੋਦੀ ਨੇ ਐਕਸ ’ਤੇ ਕਿਹਾ, ‘ਵਿਜੈ ਕੁਮਾਰ ਮਲਹੋਤਰਾ ਜਨਤਕ ਮੁੱਦਿਆਂ ਦੀ ਡੂੰਘੀ ਸਮਝ ਵਾਲੇ ਆਗੂ ਸਨ। ਉਨ੍ਹਾਂ ਨੇ ਦਿੱਲੀ ਵਿੱਚ ਸਾਡੀ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਨੂੰ ਸੰਸਦੀ ਮਾਮਲਿਆਂ ਵਿੱਚ ਸਰਗਰਮੀ ਲਈ ਵੀ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦਾ ਦੇਹਾਂਤ ਬਹੁਤ ਦੁਖਦਾਈ ਹੈ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਸੰਵੇਦਨਾ।’ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਮਰਹੂਮ ਆਗੂ ਦੀ ਮ੍ਰਿਤਕ ਦੇਹ ’ਤੇ ਫੁੱਲਮਾਲਾ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Advertisement

ਇਸੇ ਤਰ੍ਹਾਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀ ਆਪਣੇ ਅੱਜ ਦੇ ਸਾਰੇ ਰੁਝੇਵੇਂ ਅਤੇ ਮੀਟਿੰਗਾਂ ਰੱਦ ਕਰ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਭਾਜਪਾ ਆਗੂ ਮੁਖਤਾਰ ਅੱਬਾਸ ਨਕਵੀ, ਸੰਸਦ ਮੈਂਬਰ ਬਾਂਸੁਰੀ ਸਵਰਾਜ, ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਗੂਆਂ ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ, ਸਰਵਜੀਤ ਸਿੰਘ ਵਿਰਕ ਨੇ ਦੁੱਖ ਪ੍ਰਗਟਾਇਆ ਹੈ।

Advertisement

Advertisement
×