DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੁਲੀਸ ਹਿਰਾਸਤ ’ਚ ਮੌਤ: ਹਿਮਾਚਲ ਦੇ ਆਈਜੀ ਸਣੇ 8 ਨੂੰ ਉਮਰਕੈਦ

ਸੀਬੀਆਈ ਅਦਾਲਤ ਨੇ ਸੁਣਾਇਆ ਫ਼ੈਸਲਾ
  • fb
  • twitter
  • whatsapp
  • whatsapp
featured-img featured-img
ਆਈਜੀ ਜ਼ਹੂਰ ਹੈਦਰ ਜ਼ੈਦੀ
Advertisement

* ਇੱਕ-ਇੱਕ ਲੱਖ ਰੁਪਏ ਦਾ ਕੀਤਾ ਜੁਰਮਾਨਾ

ਆਤਿਸ਼ ਗੁਪਤਾ

Advertisement

ਚੰਡੀਗੜ੍ਹ, 27 ਜਨਵਰੀ

ਚੰਡੀਗੜ੍ਹ ਦੇ ਸੈਕਟਰ-43 ਵਿੱਚ ਸਥਿਤ ਸੀਬੀਆਈ ਅਦਾਲਤ ਨੇ ਅੱਜ 7 ਸਾਲ ਪੁਰਾਣੇ ਕੋਟਖਾਈ ਜਬਰ-ਜਨਾਹ ਤੇ ਹੱਤਿਆ ਸਬੰਧੀ ਕੇਸ ਦੇ ਮੁਲਜ਼ਮ ਦੀ ਪੁਲੀਸ ਹਿਰਾਸਤ ਵਿੱਚ ਮੌਤ ਹੋਣ ਦੇ ਮਾਮਲੇ ਵਿੱਚ ਹਿਮਾਚਲ ਪ੍ਰਦੇਸ਼ ਦੇ ਆਈਜੀ ਜ਼ਹੂਰ ਹੈਦਰ ਜ਼ੈਦੀ ਸਣੇ 8 ਜਣਿਆਂ ਨੂੰ ਉਮਰਕੈਦ ਦੀ ਸਜ਼ਾ ਅਤੇ ਇੱਕ-ਇੱਕ ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਸੀਬੀਆਈ ਦੇ ਵਿਸ਼ੇਸ਼ ਜੱਜ ਅਲਕਾ ਮਲਿਕ ਨੇ ਇਹ ਸਜ਼ਾ ਹਿਮਾਚਲ ਪ੍ਰਦੇਸ਼ ਦੇ ਆਈਜੀ ਜ਼ਹੂਰ ਹੈਦਰ ਜ਼ੈਦੀ, ਤਤਕਾਲੀ ਡੀਐੱਸਪੀ ਮਨੋਜ ਜੋਸ਼ੀ, ਐੱਸਆਈ ਰਾਜਿੰਦਰ ਸਿੰਘ, ਏਐੱਸਆਈ ਦੀਪ ਚੰਦ ਸ਼ਰਮਾ, ਹੈੱਡ ਕਾਂਸਟੇਬਲ ਮੋਹਨ ਲਾਲ, ਸੂਰਤ ਸਿੰਘ, ਰਫ਼ੀ ਮੁਹੰਮਦ ਅਤੇ ਕਾਂਸਟੇਬਲ ਰਣਿਤ ਸਤੇਟਾ ਨੂੰ ਸੁਣਾਈ ਹੈ। ਉਨ੍ਹਾਂ ਨੇ ਇਨ੍ਹਾਂ 8 ਜਣਿਆਂ ਨੂੰ 18 ਜਨਵਰੀ ਨੂੰ ਦੋਸ਼ੀ ਕਰਾਰ ਦਿੱਤਾ ਸੀ, ਜਦਕਿ ਐੱਸਪੀ ਡੀਡਬਲਿਊ ਨੇਗੀ ਨੂੰ ਬਰੀ ਕਰ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਕੋਟਖਾਈ ’ਚੋਂ 4 ਜੁਲਾਈ 2017 ਨੂੰ 16 ਸਾਲਾ ਲੜਕੀ ਲਾਪਤਾ ਹੋ ਗਈ ਸੀ। ਉਸ ਦੀ ਲਾਸ਼ ਦੋ ਦਿਨਾਂ ਬਾਅਦ ਜੰਗਲਾਂ ’ਚੋਂ ਮਿਲੀ ਸੀ। ਪੋਸਟਮਾਰਟਮ ਰਿਪੋਰਟ ਵਿੱਚ ਲੜਕੀ ਨਾਲ ਜਬਰ-ਜਨਾਹ ਅਤੇ ਕਤਲ ਦੀ ਪੁਸ਼ਟੀ ਹੋਈ ਸੀ। ਇਸ ਸਬੰਧੀ ਥਾਣਾ ਸ਼ਿਮਲਾ ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਉਸ ਸਮੇਂ ਦੀ ਸਰਕਾਰ ਨੇ ਉਕਤ ਮਾਮਲੇ ਦੀ ਜਾਂਚ ਲਈ ਆਈਜੀ ਜ਼ਹੂਰ ਹੈਦਰ ਜ਼ੈਦੀ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਵਿਸ਼ੇਸ਼ ਜਾਂਚ ਟੀਮ ਨੇ ਉਕਤ ਮਾਮਲੇ ਦੀ ਜਾਂਚ ਦੌਰਾਨ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰ ਕੀਤੇ ਮੁਲਜ਼ਮ ਸੂਰਜ ਦੀ ਪੁਲੀਸ ਹਿਰਾਸਤ ਦੌਰਾਨ 18 ਜੁਲਾਈ 2017 ਨੂੰ ਸ਼ਿਮਲਾ ਦੇ ਕੋਟਖਾਈ ਥਾਣੇ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਉਕਤ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਸੀ। ਸੀਬੀਆਈ ਨੇ ਉਕਤ ਮਾਮਲੇ ਸਬੰਧੀ ਕੇਸ ਦਰਜ ਕਰਕੇ ਸੂਰਜ ਦੀ ਮੌਤ ਦੇ ਮਾਮਲੇ ਵਿੱਚ ਆਈਜੀ ਜ਼ੈਦੀ ਤੇ ਹੋਰ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਬਾਅਦ ਸਾਲ 2019 ਵਿੱਚ ਸੁਪਰੀਮ ਕੋਰਟ ਨੇ ਪੁਲੀਸ ਹਿਰਾਸਤ ਵਿੱਚ ਇਕ ਮੁਲਜ਼ਮ ਦੀ ਮੌਤ ਨਾਲ ਸਬੰਧਤ ਮਾਮਲੇ ਨੂੂੰ ਚੰਡੀਗੜ੍ਹ ਦੀ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਗਿਆ। ਉਕਤ ਮਾਮਲੇ ਦੀ ਜਾਂਚ ਦੌਰਾਨ ਸੀਬੀਆਈ ਦੇ ਵਕੀਲ ਨੇ ਅਦਾਲਤ ਨੂੰ ਸੂਰਜ ਦੀ ਪੋਸਟਮਾਰਟਮ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਉਸ ਦੇ ਸਰੀਰ ’ਤੇ 20 ਸੱਟਾਂ ਦੇ ਨਿਸ਼ਾਨ ਸਨ, ਜੋ ਕਿ ਪੁਲੀਸ ਵੱਲੋਂ ਕੀਤੀ ਗਈ ਕੁੱਟਮਾਰ ਕਰਕੇ ਲੱਗੇ ਹਨ। ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦਿਆਂ 8 ਜਣਿਆਂ ਨੂੰ ਉਮਰਕੈਦ ਦੀ ਸਜ਼ਾ ਤੇ ਇੱਕ-ਇੱਕ ਲੱਖ ਰੁਪਏ ਜੁਰਮਾਨਾ ਕੀਤਾ ਹੈ।

Advertisement
×