ਭਾਰਤ-ਅਮਰੀਕਾ ਵਿਚਾਲੇ ਰੱਖਿਆ ਸਮਝੌਤਾ
ਰਾਜਨਾਥ ਸਿੰਘ ਤੇ ਅਮਰੀਕੀ ਹਮਰੁਤਬਾ ਹੈਗਸੇਥ ਨੇ ਸਮਝੌਤੇ ’ਤੇ ਕੁਆਲਾਲੰਪੁਰ ’ਚ ਕੀਤੇ ਦਸਤਖ਼ਤ
ਭਾਰਤ ਅਤੇ ਅਮਰੀਕਾ ਨੇ ਅੱਜ 10 ਸਾਲਾ ਰੱਖਿਆ ਸਮਝੌਤੇ ’ਤੇ ਦਸਤਖ਼ਤ ਕੀਤੇ, ਜਿਸ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਧਦੇ ਦੁਵੱਲੇ ਰਣਨੀਤਕ ਸਬੰਧਾਂ ਦਾ ‘ਸੰਕੇਤ’ ਦੱਸਿਆ ਹੈ। ਇਸ ਦੇ ਨਾਲ ਹੀ ਵਾਸ਼ਿੰਗਟਨ ਨੇ ਆਜ਼ਾਦ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਯਕੀਨੀ ਬਣਾਉਣ ਲਈ ਨਵੀਂ ਦਿੱਲੀ ਨਾਲ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ ਹੈ। ਉਧਰ, ਰਾਜਨਾਥ ਸਿੰਘ ਨੇ ਆਪਣੇ ਮੁੱਖ ਭਾਈਵਾਲਾਂ ਨਾਲ ਰੱਖਿਆ ਸਬੰਧ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਿੰਗਾਪੁਰ ਦੇ ਰੱਖਿਆ ਮੰਤਰੀ ਚਾਨ ਚੁਨ ਸਿੰਗ ਨਾਲ ਵੀ ਦੁਵੱਲੀ ਮੀਟਿੰਗ ਕੀਤੀ।
ਇਹ ਇਤਿਹਾਸਕ ‘ਅਮਰੀਕਾ-ਭਾਰਤ ਪ੍ਰਮੁੱਖ ਰੱਖਿਆ ਭਾਈਵਾਲੀ’ ਸਮਝੌਤਾ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਪੀਟਰ ਹੈਗਸੇਥ ਵਿਚਾਲੇ ਕੁਆਲਾਲੰਪੁਰ ਵਿੱਚ ਹੋਈ ਵਿਆਪਕ ਗੱਲਬਾਤ ਤੋਂ ਬਾਅਦ ਸਿਰੇ ਚੜ੍ਹਿਆ। ਇਹ ਮੀਟਿੰਗ ਰਣਨੀਤਕ ਸਬੰਧਾਂ ਨੂੰ ਹਰ ਪੱਖ ਤੋਂ ਮਜ਼ਬੂਤ ਕਰਨ ’ਤੇ ਕੇਂਦਰਿਤ ਸੀ। ਇਹ ਸਮਝੌਤਾ ਅਜਿਹੇ ਸਮੇਂ ਹੋਇਆ ਹੈ ਜਦੋਂ ਦੋਵੇਂ ਧਿਰਾਂ ਉਨ੍ਹਾਂ ਸਬੰਧਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਜੋ ਵਾਸ਼ਿੰਗਟਨ ਵੱਲੋਂ ਭਾਰਤੀ ਵਸਤਾਂ ’ਤੇ 50 ਫੀਸਦੀ ਟੈਰਿਫ ਲਗਾਉਣ ਕਾਰਨ ਪਿਛਲੇ ਦੋ ਦਹਾਕਿਆਂ ਵਿੱਚ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਏ ਸਨ।
ਸਮਝੌਤੇ ਦਾ ਉਦੇਸ਼ ਦੁਵੱਲੇ ਰੱਖਿਆ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਵਿਆਪਕ ਦ੍ਰਿਸ਼ਟੀਕੋਣ ਅਤੇ ਨੀਤੀਗਤ ਦਿਸ਼ਾ ਦੇਣਾ ਹੈ। ਜ਼ਿਕਰਯੋਗ ਹੈ ਕਿ 2015 ਵਿੱਚ ਸਹੀਬੰਦ ਕੀਤੇ ਗਏ ਇਸੇ ਤਰ੍ਹਾਂ ਦੇ ਇੱਕ ਸਮਝੌਤੇ ਦੀ ਮਿਆਦ ਜਲਦੀ ਹੀ ਖ਼ਤਮ ਹੋ ਰਹੀ ਹੈ। ਆਪਣੀ ਗੱਲਬਾਤ ਨੂੰ ‘ਸਫ਼ਲ’ ਕਰਾਰ ਦਿੰਦਿਆਂ ਰਾਜਨਾਥ ਸਿੰਘ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘‘ਇਹ ਰੱਖਿਆ ਢਾਂਚਾ ਭਾਰਤ-ਅਮਰੀਕਾ ਰੱਖਿਆ ਸਬੰਧਾਂ ਦੇ ਪੂਰੇ ਦਾਇਰੇ ਨੂੰ ਨੀਤੀਗਤ ਦਿਸ਼ਾ ਦੇਵੇਗਾ। ਇਹ ਸਾਡੀ ਵਧਦੀ ਰਣਨੀਤਕ ਸਾਂਝ ਦਾ ਸੰਕੇਤ ਹੈ ਅਤੇ ਭਾਈਵਾਲੀ ਦੇ ਨਵੇਂ ਦਹਾਕੇ ਦੀ ਸ਼ੁਰੂਆਤ ਕਰੇਗਾ। ਰੱਖਿਆ ਖੇਤਰ ਸਾਡੇ ਦੁਵੱਲੇ ਸਬੰਧਾਂ ਦਾ ਮੁੱਖ ਥੰਮ੍ਹ ਬਣਿਆ ਰਹੇਗਾ।’’
ਅਮਰੀਕੀ ਰੱਖਿਆ ਮੰਤਰੀ ਹੇਗਸੇਥ ਨੇ ਕਿਹਾ, ‘‘ਇਹ ਸਮਝੌਤਾ ਸਾਡੀ ਰੱਖਿਆ ਭਾਈਵਾਲੀ ਨੂੰ ਅੱਗੇ ਵਧਾਉਂਦਾ ਹੈ। ਸਾਡੇ ਰੱਖਿਆ ਸਬੰਧ ਪਹਿਲਾਂ ਕਦੇ ਵੀ ਇੰਨੇ ਮਜ਼ਬੂਤ ਨਹੀਂ ਸਨ।’’ ਦੋਵੇਂ ਰੱਖਿਆ ਮੰਤਰੀ ਇੱਥੇ ਆਸਿਆਨ ਮੈਂਬਰ ਦੇਸ਼ਾਂ ਅਤੇ ਉਨ੍ਹਾਂ ਦੇ ਕੁਝ ਭਾਈਵਾਲ ਦੇਸ਼ਾਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਏ ਹੋਏ ਹਨ।
ਭਾਰਤੀ ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਦੋਵਾਂ ਆਗੂਆਂ ਨੇ ਦੁਵੱਲੇ ਰੱਖਿਆ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਇਸ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। ਉਨ੍ਹਾਂ ਨੇ ਮੌਜੂਦਾ ਰੱਖਿਆ ਮੁੱਦਿਆਂ ਅਤੇ ਚੁਣੌਤੀਆਂ ਦੀ ਸਮੀਖਿਆ ਕੀਤੀ ਅਤੇ ਚੱਲ ਰਹੇ ਰੱਖਿਆ ਉਦਯੋਗ ਅਤੇ ਤਕਨਾਲੋਜੀ ਸਹਿਯੋਗ ’ਤੇ ਵਿਚਾਰ-ਵਟਾਂਦਰਾ ਕੀਤਾ।

