DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖੰਘ ਦੀ ਦਵਾਈ ਕਾਰਨ ਮੌਤਾਂ: ਸੁਪਰੀਮ ਕੋਰਟ ’ਚ ਸੁਣਵਾਈ ਅੱਜ

ਫਾਰਮਾ ਕੰਪਨੀ ਦਾ ਮਾਲਕ ਚੇਨੱਈ ਤੋਂ ਗ੍ਰਿਫ਼ਤਾਰ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਸੁਪਰੀਮ ਕੋਰਟ ਕਥਿਤ ਖੰਘ ਦੀ ‘ਜ਼ਹਿਰੀਲੀ’ ਦਵਾਈ ਪੀਣ ਕਾਰਨ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਬੱਚਿਆਂ ਦੀਆਂ ਮੌਤਾਂ ਦੇ ਮੱਦੇਨਜ਼ਰ ਦਵਾਈ ਸੁਰੱਖਿਆ ਪ੍ਰਣਾਲੀਆਂ ਵਿੱਚ ਜਾਂਚ ਅਤੇ ਨੇਮਾਂ ਵਿੱਚ ਸੁਧਾਰ ਦੀ ਮੰਗ ਕਰਦੀ ਜਨਹਿਤ ਪਟੀਸ਼ਨ ’ਤੇ ਭਲਕੇ ਸ਼ੁੱਕਰਵਾਰ ਨੂੰ ਸੁਣਵਾਈ ਕਰਨ ਲਈ ਸਹਿਮਤ ਹੋ ਗਈ ਹੈ।

ਚੀਫ ਜਸਟਿਸ ਬੀ ਆਰ ਗਵਈ, ਜਸਟਿਸ ਉੱਜਵਲ ਭੂਈਆਂ ਅਤੇ ਜਸਟਿਸ ਕੇ ਵਿਨੋਦ ਚੰਦਰਨ ਦੀ ਬੈਂਚ ਨੇ ਜਨਹਿੱਤ ਪਟੀਸ਼ਨ ਪਾਉਣ ਵਾਲੇ ਵਕੀਲ ਵਿਸ਼ਾਲ ਤਿਵਾੜੀ ਦੀ ਇਸ ਦਲੀਲ ’ਤੇ ਗੌਰ ਕੀਤਾ ਕਿ ਪਟੀਸ਼ਨ ’ਤੇ ਫੌਰੀ ਸੁਣਵਾਈ ਦੀ ਜ਼ਰੂਰਤ ਹੈ। ਬੈਂਚ ਪਟੀਸ਼ਨ ’ਤੇ 10 ਅਕਤੂਬਰ ਨੂੰ ਸੁਣਵਾਈ ਲਈ ਸਹਿਮਤੀ ਹੋ ਗਈ। ਪਟੀਸ਼ਨ ਵਿੱਚ ਇਨ੍ਹਾਂ ਘਟਨਾਵਾਂ ਦੀ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਅਤੇ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਹੇਠ ਕੌਮੀ ਨਿਆਂਇਕ ਕਮਿਸ਼ਨ ਜਾਂ ਮਾਹਿਰ ਕਮੇਟੀ ਦੇ ਗਠਨ ਦੀ ਮੰਗ ਕੀਤੀ ਗਈ ਹੈ।

Advertisement

ਪਟੀਸ਼ਨ ਵਿੱਚ ਇਹ ਵੀ ਮੰਗ ਕੀਤੀ ਗਈ ਹੈ ਕਿ ਵੱਖ-ਵੱਖ ਸੂਬਿਆਂ ਵਿੱਚ ਖੰਘ ਦੀ ਜ਼ਹਿਰੀਲੀ ਦਵਾਈ ਪੀਣ ਕਾਰਨ ਬੱਚਿਆਂ ਦੀਆਂ ਮੌਤਾਂ ਨਾਲ ਸਬੰਧਤ ਸਾਰੀਆਂ ਪੈਂਡਿੰਗ ਐੱਫ ਆਈ ਆਰਜ਼ ਅਤੇ ਜਾਂਚਾਂ ਨੂੰ ਸੀ ਬੀ ਆਈ ਨੂੰ ਤਬਦੀਲ ਕੀਤਾ ਜਾਵੇ।

Advertisement

ਉਧਰ, ਮੱਧ ਪ੍ਰਦੇਸ਼ ਵਿਚ ਖੰਘ ਦੀ ‘ਜ਼ਹਿਰੀਲੀ’ ਦਵਾਈ ਪੀਣ ਕਾਰਨ ਦੋ ਹੋਰ ਬੱਚਿਆਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 22 ਹੋ ਗਈ ਹੈ। ਮੱਧ ਪ੍ਰਦੇਸ਼ ਪੁਲੀਸ ਨੇ ਇਨ੍ਹਾਂ ਮੌਤਾਂ ਦੇ ਮਾਮਲੇ ਵਿੱਚ ਤਾਮਿਲਨਾਡੂ ਸਥਿਤ ਸ੍ਰੀਸਨ ਫਾਰਮਾ ਦੇ ਮਾਲਕ ਰੰਗਨਾਥਨ ਗੋਵਿੰਦਨ ਨੂੰ ਬੀਤੀ ਦੇਰ ਰਾਤ ਚੇਨੱਈ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਤੇ ਡਰੱਗ ਕੰਟਰੋਲ ਅਧਿਕਾਰੀਆਂ ਵੱਲੋਂ 5 ਅਕਤੂੁਬਰ ਤੋਂ ਗੋਵਿੰਦਨ ਦੀ ਪੈੜ ਨੱਪਣ ਲਈ ਉਸ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖੀ ਜਾ ਰਹੀ ਸੀ। ਉਸ ਨੂੰ ਅੱਜ ਤੜਕੇ ਲਗਪਗ ਡੇਢ ਵਜੇ ਹਿਰਾਸਤ ਵਿਚ ਲੈਣ ਮਗਰੋਂ ਕਾਂਚੀਪੁਰਮ ਸਥਿਤ ਕੰਪਨੀ ਦੀ ਫੈਕਟਰੀ ਵਿਚ ਲਿਜਾਇਆ ਗਿਆ, ਜਿੱਥੋਂ ਕਈ ਅਹਿਮ ਦਸਤਾਵੇਜ਼ ਕਬਜ਼ੇ ਵਿਚ ਲਏ ਗਏ। ਅਥਾਰਿਟੀਜ਼ ਵੱਲੋਂ ਹੁਣ ਉਸ ਨੂੰ ਮੱਧ ਪ੍ਰਦੇਸ਼ ਦੇ ਛਿੰਦਵਾੜਾ ਲਿਜਾਣ ਲਈ ਟਰਾਂਜ਼ਿਟ ਰਿਮਾਂਡ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਦੋਸ਼ ਲਾਇਆ ਕਿ ਤਾਮਿਲਨਾਡੂ ਸਰਕਾਰ ਉਨ੍ਹਾਂ ਦੇ ਸੂਬੇ ਵਿੱਚ ਖੰਘ ਦੀ ਦਵਾਈ ਨਾਲ 22 ਬੱਚਿਆਂ ਦੀ ਮੌਤ ਨਾਲ ਜੁੜੇ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਨਾ ਕਰ ਰਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਨਹੀਂ ਬਖ਼ਸ਼ੇਗੀ। ਇਸ ਦੌਰਾਨ ਤਾਮਿਲਨਾਡੂ ਸਰਕਾਰ ਨੇ ਇਸ ਮਾਮਲੇ ਵਿੱਚ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਦੋ ਸੀਨੀਅਰ ਡਰੱਗ ਇੰਸਪੈਕਟਰਾਂ ਨੂੰ ਮੁਅੱਤਲ ਕੀਤਾ ਹੈ। ਤਾਮਿਲਨਾਡੂ ਦੇ ਸਿਹਤ ਮੰਤਰੀ ਮਾ. ਸੁਬਰਮਣੀਅਨ ਨੇ ਦੱਸਿਆ ਕਿ ਉਸ ਫਾਰਮਾ ਕੰਪਨੀ ਨੂੰ ਪੱਕੇ ਤੌਰ ’ਤੇ ਬੰਦ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾਵੇਗੀ, ਜਿਸ ਦੀ ਦਵਾਈ ਪੀਣ ਕਾਰਨ ਕਥਿਤ ਤੌਰ ’ਤੇ ਕਈ ਬੱਚਿਆਂ ਦੀਆਂ ਮੌਤਾਂ ਹੋਈਆਂ। ਉਧਰ ਮਹਾਰਾਸ਼ਟਰ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ ਡੀ ਏ) ਨੇ ਹਸਪਤਾਲਾਂ ਅਤੇ ਡਿਸਟ੍ਰੀਬਿਊਟਰਾਂ ਵੱਲੋਂ ਭੰਡਾਰ ਕੀਤੇ ਗਏ ‘ਲਿਕੁਇਡ ਓਰਲ ਫਾਰਮੂਲੇਸ਼ਨ’ ਦੇ ਨਿਰੀਖਣ ਤੇ ਮੁੜ ਜਾਂਚ ਸਬੰਧੀ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਖੰਘ ਦੀਆਂ ਤਿੰਨ ਦਵਾਈਆਂ ਵਾਪਸ ਮੰਗਵਾਈਆਂ: ਸੀਡੀਐੱਸਸੀਓ

ਨਵੀਂ ਦਿੱਲੀ: ਕੇਂਦਰੀ ਡਰੱਗ ਰੈਗੂਲੇਟਰ ਸੀ ਡੀ ਐੱਸ ਸੀ ਓ ਨੇ ਅੱਜ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ (ਡਬਲਿਊ ਐੱਚ ਓ) ਨੂੰ ਸੂਚਿਤ ਕੀਤਾ ਗਿਆ ਹੈ ਕਿ ਖੰਘ ਦੀਆਂ ਤਿੰਨ ਦਵਾਈਆਂ ਕੋਲਡਰਿਫ, ਰੈਸਪੀਫਰੈੱਸ਼ ਟੀਆਰ ਅਤੇ ਰੀਲਾਈਫ ਨੂੰ ਵਾਪਸ ਮੰਗਵਾ ਲਿਆ ਗਿਆ ਹੈ ਅਤੇ ਕੰਪਨੀਆਂ ਨੂੰ ਇਨ੍ਹਾਂ ਦਾ ਉਤਪਾਦਨ ਬੰਦ ਕਰਨ ਦਾ ਵੀ ਹੁਕਮ ਦਿੱਤਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੀ ਡੀ ਐੱਸ ਸੀ ਓ ਨੇ ਖੰਘ ਦੀ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਖ਼ਿਲਾਫ਼ ਦੇਸ਼ ਪੱਧਰ ’ਤੇ ਜਾਂਚ-ਪੜਤਾਲ ਅਤੇ ਆਡਿਟ ਮੁਹਿੰਮ ਸ਼ੁਰੂ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਆਲਮੀ ਸਿਹਤ ਏਜੰਸੀ ਨੂੰ ਸੂਚਿਤ ਕੀਤਾ ਗਿਆ ਕਿ ਇਨ੍ਹਾਂ ਵਿੱਚੋਂ ਕੋਈ ਵੀ ਦਵਾਈ ਭਾਰਤ ਤੋਂ ਬਰਾਮਦ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਡਬਲਿਊ ਐੱਚ ਓ ਨੇ ਭਾਰਤੀ ਅਧਿਕਾਰੀਆਂ ਤੋਂ ਪੁੱਛਿਆ ਸੀ ਕਿ ਕੀ ਦੇਸ਼ ਵਿੱਚ ਬੱਚਿਆਂ ਦੀ ਮੌਤ ਨਾਲ ਜੁੜੀਆਂ ਖੰਘ ਦੀਆਂ ਦਵਾਈਆਂ ਦੀ ਹੋਰ ਦੇਸ਼ਾਂ ਨੂੰ ਬਰਾਮਦ ਕੀਤੀ ਗਈ ਸੀ। -ਪੀਟੀਆਈ

ਅਸਾਮ: ਦੋ ਕਰੋੜ ਦੀ ਖੰਘ ਦੀ ਦਵਾਈ ਸਣੇ ਦੋ ਕਾਬੂ

ਗੁਹਾਟੀ: ਅਸਾਮ ਪੁਲੀਸ ਨੇ ਕਚਾਰ ਜ਼ਿਲ੍ਹੇ ਵਿੱਚ ਅੱਜ 2.16 ਕਰੋੜ ਰੁਪਏ ਦੀ ਖੰਘ ਦੀ ਦਵਾਈ ਸਮੇਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਦੱਸਿਆ ਕਿ ਖੰਘ ਦੀ ਦਵਾਈ ਦੀਆਂ 21,600 ਸ਼ੀਸ਼ੀਆਂ ਜ਼ਬਤ ਕੀਤੀਆਂ ਗਈਆਂ ਹਨ। -ਪੀਟੀਆਈ

Advertisement
×