ਨਵੇਂ ਦਲਾਈ ਲਾਮਾ ਬਾਰੇ ਫ਼ੈਸਲਾ ਤੈਅ ਸੰਸਥਾ ਹੀ ਕਰੇਗੀ: ਰਿਜਿਜੂ
ਨਵੀਂ ਦਿੱਲੀ, 3 ਜੁਲਾਈ
ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਵੀਰਵਾਰ ਨੂੰ ਕਿਹਾ ਕਿ ਨਵੇਂ ਦਲਾਈ ਲਾਮਾ ਬਾਰੇ ਫ਼ੈਸਲਾ ਸਿਰਫ਼ ਤੈਅ ਸੰਸਥਾ ਅਤੇ ਮੌਜੂਦਾ ਦਲਾਈ ਲਾਮਾ ਹੀ ਲੈਣਗੇ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ’ਚ ਕੋਈ ਹੋਰ ਸ਼ਾਮਲ ਨਹੀਂ ਹੋਵੇਗਾ। ਇਹ ਦਲਾਈ ਲਾਮਾ ਵੱਲੋਂ ਆਪਣੇ ਜਾਨਸ਼ੀਨ ਨੂੰ ਲੈ ਕੇ ਕੀਤੀ ਗਈ ਟਿੱਪਣੀ ’ਤੇ ਸਰਕਾਰ ਦੇ ਕਿਸੇ ਸੀਨੀਅਰ ਅਹੁਦੇਦਾਰ ਦਾ ਪਹਿਲਾ ਪ੍ਰਤੀਕਰਮ ਆਇਆ ਹੈ। ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਦਲਾਈ ਲਾਮਾ ਸੰਸਥਾ ਜਾਰੀ ਰਹੇਗੀ ਅਤੇ ਸਿਰਫ਼ ‘ਗਾਦੇਨ ਫੋਡਰੰਗ ਟਰੱਸਟ’ ਨੂੰ ਹੀ ਉਨ੍ਹਾਂ ਦੇ ਜਾਨਸ਼ੀਨ ਨੂੰ ਮਾਨਤਾ ਦੇਣ ਦਾ ਹੱਕ ਹੋਵੇਗਾ। ਰਿਜਿਜੂ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਲਾਈ ਲਾਮਾ ਬੋਧੀਆਂ ਲਈ ਬਹੁਤ ਅਹਿਮ ਅਤੇ ਫ਼ੈਸਲਾਕੁੰਨ ਸੰਸਥਾ ਹੈ। ਉਨ੍ਹਾਂ ਕਿਹਾ, ‘‘ਦਲਾਈ ਲਾਮਾ ਨੂੰ ਮੰਨਣ ਵਾਲੇ ਸਾਰੇ ਲੋਕਾਂ ਦੀ ਰਾਏ ਹੈ ਕਿ ਜਾਨਸ਼ੀਨ ਦਾ ਫ਼ੈਸਲਾ ਸਥਾਪਿਤ ਰਵਾਇਤ ਅਤੇ ਦਲਾਈ ਲਾਮਾ ਦੀ ਇੱਛਾ ਮੁਤਾਬਕ ਹੋਣਾ ਚਾਹੀਦਾ ਹੈ। ਉਨ੍ਹਾਂ ਦੇ ਅਤੇ ਮੌਜੂਦਾ ਰਵਾਇਤਾਂ ਤੋਂ ਇਲਾਵਾ ਕਿਸੇ ਹੋਰ ਨੂੰ ਇਹ ਤੈਅ ਕਰਨ ਦਾ ਕੋਈ ਹੱਕ ਨਹੀਂ ਹੈ।’’ ਰਿਜਿਜੂ ਦੀ ਇਹ ਟਿੱਪਣੀ ਚੀਨ ਵੱਲੋਂ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਦਲਾਈ ਲਾਮਾ ਦੀ ਜਾਨਸ਼ੀਨ ਯੋਜਨਾ ਨੂੰ ਖਾਰਜ ਕਰਨ ਅਤੇ ਇਸ ਗੱਲ ’ਤੇ ਜ਼ੋਰ ਦੇਣ ਮਗਰੋਂ ਆਈ ਹੈ ਕਿ ਭਵਿੱਖ ਦੇ ਉੱਤਰਾਧਿਕਾਰੀ ਨੂੰ ਉਸ ਦੀ ਮਨਜ਼ੂਰੀ ਮਿਲਣੀ ਚਾਹੀਦੀ ਹੈ। ਬੁੱਧ ਧਰਮ ਦੇ ਪੈਰੋਕਾਰ ਰਿਜਿਜੂ ਅਤੇ ਉਨ੍ਹਾਂ ਦੇ ਸਾਥੀ ਕੇਂਦਰੀ ਮੰਤਰੀ ਰਾਜੀਵ ਰੰਜਨ ਸਿੰਘ 6 ਜੁਲਾਈ ਨੂੰ ਧਰਮਸ਼ਾਲਾ ’ਚ ਦਲਾਈ ਲਾਮਾ ਦੇ 90ਵੇਂ ਜਨਮਦਿਨ ਦੇ ਮੌਕੇ ’ਤੇ ਹੋਣ ਵਾਲੇ ਸਮਾਗਮ ’ਚ ਭਾਰਤ ਸਰਕਾਰ ਦੀ ਨੁਮਾਇੰਦਗੀ ਕਰਨਗੇ। ਰਿਜਿਜੂ ਨੇ ਕਿਹਾ ਕਿ ਜਨਮਦਿਨ ਸਮਾਗਮ ਇਕ ਧਾਰਮਿਕ ਪ੍ਰੋਗਰਾਮ ਹੈ ਅਤੇ ਇਸ ਦਾ ਸਿਆਸਤ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। -ਪੀਟੀਆਈ