ਸੁਪਰੀਮ ਕੋਰਟ ਦੀ ਜਸਟਿਸ ਬੀ ਵੀ ਨਾਗਰਤਨਾ ਨੇ ਕਿਹਾ ਕਿ ਫ਼ੈਸਲੇ ਸਿਰਫ਼ ਇਸ ਲਈ ਖਾਰਜ ਨਹੀਂ ਕੀਤੇ ਜਾਣੇ ਚਾਹੀਦੇ ਕਿ ਉਨ੍ਹਾਂ ਨੂੰ ਲਿਖਣ ਵਾਲੇ ਜੱਜ ਬਦਲ ਗਏ ਹਨ ਜਾਂ ਅਹੁਦਾ ਛੱਡ ਚੁੱਕੇ ਹਨ। ਉਨ੍ਹਾਂ ਸਿਖ਼ਰਲੀ ਅਦਾਲਤ ਦੇ ਬਾਅਦ ਦੇ ਬੈਂਚਾਂ ਵੱਲੋਂ ਫ਼ੈਸਲੇ ਪਲਟਣ ਦੀਆਂ ਹਾਲ ਹੀ ਦੀਆਂ ਘਟਨਾਵਾਂ ’ਤੇ ਚਿੰਤਾ ਜ਼ਾਹਿਰ ਕੀਤੀ।
ਜਸਟਿਸ ਨਾਗਰਤਨਾ ਬੀਤੇ ਦਿਨ ਹਰਿਆਣਾ ਦੇ ਸੋਨੀਪਤ ’ਚ ਓ ਪੀ ਜਿੰਦਲ ਯੂਨੀਵਰਸਿਟੀ ’ਚ ਨਿਆਂਪਾਲਿਕਾ ਦੀ ਆਜ਼ਾਦੀ ਬਾਰੇ ਕੌਮਾਂਤਰੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨਿਆਂਇਕ ਆਜ਼ਾਦੀ ਦੀ ਵਿਕਸਿਤ ਸਮਝ ਇਹ ਆਸ ਕਰਦੀ ਹੈ ਕਿ ‘‘ਸਾਡਾ ਕਾਨੂੰਨੀ ਸਿਸਟਮ ਇਹ ਭਰੋਸਾ ਦੇਵੇ’’ ਕਿ ਕਿਸੇ ਜੱਜ ਵੱਲੋਂ ਦਿੱਤਾ ਗਿਆ ਫ਼ੈਸਲਾ ਸਮੇਂ ਦੀ ਕਸੌਟੀ ’ਤੇ ਕਾਇਮ ਰਹੇ ਕਿਉਂਕਿ ਉਹ ‘ਸਿਆਹੀ ਨਾਲ ਲਿਖਿਆ ਜਾਂਦਾ ਹੈ, ਰੇਤ ’ਤੇ ਨਹੀਂ’। ਉਨ੍ਹਾਂ ਕਿਹਾ, ‘‘ਕਾਨੂੰਨੀ ਬਿਰਾਦਰੀ ਤੇ ਪ੍ਰਸ਼ਾਸਨਿਕ ਢਾਂਚੇ ’ਚ ਸ਼ਾਮਲ ਸਾਰੀਆਂ ਧਿਰਾਂ ਦਾ ਫਰਜ਼ ਹੈ ਕਿ ਉਹ ਹਰ ਫ਼ੈਸਲੇ ਦਾ ਸਨਮਾਨ ਕਰਨ, ਸਿਰਫ਼ ਕਾਨੂੰਨੀ ਰਵਾਇਤਾਂ ਅਨੁਸਾਰ ਹੀ ਇਤਰਾਜ਼ ਉਠਾਉਣ ਅਤੇ ਸਿਰਫ਼ ਇਸ ਲਈ ਉਸ ਨੂੰ ਖਾਰਜ ਨਾ ਕਰਨ ਕਿ ਚਿਹਰੇ ਬਦਲ ਗਏ ਹਨ।’’ ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਮਈ ’ਚ ਪਾਸ ਆਪਣਾ ਉਹ ਹੁਕਮ ਇਸ ਮਹੀਨੇ ਦੀ ਸ਼ੁਰੂਆਤ ’ਚ ਵਾਪਸ ਲੈ ਲਿਆ ਸੀ, ਜਿਸ ’ਚ ਵਿਕਾਸ ਪ੍ਰਾਜਕੈਟਾਂ ਲਈ ਬਾਅਦ ’ਚ ਵਾਤਾਵਰਣ ਸਬੰਧੀ ਮਨਜ਼ੂਰੀ ’ਤੇ ਰੋਕ ਲਾਈ ਗਈ ਸੀ।

