ਕੱਫ਼ ਸਿਰਪ ਨਾਲ ਮੌਤ: Kaysons Pharma ਦੀਆਂ ਸਾਰੀਆਂ ਦਵਾਈਆਂ ’ਤੇ ਪਾਬੰਦੀ
Cough syrup deaths: ਕੱਫ਼ ਸਿਰਪ ਨਾਲ ਬੱਚਿਆਂ ਦੀ ਮੌਤ ਅਤੇ ਬਿਮਾਰ ਹੋਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਰਾਜਸਥਾਨ ਸਰਕਾਰ ਨੇ ਜੈਪੁਰ-ਅਧਾਰਤ ਕੇਸਨਜ਼ ਫਾਰਮਾ (Kaysons Pharma) ਵੱਲੋਂ ਤਿਆਰ ਕੀਤੀਆਂ ਸਾਰੀਆਂ 19 ਦਵਾਈਆਂ ਦੀ ਵੰਡ ’ਤੇ ਪਾਬੰਦੀ ਲਗਾ ਦਿੱਤੀ ਹੈ।...
ਰਾਜਸਥਾਨ ਮੈਡੀਕਲ ਅਤੇ ਸਿਹਤ ਵਿਭਾਗ ਨੇ ਅਗਲੇ ਹੁਕਮਾਂ ਤੱਕ ਕੇਸਨਜ਼ ਫਾਰਮਾ(Kaysons Pharma), ਜੈਪੁਰ ਵੱਲੋਂ ਸਪਲਾਈ ਕੀਤੀਆਂ ਗਈਆਂ ਸਾਰੀਆਂ 19 ਕਿਸਮਾਂ ਦੀਆਂ ਦਵਾਈਆਂ ਦੀ ਵੰਡ ’ਤੇ ਰੋਕ ਲਗਾ ਦਿੱਤੀ ਹੈ। ਇਹ ਕਾਰਵਾਈ ਮੁੱਖ ਮੰਤਰੀ ਮੁਫ਼ਤ ਦਵਾਈ ਯੋਜਨਾ ਦੇ ਤਹਿਤ ਵੰਡੇ ਗਏ ਕੱਫ਼ ਸਿਰਪ ਦੀ ਗੁਣਵੱਤਾ ਅਤੇ ਦਵਾਈਆਂ ਦੇ ਮਾਪਦੰਡਾਂ ਨੂੰ ਨਿਰਧਾਰਤ ਕਰਨ ਵਿੱਚ ਅਪਣਾਏ ਗਏ ਗੈਰ-ਜ਼ਿੰਮੇਵਾਰਾਨਾ ਪਹੁੰਚ ਦੇ ਸਬੰਧ ਵਿੱਚ ਕੀਤੀ ਗਈ।
ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਮੰਤਰੀ ਗਜੇਂਦਰ ਸਿੰਘ ਖਿੰਵਸਰ ਨੇ ਆਮ ਲੋਕਾਂ ਦੇ ਹਿੱਤ ਵਿੱਚ ਜਾਂਚ ਕਰਨ ਅਤੇ ਜ਼ਰੂਰੀ ਕਦਮ ਚੁੱਕਣ ਲਈ ਇੱਕ ਕਮੇਟੀ ਗਠਿਤ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਵਿਭਾਗ ਨੇ ਡੇਕਸਟ੍ਰੋਮੇਥੋਰਫਨ (Dextromethorphan)-ਅਧਾਰਤ ਦਵਾਈਆਂ ਦੇ ਸਾਰੇ ਬੈਚਾਂ ਦੀ ਵੰਡ ਬੰਦ ਕਰ ਦਿੱਤੀ। ਇਸ ਤੋਂ ਇਲਾਵਾ ਇਸ ਦਵਾਈ ਦੀ ਸਪਲਾਈ ਕਰਨ ਵਾਲੀਆਂ ਹੋਰ ਫਾਰਮਾਸਿਊਟੀਕਲ ਕੰਪਨੀਆਂ ਦੀਆਂ ਦਵਾਈਆਂ ’ਤੇ ਵੀ ਰੋਕ ਲਗਾਈ ਗਈ ਹੈ।
ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਕੱਫ਼ ਸਿਰਪ ਦੀ ਵਰਤੋਂ ਨਾਲ ਜੁੜੇ ਸ਼ੱਕੀ ਮਾਮਲਿਆਂ ਵਿੱਚ ਹੁਣ ਤੱਕ ਪਿਛਲੇ ਮਹੀਨੇ ਦੌਰਾਨ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿੱਚ ਨੌਂ ਬੱਚਿਆਂ ਅਤੇ ਰਾਜਸਥਾਨ ਦੇ ਜੈਪੁਰ ਵਿੱਚ ਤਿੰਨ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਸਹੀ ਕਾਰਨ ਨਿਰਧਾਰਤ ਕਰਨ ਲਈ ਜਾਂਚ ਜਾਰੀ ਹੈ।
2012 ਤੋਂ ਲੈ ਕੇ ਹੁਣ ਤੱਕ ਇਸ ਕੰਪਨੀ ਦੀਆਂ ਦਵਾਈਆਂ ਦੇ ਕੁੱਲ 10,119 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਹੁਣ ਤੱਕ 42 ਨਮੂਨੇ ਮਾਪਦੰਡਾਂ ਤੋਂ ਘੱਟ (substandard) ਪਾਏ ਗਏ ਹਨ। ਇਸ ਦੇ ਮੱਦੇਨਜ਼ਰ ਵਿਭਾਗ ਨੇ ਅਗਲੇ ਹੁਕਮਾਂ ਤੱਕ ਇਸ ਕੰਪਨੀ ਵੱਲੋਂ ਤਿਆਰ ਕੀਤੀਆਂ ਗਈਆਂ ਸਾਰੀਆਂ 19 ਕਿਸਮਾਂ ਦੀਆਂ ਦਵਾਈਆਂ ਦੀ ਸਪਲਾਈ ’ਤੇ ਰੋਕ ਲਗਾ ਦਿੱਤੀ ਹੈ।