ਦਿੱਲੀ: ਉਡਾਣ ’ਚ ਦੇਰੀ ਤੋਂ ਨਾਰਾਜ਼ ਯਾਤਰੀ ਨੇ ਪਾਇਲਟ ’ਤੇ ਹਮਲਾ ਕੀਤਾ
ਨਵੀਂ ਦਿੱਲੀ, 15 ਜਨਵਰੀ ਦਿੱਲੀ ਹਵਾਈ ਅੱਡੇ 'ਤੇ ਉਡਾਣ ’ਚ ਦੇਰ ਹੋਣ ਦਾ ਐਲਾਨ ਕਰ ਰਹੇ ਇੰਡੀਗੋ ਦੇ ਪਾਇਲਟ 'ਤੇ ਯਾਤਰੀ ਨੇ ਹਮਲਾ ਕਰ ਦਿੱਤਾ। ਐਤਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ ਦੀ ਕਥਿਤ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ...
ਨਵੀਂ ਦਿੱਲੀ, 15 ਜਨਵਰੀ
ਦਿੱਲੀ ਹਵਾਈ ਅੱਡੇ 'ਤੇ ਉਡਾਣ ’ਚ ਦੇਰ ਹੋਣ ਦਾ ਐਲਾਨ ਕਰ ਰਹੇ ਇੰਡੀਗੋ ਦੇ ਪਾਇਲਟ 'ਤੇ ਯਾਤਰੀ ਨੇ ਹਮਲਾ ਕਰ ਦਿੱਤਾ। ਐਤਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ ਦੀ ਕਥਿਤ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਦਿੱਲੀ ਪੁਲੀਸ ਦੇ ਅਧਿਕਾਰੀ ਨੇ ਕਿਹਾ, ‘ਸਾਨੂੰ ਇਸ ਬਾਰੇ ਸ਼ਿਕਾਇਤ ਮਿਲੀ ਹੈ ਅਤੇ ਅਸੀਂ ਢੁਕਵੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ।’ ਇਸ ਵੀਡੀਓ ਕਲਿੱਪ 'ਚ ਚਾਲਕ ਦਲ ਦੇ ਹੋਰ ਮੈਂਬਰ ਘਟਨਾ ਤੋਂ ਬਾਅਦ ਪਾਇਲਟ 'ਤੇ ਹਮਲਾ ਕਰਨ ਵਾਲੇ ਯਾਤਰੀ 'ਤੇ ਨੂੰ ਰੋਕਦੇ ਨਜ਼ਰ ਆ ਰਹੇ ਹਨ।ਵੀਡੀਓ 'ਚ ਸਾਹਿਲ ਕਟਾਰੀਆ ਨਾਂ ਦਾ ਯਾਤਰੀ ਜਹਾਜ਼ ਦੇ ਅੰਦਰ ਅਨਾਊਂਸਮੈਂਟ ਕਰ ਰਹੇ ਪਾਇਲਟ 'ਤੇ ਹਮਲਾ ਕਰਦਾ ਦਿਖਾਈ ਦੇ ਰਿਹਾ ਹੈ। ਇਕ ਹੋਰ ਵੀਡੀਓ ਕਲਿੱਪ 'ਚ ਕਟਾਰੀਆ ਨੂੰ ਸੁਰੱਖਿਆ ਕਰਮਚਾਰੀ ਜਹਾਜ਼ ਤੋਂ ਬਾਹਰ ਕੱਢਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਉਹ ਆਪਣੇ ਵਿਵਹਾਰ ਲਈ ਮੁਆਫੀ ਮੰਗਦਾ ਨਜ਼ਰ ਆ ਰਿਹਾ ਹੈ। ਬਾਅਦ ਵਿਚ ਉਸ ਨੂੰ ਥਾਣੇ ਲਿਜਾਇਆ ਗਿਆ ਅਤੇ ਫਿਰ ਗ੍ਰਿਫਤਾਰ ਕਰ ਲਿਆ ਗਿਆ। ਪੁਲੀਸ ਮੁਤਾਬਕ ਦਿੱਲੀ ਅਤੇ ਗੋਆ ਵਿਚਾਲੇ ਫਲਾਈਟ ਨੰਬਰ 6ਈ 2175 ਦੇ ਕੋ-ਪਾਇਲਟ ਅਤੇ ਹੋਰ ਸੁਰੱਖਿਆ ਕਰਮਚਾਰੀਆਂ ਨੇ ਸਾਹਿਲ ਕਟਾਰੀਆ ਖ਼ਿਲਾਫ਼ ਉਨ੍ਹਾਂ ਨਾਲ ਕੁੱਟਮਾਰ ਅਤੇ ਦੁਰਵਿਵਹਾਰ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ।