ਰੱਖਿਆ ਮੰਤਰੀ ਦੀ ਪਾਕਿਸਤਾਨ ਨੂੰ ਚਿਤਾਵਨੀ...ਹੁਣ ਪਾਕਿਸਤਾਨ ਦਾ ਇੱਕ-ਇੱਕ ਇੰਚ ‘ਬ੍ਰਹਮੋਸ’ ਦੀ ਪਹੁੰਚ ਵਿੱਚ !
ਜਿੱਤ ਸਾਡੀ ਆਦਤ ਬਣ ਗਈ ਹੈ, ਅਪਰੇਸ਼ਨ ਸਿੰਧੂਰ ਸਿਰਫ਼ ਇੱਕ ‘ਟ੍ਰੇਲਰ’: ਰਾਜਨਾਥ ਸਿੰਘ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੇ ਖੇਤਰ ਦਾ ਹਰ ਇੰਚ ਹੁਣ ਬ੍ਰਹਮੋਸ ਮਿਜ਼ਾਈਲ ਦੀ ਪਹੁੰਚ ਵਿੱਚ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਲਖਨਊ ਵਿੱਚ ਬਣੀਆਂ ਬ੍ਰਹਮੋਸ ਮਿਜ਼ਾਈਲਾਂ ਦੇ ਪਹਿਲੇ ਬੈਚ ਦਾ ਉਦਘਾਟਨ ਕੀਤਾ। ਇਸ ਮੌਕੇ ’ਤੇ ਰੱਖਿਆ ਮੰਤਰੀ ਨੇ ਕਿਹਾ, “ਜਿੱਤ ਸਾਡੀ ਆਦਤ ਬਣ ਗਈ ਹੈ। ਅਪਰੇਸ਼ਨ ਸਿੰਧੂਰ ਵਿੱਚ ਬ੍ਰਹਮੋਸ ਮਿਜ਼ਾਈਲਾਂ ਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਗਿਆ।”
ਬ੍ਰਹਮੋਸ ਮਿਜ਼ਾਈਲ ਦੇ ਉਦਘਾਟਨ ਸਮਾਰੋਹ ਵਿੱਚ, ਰੱਖਿਆ ਮੰਤਰੀ ਨੇ ਕਿਹਾ, “ਅਪਰੇਸ਼ਨ ਸਿੰਧੂਰ ਨੇ ਸਾਬਤ ਕਰ ਦਿੱਤਾ ਹੈ ਕਿ ਜਿੱਤ ਹੁਣ ਸਾਡੇ ਲਈ ਇੱਕ ਛੋਟੀ ਘਟਨਾ ਨਹੀਂ ਹੈ, ਸਗੋਂ ਇੱਕ ਆਦਤ ਬਣ ਗਈ ਹੈ। ਹੁਣ ਸਾਨੂੰ ਇਸ ਆਦਤ ਨੂੰ ਬਣਾਈ ਰੱਖਣ ਅਤੇ ਇਸਨੂੰ ਹੋਰ ਵੀ ਮਜ਼ਬੂਤ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ।”
ਉਨ੍ਹਾਂ ਕਿਹਾ ਕਿ ਹੁਣ ਸਾਰਿਆਂ ਨੂੰ ਭਰੋਸਾ ਹੈ ਕਿ ਉਨਾਂ ਦੇ ਵਿਰੋਧੀ ਬ੍ਰਹਮੋਸ ਮਿਜ਼ਾਈਲ ਤੋਂ ਨਹੀਂ ਬਚ ਸਕਣਗੇ। ਜਿੱਥੋਂ ਤੱਕ ਪਾਕਿਸਤਾਨ ਦੀ ਗੱਲ ਹੈ, ਹੁਣ ਇਸ ਦੇ ਇਲਾਕੇ ਦਾ ਹਰ ਇੰਚ ਬ੍ਰਹਮੋਸ ਮਿਜ਼ਾਈਲ ਦੀ ਪਹੁੰਚ ਵਿੱਚ ਹੈ।
ਰੱਖਿਆ ਮੰਤਰੀ ਨੇ ਕਿਹਾ, “ਅਪਰੇਸ਼ਨ ਸਿੰਧੂਰ ਵਿੱਚ ਜੋ ਹੋਇਆ ਉਹ ਸਿਰਫ਼ ਇੱਕ ‘ਟ੍ਰੇਲਰ’ ਸੀ। ਪਰ ਇਸ ਨੇ ਪਾਕਿਸਤਾਨ ਨੂੰ ਇਹ ਅਹਿਸਾਸ ਕਰਵਾਇਆ ਕਿ ਜੇਕਰ ਭਾਰਤ ਪਾਕਿਸਤਾਨ ਨੂੰ ਜਨਮ ਦੇ ਸਕਦਾ ਹੈ, ਤਾਂ ਜਦੋਂ ਸਮਾਂ ਆਵੇਗਾ, ਤਾਂ ਇਹ...”
ਸਿੰਘ ਨੇ ਆਪਣੇ ਭਾਸ਼ਣ ਵਿੱਚ ਉਪਰੋਕਤ ਲਾਈਨ ਪੂਰੀ ਨਹੀਂ ਕੀਤੀ, ਸਗੋਂ ਹਾਜ਼ਰੀਨ ਨੂੰ ਕਿਹਾ, “ਹੁਣ ਮੈਨੂੰ ਹੋਰ ਬੋਲਣ ਦੀ ਕੋਈ ਲੋੜ ਨਹੀਂ ਹੈ - ਤੁਸੀਂ ਖੁਦ ਸਿਆਣੇ ਹੋ।”
ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਅਤੇ ਦੁਨੀਆ ਦੀਆਂ ਉਮੀਦਾਂ ਭਾਰਤ ਲਈ ਇੱਕ ਵਧੀਆ ਮੌਕਾ ਹਨ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਵਾਸੀ ਮੰਨਦੇ ਹਨ ਕਿ ਸਾਡੇ ਕੋਲ ਬ੍ਰਹਮੋਸ ਮਿਜ਼ਾਈਲ ਵਰਗਾ ਹਥਿਆਰ ਹੈ ਤਾਂ ਇਹ ਉਨ੍ਹਾਂ ਨੂੰ ਆਪਣੀ ਸੁਰੱਖਿਆ ਵਿੱਚ ਵਿਸ਼ਵਾਸ ਦਿਵਾਉਂਦਾ ਹੈ।
ਉਨ੍ਹਾਂ ਕਿਹਾ, “ਬ੍ਰਹਮੋਸ ਮਿਜ਼ਾਈਲ ਇੱਕ ਪਾਸੇ ਇੱਕ ਰਵਾਇਤੀ ਚੀਜ਼ ਹੈ, ਅਤੇ ਦੂਜੇ ਪਾਸੇ ਇੱਕ ਆਧੁਨਿਕ ਸਿਸਟਮ ਹੈ। ਇਹ ਲੰਬੀ ਦੂਰੀ ਦੇ ਹਮਲੇ ਕਰਨ ਦੇ ਸਮਰੱਥ ਹੈ। ਇਹ ਤਿੰਨੋਂ ਸੇਵਾਵਾਂ - ਹਵਾਈ ਸੈਨਾ, ਜਲ ਸੈਨਾ ਅਤੇ ਫੌਜ ਦਾ ਵਿਸ਼ਵਾਸ ਹੈ। ਇਹ ਇੱਕ ਸਪੱਸ਼ਟ ਸੰਦੇਸ਼ ਹੈ ਕਿ ਭਾਰਤ ਕੋਲ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਸ਼ਕਤੀ ਹੈ।”
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅੱਜ ਦੇ ਸਮਾਗਮ ਵਿੱਚ ਸਿਰਫ਼ ਇੱਕ ਮਿਜ਼ਾਈਲ ਲਾਂਚ ਨਹੀਂ ਹੈ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸੁਨੇਹਾ ਭੇਜਣ ਦਾ ਇੱਕ ਮਾਣਮੱਤਾ ਮੌਕਾ ਹੈ ਕਿ ਭਾਰਤ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਸਕਦਾ ਹੈ।