ਕੱਫ਼ ਸਿਰਪ ਨਾਲ ਮੌਤ: ਸਰਕਾਰ ਨੇ ਖੰਘ ਦੀ ਦਵਾਈ ‘Coldrif’ ’ਤੇ ਪਾਬੰਦੀ ਲਗਾਈ
ਕੇਂਦਰੀ ਸਿਹਤ ਮੰਤਰਾਲੇ ਨੇ ਨਿਰਦੇਸ਼ ਦਿੱਤਾ ਹੈ ਕਿ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਖੰਘ ਅਤੇ ਜ਼ੁਕਾਮ ਦੀਆਂ ਦਵਾਈਆਂ ਨਾ ਦਿੱਤੀਆਂ ਜਾਣ
ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ 11 ਬੱਚਿਆਂ ਦੀ ਮੌਤ ਨਾਲ ਜੁੜੇ ਸ਼ੱਕ ਤੋਂ ਬਾਅਦ ਸਰਕਾਰ ਨੇ ਖੰਘ ਦੀ ਦਵਾਈ 'ਕੋਲਡਰਿਫ' (Coldrif) ਦੀ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਇਸ ਨੂੰ ਬਾਜ਼ਾਰ ਵਿੱਚੋਂ ਹਟਾਉਣ ਦਾ ਹੁਕਮ ਦਿੱਤਾ ਹੈ। ਇਹ ਹੁਕਮ ਤਾਮਿਲਨਾਡੂ ਸਰਕਾਰ ਨੇ ਦਿੱਤੇ ਹਨ।
ਫੂਡ ਸੇਫਟੀ ਐਂਡ ਡਰੱਗ ਐਡਮਨਿਸਟ੍ਰੇਸ਼ਨ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ-ਅਧਾਰਤ ਫਰਮ ਵੱਲੋਂ ਤਿਆਰ ਕੀਤੀ ਗਏ ਇਸ ਖੰਘ ਦੀ ਦਵਾਈ ਦੀ ਵਿਕਰੀ 'ਤੇ 1 ਅਕਤੂਬਰ ਤੋਂ ਪੂਰੇ ਸੂਬੇ ਵਿੱਚ ਰੋਕ ਲਗਾ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਕਾਂਚੀਪੁਰਮ ਜ਼ਿਲ੍ਹੇ ਦੇ ਸੁੰਗੁਵਰਚਥਰਮ ਸਥਿਤ ਫਾਰਮਾਸਿਊਟੀਕਲ ਕੰਪਨੀ ਦੀ ਉਤਪਾਦਨ ਯੂਨਿਟ ’ਤੇ ਨਿਰੀਖਣ ਕੀਤੇ ਗਏ ਅਤੇ ਨਮੂਨੇ ਇਕੱਠੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੰਪਨੀ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਪੁਡੂਚੇਰੀ ਨੂੰ ਦਵਾਈਆਂ ਦੀ ਸਪਲਾਈ ਕਰਦੀ ਹੈ।
ਉਨ੍ਹਾਂ ਨੇ ਪੀ ਟੀ ਆਈ ਨੂੰ ਦੱਸਿਆ ਕਿ ਨਮੂਨਿਆਂ ਨੂੰ ਸਰਕਾਰੀ ਲੈਬਾਰਟਰੀਆਂ ਵਿੱਚ 'ਡਾਈਥਾਈਲੀਨ ਗਲਾਈਕੋਲ' (Diethylene Glycol) ਨਾਮਕ ਰਸਾਇਣ ਦੀ ਮੌਜੂਦਗੀ ਦੀ ਜਾਂਚ ਲਈ ਭੇਜਿਆ ਜਾਵੇਗਾ।
ਕੇਂਦਰ ਸਰਕਾਰ ਵੱਲੋਂ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੱਫ਼ ਸਿਰਪ ਦੇਣ ਤੋਂ ਰੋਕ
ਬੱਚਿਆਂ ਦੀਆਂ ਮੌਤਾਂ ਦਾ ਨੋਟਿਸ ਲੈਂਦਿਆਂ ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਸਲਾਹ ਜਾਰੀ ਕਰਦਿਆਂ ਨਿਰਦੇਸ਼ ਦਿੱਤਾ ਹੈ ਕਿ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਖੰਘ ਅਤੇ ਜ਼ੁਕਾਮ ਦੀਆਂ ਦਵਾਈਆਂ ਨਾ ਦਿੱਤੀਆਂ ਜਾਣ।
ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਜ਼ ਵੱਲੋਂ ਜਾਰੀ ਇਹ ਸਲਾਹ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਕਥਿਤ ਤੌਰ ’ਤੇ ਦੂਸ਼ਿਤ(ਮਿਲਾਵਟੀ) ਖੰਘ ਦੀ ਦਵਾਈ ਨਾਲ ਬੱਚਿਆਂ ਦੀਆਂ ਮੌਤਾਂ ਬਾਰੇ ਖਬਰਾਂ ਦੌਰਾਨ ਆਈ ਹੈ।
ਫੂਡ ਸੇਫਟੀ ਅਧਿਕਾਰੀ ਨੇ ਕਿਹਾ, ‘‘ਵਿਭਾਗ ਨੂੰ ਸ਼ਰਬਤ ਦੀ ਵਿਕਰੀ ਨੂੰ ਰੋਕਣ ਅਤੇ 1 ਅਕਤੂਬਰ ਤੋਂ ਸਟਾਕ ਜ਼ਬਤ (freeze) ਕਰਨ ਲਈ ਕਿਹਾ ਗਿਆ ਹੈ।’’ਯੂਨਿਟ ਤੋਂ ਇਕੱਠੇ ਕੀਤੇ ਗਏ ਨਮੂਨਿਆਂ ਦੀ ਜਾਂਚ ਕੇਂਦਰ ਸਰਕਾਰ ਵੱਲੋਂ ਵੀ ਕੀਤੀ ਜਾਵੇਗੀ।
ਇੱਕ ਸਵਾਲ ਦੇ ਜਵਾਬ ਵਿੱਚ, ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਇਹ ਕਫ਼ ਸਿਰਪ ਪੁਡੂਚੇਰੀ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਨੂੰ ਸਪਲਾਈ ਕੀਤਾ ਗਿਆ ਹੈ।
ਡਰੱਗ ਵਿਭਾਗ ਦੇ ਅਨੁਸਾਰ ਕੰਪਨੀ ਨੂੰ ਲੈਬਾਰਟਰੀਆਂ ਤੋਂ ਰਿਪੋਰਟਾਂ ਆਉਣ ਤੱਕ ਯੂਨਿਟ ਵਿੱਚ ਸਿਰਪ ਦਾ ਉਤਪਾਦਨ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ।
ਉਧਰ ਸੀਨੀਅਰ ਕਾਂਗਰਸੀ ਆਗੂ ਕਮਲ ਨਾਥ ਨੇ 7 ਸਤੰਬਰ ਤੋਂ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿੱਚ ਗੁਰਦੇ ਦੀ ਬਿਮਾਰੀ ਤੋਂ ਪੀੜਤ ਬੱਚਿਆਂ ਦੀ ਮੌਤ ਲਈ ਕਫ਼ ਸਿਰਪ ਵਿੱਚ 'ਬ੍ਰੇਕ ਆਇਲ ਸੌਲਵੈਂਟ' ਮਿਲਾਉਣ ਨੂੰ ਜ਼ਿੰਮੇਵਾਰ ਠਹਿਰਾਇਆ।
ਇਸ ਮਾਮਲੇ ਵਿੱਚ ਮੱਧ ਪ੍ਰਦੇਸ਼ ਵਿੱਚ ਮੌਤਾਂ ਦੀ ਗਿਣਤੀ 9 ਤੱਕ ਪਹੁੰਚ ਗਈ ਹੈ, ਜਦੋਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਰਾਜਸਥਾਨ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਹੈ।
ਕਫ਼ ਸਿਰਪ ਵਿੱਚ ਕੀ ਸੀ ?
ਸ਼ੁਰੂਆਤੀ ਜਾਂਚਾਂ ਅਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਕਫ਼ ਸਿਰਪ ਵਿੱਚ ਹੇਠ ਜ਼ਹਿਰੀਲੇ ਤੱਤ ਦੀ ਮਿਲਾਵਟ ਹੋਣ ਦਾ ਸ਼ੱਕ ਹੈ। ਡਾਈਥਾਈਲੀਨ ਗਲਾਈਕੋਲ (Diethylene Glycol - DEG) ਇਹ ਇੱਕ ਉਦਯੋਗਿਕ ਘੋਲ (industrial solvent) ਹੈ, ਜਿਸ ਦੀ ਵਰਤੋਂ ਆਮ ਤੌਰ 'ਤੇ ਐਂਟੀਫ੍ਰੀਜ਼ ਜਾਂ ਬ੍ਰੇਕ ਆਇਲ ਵਰਗੇ ਉਤਪਾਦਾਂ ਵਿੱਚ ਕੀਤੀ ਜਾਂਦੀ ਹੈ।
DEG ਇੱਕ ਸਸਤਾ ਵਿਕਲਪ ਹੈ ਅਤੇ ਕਈ ਵਾਰ ਦਵਾਈਆਂ ਵਿੱਚ ਵਰਤੇ ਜਾਂਦੇ ਸੁਰੱਖਿਅਤ, ਮਿੱਠੇ ਘੋਲ ਜਿਵੇਂ ਕਿ ਗਲਿਸਰੀਨ (Glycerin) ਜਾਂ ਪ੍ਰੋਪਾਈਲੀਨ ਗਲਾਈਕੋਲ (Propylene Glycol) ਦੀ ਥਾਂ ’ਤੇ ਕਥਿਤ ਤੌਰ ’ਤੇ ਗੈਰ-ਕਾਨੂੰਨੀ ਢੰਗ ਨਾਲ ਵਰਤਿਆ ਜਾਂਦਾ ਹੈ। ਹਾਲਾਂਕਿ, ਜਾਂਚ ਅਜੇ ਜਾਰੀ ਹੈ। -ਵੈੱਬ ਡੈਸਕ ਇਨਪੁੱਟਸ
ਇਹ ਵੀ ਪੜ੍ਹੋ:
ਕੇਂਦਰ ਵੱਲੋਂ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੱਫ ਸਿਰਪ ਨਾ ਦੇਣ ਦੀ ਸਲਾਹ
ਗਾਜ਼ਾ ’ਤੇ ਕਬਜ਼ਾ ਛੱਡੇਗਾ ਹਮਾਸ; ਟਰੰਪ ਦੀ ਧਮਕੀ ਤੋਂ ਬਾਅਦ ਜੰਗਬੰਦੀ ਲਈ ਰਾਜ਼ੀ